ਕਿਸਾਨਾਂ ਅੰਦੋਲਨ ਦੇ ਮੱਦੇਨਜ਼ਰ ਹੁਣ ਹੋਰ ਲਟਕੇਗਾ ''ਕਾਰਕਸ ਯੂਟੀਲਾਈਜੇਸ਼ਨ ਪਲਾਂਟ'' ਚਾਲੂ ਕਰਨ ਦਾ ਵਿਵਾਦ

02/17/2024 12:21:33 PM

ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਮ੍ਰਿਤਕ ਜਾਨਵਰਾਂ ਦੇ ਨਿਬੇੜੇ ਲਈ ਲਗਾਏ ਗਏ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਨੂੰ ਚਾਲੂ ਕਰਨ ਦਾ ਵਿਵਾਦ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹੁਣ ਹੋਰ ਲਟਕੇਗਾ। ਇੱਥੇ ਜ਼ਿਕਰਯੋਗ ਹੋਵੇਗਾ ਕਿ ਨਗਰ ਨਿਗਮ ਵੱਲੋਂ ਮ੍ਰਿਤਕ ਜਾਨਵਰਾਂ ਦੇ ਨਿਬੇੜੇ ਲਈ ਪਿੰਡ ਨੂਰਪੁਰ 'ਚ ਲਗਾਏ ਗਏ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਦਾ ਨੇੜੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਪਹਿਲੇ ਹੀ ਦਿਨ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਾਰਨ ਬਣਾਉਣ ਦੇ 2 ਸਾਲ ਬਾਅਦ ਵੀ ਇਹ ਪਲਾਂਟ ਚਾਲੂ ਨਹੀਂ ਹੋ ਸਕਿਆ। ਭਾਵੇਂ ਨਗਰ ਨਿਗਮ ਅਤੇ ਪੁਲਸ ਪ੍ਰਸ਼ਾਸਨ ਦੇ ਅਫ਼ਸਰਾਂ ਵੱਲੋਂ ਕਾਫੀ ਮੁਸ਼ੱਕਤ ਤੋਂ ਬਾਅਦ 15 ਜਨਵਰੀ ਨੂੰ ਪਿੰਡ ਦੇ ਲੋਕਾਂ ਨੂੰ ਪਲਾਂਟ ਦੇ ਟ੍ਰਾਇਲ ਲਈ ਸਹਿਮਤ ਕਰ ਲਿਆ ਗਿਆ ਸੀ ਪਰ ਇਕ ਹਫ਼ਤੇ ਦੀ ਡੈੱਡਲਾਈਨ ਖ਼ਤਮ ਹੋਣ ਤੋਂ ਬਾਅਦ ਪਿੰਡ ਦੇ ਲੋਕਾਂ ਵੱਲੋਂ ਪਲਾਂਟ ਨੂੰ ਬੰਦ ਕਰਵਾਉਣ ਲਈ ਫਿਰ ਤੋਂ ਧਰਨਾ ਲਗਾ ਦਿੱਤਾ ਗਿਆ। ਇਨ੍ਹਾਂ ਲੋਕਾਂ ਦੇ ਸਮਰਥਨ ’ਚ ਪੁੱਜੇ ਸੰਸਦ ਮੈਂਬਰ ਬਿੱਟੂ ਵੱਲੋਂ 25 ਜਨਵਰੀ ਨੂੰ ਪਲਾਂਟ ਨੂੰ ਤਾਲਾ ਲਗਾ ਦਿੱਤਾ ਗਿਆ ਸੀ। ਜੋ ਤਾਲਾ ਖੁੱਲ੍ਹਵਾਉਣ ਲਈ ਭਾਵੇਂ ਨਗਰ ਨਿਗਮ ਵੱਲੋਂ ਪੁਲਸ ਦੀ ਮਦਦ ਮੰਗੀ ਗਈ ਪਰ ਕੋਈ ਕਾਰਵਾਈ ਨਹੀਂ ਹੋ ਸਕੀ। ਹੁਣ ਨਵੀਂ ਆਈ ਡੀ. ਸੀ. ਸਾਕਸ਼ੀ ਸਾਹਨੀ ਵੱਲੋਂ ਸਾਈਟ ਵਿਜ਼ਿਟ ਕਰਨ ਤੋਂ ਬਾਅਦ ਪਿੰਡ ਦੇ ਲੋਕਾਂ ਨਾਲ ਮੀਟਿੰਗ ਕਰਨ ਦੀ ਗੱਲ ਕਹੀ ਗਈ ਸੀ। ਇਸ ਦੌਰਾਨ ਕਿਸਾਨ ਅੰਦੋਲਨ ਫਿਰ ਤੋਂ ਸ਼ੁਰੂ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਨਗਰ ਨਿਗਮ ਅਤੇ ਪੁਲਸ-ਪ੍ਰਸ਼ਾਸਨ ਦੇ ਅਫ਼ਸਰ ਫਿਲਹਾਲ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਦੇ ਮੁੱਦੇ ’ਤੇ ਕੋਈ ਰਿਸਕ ਲੈਣ ਤੋਂ ਪਰਹੇਜ਼ ਹੀ ਕਰ ਰਹੇ ਹਨ।
ਐੱਨ. ਜੀ. ਟੀ. ਦੇ ਨਿਰਦੇਸ਼ਾਂ ਨਾਲ ਜੁੜਿਆ ਹੈ ਮਾਮਲਾ
ਕਾਰਕਸ ਯੂਟੀਲਾਈਜੇਸ਼ਨ ਪਲਾਂਟ ਦਾ ਮਾਮਲਾ ਐੱਨ. ਜੀ. ਟੀ. ਦੇ ਨਿਰਦੇਸ਼ਾਂ ਨਾਲ ਜੁੜਿਆ ਹੋਇਆ ਹੈ, ਜਿਸ ਦੇ ਤਹਿਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਸਤਲੁਜ ਦਰਿਆ ’ਚ ਪ੍ਰਦੂਸ਼ਣ ਦੀ ਵਜ੍ਹਾ ਨਾਲ ਬਣ ਰਹੀ ਹੱਡਾਰੋੜੀ ਨੂੰ ਹਟਾਉਣ ਲਈ ਬੋਲਿਆ ਗਿਆ ਹੈ। ਇਸ ਫ਼ੈਸਲੇ ਨੂੰ ਲਾਗੂ ਕਰਨ ਲਈ ਨਗਰ ਨਿਗਮ ਵੱਲੋਂ ਸਮਾਰਟ ਸਿਟੀ ਮਿਸ਼ਨ ਦੇ ਫੰਡ ’ਚੋਂ ਪਲਾਂਟ ਦਾ ਨਿਰਮਾਣ ਕੀਤਾ ਗਿਆ ਹੈ ਪਰ ਬਣਨ ਦੇ 2 ਸਾਲ ਬਾਅਦ ਵੀ ਇਹ ਪਲਾਂਟ ਚਾਲੂ ਨਾ ਹੋਣ ਦਾ ਮੁੱਦਾ ਇਕ ਵਾਰ ਫਿਰ ਐੱਨ. ਜੀ. ਟੀ. ਵਿਚ ਪੁੱਜ ਗਿਆ ਹੈ, ਜਿੱਥੋਂ ਚੀਫ ਸੈਕਟਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਰਿਪੋਰਟ ਦਾਖ਼ਲ ਕਰਨ ਲਈ ਨਗਰ ਨਿਗਮ ਅਤੇ ਪੁਲਸ ਪ੍ਰਸ਼ਾਸਨ ਦੇ ਅਫ਼ਸਰਾਂ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਪਲਾਂਟ ਦਾ ਟ੍ਰਾਇਲ ਕਰਨ ਲਈ ਸਹਿਮਤ ਕੀਤਾ ਗਿਆ ਸੀ ਪਰ 22 ਜਨਵਰੀ ਨੂੰ ਕੇਸ ਦੀ ਸੁਣਵਾਈ ਪੈਂਡਿੰਗ ਹੋਣ ਤੋਂ ਬਾਅਦ ਹੁਣ 25 ਮਾਰਚ ਨੂੰ ਰਿਪੋਰਟ ਪੇਸ਼ ਕਰਨ ਨੂੰ ਲੈ ਕੇ ਮੱਥਾ-ਖਪਾਈ ਹੋ ਰਹੀ ਹੈ।
ਨਗਰ ਨਿਗਮ ਦੇ ਸਾਹਮਣੇ ਮ੍ਰਿਤਕ ਜਾਨਵਰਾਂ ਦੇ ਨਿਬੇੜੇ ਦੀ ਚੁਣੌਤੀ
ਕਾਰਕਸ ਯੂਟੀਲਾਈਜੇਸ਼ਨ ਪਲਾਂਟ ਚਾਲੂ ਨਾ ਹੋਣ ਦੀ ਵਜ੍ਹਾ ਨਾਲ ਨਗਰ ਨਿਗਮ ਦੇ ਸਾਹਮਣੇ ਮ੍ਰਿਤਕ ਜਾਨਵਰਾਂ ਦੇ ਨਿਬੇੜੇ ਦੀ ਚੁਣੌਤੀ ਆ ਗਈ ਹੈ ਕਿਉਂਕਿ ਐੱਨ. ਜੀ. ਟੀ. 'ਚ ਰਿਪੋਰਟ ਦਾਖ਼ਲ ਕਰਨ ਲਈ ਸਤਲੁਜ ਦਰਿਆ ’ਚ ਪ੍ਰਦੂਸ਼ਣ ਦੀ ਵਜ੍ਹਾ ਬਣ ਰਹੀ ਹੱਡਾ-ਰੋੜੀ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਤੋਂ ਮ੍ਰਿਤਕ ਜਾਨਵਰ ਤਾਜਪੁਰ ਰੋਡ ਅਤੇ ਹੈਬੋਵਾਲ ਡੇਅਰੀ ਕੰਪਲੈਕਸ ਵਿਚ ਜਮ੍ਹਾਂ ਹੋ ਰਹੇ ਹਨ, ਜਿਸ ਨਾਲ ਬਦਬੂ ਦੀ ਸਮੱਸਿਆ ਹੋਣ ਦੇ ਮੱਦੇਨਜ਼ਰ ਨਗਰ ਨਿਗਮ ਵਲੋਂ ਮ੍ਰਿਤਕ ਜਾਨਵਰਾਂ ਦੀ ਡਿਸਪੋਜ਼ਲ ਲਈ ਜ਼ਮੀਨ ’ਚ ਦਬਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਪਲਾਂਟ ਨੂੰ ਸ਼ਿਫਟ ਕਰਨ ਦੀ ਮੰਗ ’ਤੇ ਅੜੇ ਹੋਏ ਹਨ ਪਿੰਡ ਦੇ ਲੋਕ
ਭਲਾ ਹੀ ਨਗਰ ਨਿਗਮ ਕਮਿਸ਼ਨਰ ਵੱਲੋਂ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਲਗਾਉਣ ’ਤੇ ਨੇੜੇ ਕੋਈ ਬਦਬੂ ਨਾ ਆਉਣ ਦਾ ਦਾਅਵਾ ਕੀਤਾ ਗਿਆ ਹੈ ਪਰ ਪਿੰਡ ਦੇ ਲੋਕ ਪਲਾਂਟ ਨੂੰ ਸ਼ਿਫਟ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਇਸ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ਪਲਾਂਟ ਨੂੰ ਤਾਜਪੁਰ ਰੋਡ ਡੰਪ ’ਚ ਸ਼ਿਫਟ ਕਰਨ ਦੀ ਯੋਜਨਾ ਬਣਾਉਣ ਦੀ ਵੀ ਖ਼ਬਰ ਹੈ।
 

Babita

This news is Content Editor Babita