ਕਾਰ ਦੀ ਟੱਕਰ ਨਾਲ ਬੀ. ਐੱਸ. ਐੱਫ. ਦੀ ਮਿੰਨੀ ਬੱਸ ਪਲਟੀ, 13 ਖਿਡਾਰੀ ਜ਼ਖ਼ਮੀ

02/11/2019 12:43:19 AM

ਚੰਡੀਗਡ਼੍ਹ, (ਸੁਸ਼ੀਲ)-ਗੋ ਗ੍ਰੀਨ ਐੱਸ. ਬੀ. ਆਈ. ਮੈਰਾਥਨ ’ਚ ਸ਼ਾਮਲ ਹੋਣ ਜਾ ਰਹੀ ਬੀ. ਐੱਸ. ਐੱਫ. ਦੀ ਮਿੰਨੀ ਬੱਸ ਨੂੰ ਐਤਵਾਰ ਸਵੇਰੇ ਪ੍ਰੈੱਸ ਲਾਈਟ ਪੁਆਇੰਟ ’ਤੇ ਇਕ ਸਕੋਡਾ ਗੱਡੀ ਟੱਕਰ ਮਾਰ ਕੇ ਫਰਾਰ ਹੋ ਗਈ। ਹਾਦਸੇ ’ਚ ਮਿੰਨੀ ਬੱਸ ਪਲਟ ਗਈ ਅਤੇ ਅੰਦਰ ਬੈਠੇ ਬੀ. ਐੱਸ. ਐੱਫ. ਦੇ 13 ਖਿਡਾਰੀ ਜ਼ਖ਼ਮੀ ਹੋ ਗਏ। ਪੀ. ਸੀ. ਆਰ. ਗੱਡੀ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸੈਕਟਰ-16 ਜਨਰਲ ਹਸਪਤਾਲ ’ਚ ਦਾਖਲ ਕਰਵਾਇਆ। ਇਥੇ ਡਾਕਟਰਾਂ ਨੇ 12 ਖਿਡਾਰੀਆਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ, ਜਦੋਂ ਕਿ ਇਕ ਖਿਡਾਰੀ ਸਤ ਨਰਾਇਣ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਨੇ ਦੱਸਿਆ ਕਿ ਉਸਦੀ ਪਿੱਠ ’ਚ ਕਾਫ਼ੀ ਸੱਟ ਲੱਗੀ ਹੈ। ਸੈਕਟਰ-3 ਥਾਣਾ ਪੁਲਸ ਨੇ ਮਿੰਨੀ ਬੱਸ ਡਰਾਈਵਰ ਬੀ. ਐੱਸ. ਐੱਫ. ਨੌਜਵਾਨ ਮਰਡ਼ੂ ਦੇ ਬਿਆਨਾਂ ’ਤੇ ਸਕੋਡਾ ਗੱਡੀ ਨੰਬਰ ਸੀ. ਐੱਚ. 01 ਬੀ. ਐੱਸ. 1539 ਦੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ।

22 ਖਿਡਾਰੀ ਸਵਾਰ ਸਨ

ਬੀ. ਐੱਸ. ਐੱਫ. ਨੌਜਵਾਨ ਮਰਡ਼ੂ ਨੇ ਦੱਸਿਆ ਐਤਵਾਰ ਸਵੇਰੇ ਚੰਡੀਗਡ਼੍ਹ ਕਲੱਬ ’ਚ ਗੋ ਗ੍ਰੀਨ ਐੱਸ. ਬੀ. ਆਈ. ਮੈਰਾਥਨ ਦਾ ਆਯੋਜਨ ਹੋਣਾ ਸੀ। ਐਤਵਾਰ ਸਵੇਰੇ ਸਾਢੇ ਪੰਜ ਵਜੇ ਉਹ ਮਿਨੀ ਬੱਸ ’ਚ ਬੀ. ਐੱਸ. ਐੱਫ. ਦੀਅਾਂ 10 ਮਹਿਲਾ ਤੇ 12 ਪੁਰਸ਼ ਖਿਡਾਰੀਆਂ ਨੂੰ ਲੈ ਕੇ ਮੈਰਾਥਨ ’ਚ ਸ਼ਾਮਲ ਹੋਣ ਜਾ ਰਹੇ ਸਨ। ਜਦੋਂ ਬੱਸ ਪ੍ਰੈੱਸ ਲਾਈਟ ਪੁਆਇੰਟ ’ਤੇ ਪੁੱਜੀ ਤਾਂ ਤੇਜ਼ ਰਫਤਾਰ ਸਕੋਡਾ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਦਿਅਾਂ ਹੀ ਬੱਸ ਪਲਟ ਗਈ ਤੇ ਬੱਸ ’ਚ ਬੈਠੇ 13 ਖਿਡਾਰੀ ਜ਼ਖ਼ਮੀ ਹੋ ਗਏ। ਉਨ੍ਹਾਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।

Arun chopra

This news is Content Editor Arun chopra