ਪੰਜਾਬ ''ਚ ਉਦਯੋਗਿਕ ਵਿਕਾਸ ਨੂੰ ਰਫਤਾਰ ਦੇਣ ਲਈ ਕੈਪਟਨ ਤੇ ਸੋਮ ਪ੍ਰਕਾਸ਼ ਵਿਚਾਲੇ ਬੈਠਕ

07/17/2019 9:05:07 PM

ਜਲੰਧਰ,(ਧਵਨ) : ਪੰਜਾਬ 'ਚ ਉਦਯੋਗਿਕ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ਼ ਕਰਨ ਦੇ ਉਦੇਸ਼ ਨਾਲ ਅੱਜ ਦਿੱਲੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸੋਮ ਪ੍ਰਕਾਸ਼ ਨੇ ਆਪਸ ਵਿਚ ਬੈਠਕ ਕਰ ਕੇ ਇਸ ਮੁੱਦੇ 'ਤੇ ਚਰਚਾ ਕੀਤੀ। ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਸੋਮ ਪ੍ਰਕਾਸ਼ ਅੱਜ ਦਿੱਲੀ ਵਿਚ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਬੈਠਕ ਲਈ ਆਏ ਅਤੇ ਬੈਠਕ ਦੌਰਾਨ ਉਦਯੋਗਿਕ ਤਰੱਕੀ ਵੱਲ ਤੇਜ਼ੀ ਨਾਲ ਵਧ ਰਹੇ ਪੰਜਾਬ ਨੂੰ ਲੈ ਕੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਉਦਯੋਗਿਕ ਤਰੱਕੀ ਦੇ ਰਸਤੇ 'ਤੇ ਤੇਜ਼ੀ ਨਾਲ ਚਲਾਉਣ ਲਈ ਕੇਂਦਰ ਤੇ ਪੰਜਾਬ ਦੋਵਾਂ ਨੂੰ ਮਿਲ ਕੇ ਗੰਭੀਰਤਾ ਨਾਲ ਯਤਨ ਕਰਨੇ ਹੋਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਵਿਚ ਜਦੋਂ ਤੋਂ ਨਵੀਂ ਉਦਯੋਗਿਕ ਨੀਤੀ ਨੂੰ ਲਾਗੂ ਕੀਤਾ ਹੈ। ਉਦੋਂ ਤੋਂ ਕੌਮੀ ਤੇ ਅੰਤਰਰਾਸ਼ਟਰੀ ਕੰਪਨੀਆਂ ਨੇ ਪੰਜਾਬ ਵਿਚ ਪੂੰਜੀਨਿਵੇਸ਼ ਕਰਨ ਵਿਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਨੇ ਕਿਹਾ ਕਿ ਇਨਵੈਸਟ ਪੰਜਾਬ ਦੇ ਤਹਿਤ ਸੂਬੇ ਨੂੰ ਵੱਖ-ਵੱਖ ਕੰਪਨੀਆਂ ਤੋਂ ਭਾਰੀ ਪੂੰਜੀ ਨਿਵੇਸ਼ ਦੇ ਆਰਡਰ ਮਿਲ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਉਦਯੋਗ ਲਗਾਉਣ ਦੀ ਇਛੁਕ ਕੰਪਨੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਉਪਲੱਬਧ ਕਰਵਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਜੇਕਰ ਹੋਰ ਦੋਸਤਾਨਾ ਢੰਗ ਨਾਲ ਪੂੰਜੀ ਨਿਵੇਸ਼ ਦੇ ਰਸਤੇ 'ਤੇ ਚੱਲਣ ਤਾਂ ਪੰਜਾਬ ਆਉਣ ਵਾਲੇ ਸਮੇਂ ਵਿਚ ਉਦਯੋਗਿਕ ਖੇਤਰ ਵਿਚ ਇਕ ਸ਼ਕਤੀ ਬਣ ਕੇ ਉਭਰੇਗਾ। ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਟੀਚਾ 'ਸਬਕਾ ਸਾਥ ਸਬਕਾ ਵਿਕਾਸ ਔਰ ਸਬਕਾ ਵਿਸ਼ਵਾਸ ਹੈ।' ਸੋਮ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿਚ ਤੇਜ਼ੀ ਨਾਲ ਉਦਯੋਗਿਕ ਵਿਕਾਸ ਲਈ ਆਪਣਾ ਪੂਰਾ ਸਹਿਯੋਗ ਦੇਵੇਗੀ। ਕੇਂਦਰ ਸਰਕਾਰ ਪੰਜਾਬ ਨੂੰ ਉਦਯੋਗਿਕ ਤੌਰ 'ਤੇ ਖੁਸ਼ਹਾਲ ਦੇਖਣਾ ਚਾਹੁੰਦੀ ਹੈ।