ਕੈਪਟਨ ਵਲੋਂ ਪੰਜਾਬ ''ਚ ਨਵਾਂ ਵਾਇਰੋਲੋਜੀ ਸੈਂਟਰ ਸਥਾਪਤ ਕਰਨ ਦਾ ਪ੍ਰਸਤਾਵ ਪੇਸ਼

04/10/2020 9:09:11 PM

ਚੰਡੀਗੜ੍ਹ,(ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਸੂਬੇ 'ਚ 'ਐਡਵਾਂਸਡ ਸੈਂਟਰ ਫਾਰ ਵਾਇਰੋਲੋਜੀ' (ਵਿਸ਼ਾਣੂ-ਵਿਗਿਆਨ ਦਾ ਕੇਂਦਰ) ਦੀ ਸਥਾਪਨਾ ਲਈ 550 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਲਈ ਸੂਬਾ ਸਰਕਾਰ ਨੇ ਮੁਫਤ ਜ਼ਮੀਨ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਉਹ ਤਜਵੀਜ਼ਤ ਕੇਂਦਰ ਦੀ ਸਥਾਪਨਾ ਲਈ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਨਿਰਦੇਸ਼ ਦੇਣ। ਇਹ ਕੇਂਦਰ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਵਿਸ਼ਾਣੂ-ਵਿਗਿਆਨ, ਜਾਂਚ, ਖੋਜ ਅਤੇ ਇਲਾਜ ਦੇ ਅਧਿਐਨ 'ਚ ਖੇਤਰੀ, ਕੌਮੀ ਅਤੇ ਆਲਮੀ ਲੋੜਾਂ ਦੇ ਹੱਲ 'ਤੇ ਕੇਂਦਰਿਤ ਹੋਵੇਗਾ। 

ਮੁਲਕ ਨੂੰ ਦਰਪੇਸ਼ ਅਣਕਿਆਸੇ ਸੰਕਟ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਇਰਸ ਰੋਗ ਦੀ ਅਚਾਨਕ ਹੋਈ ਸ਼ੁਰੂਆਤ ਅਤੇ ਸਿਰਫ਼ ਦੋ ਮਹੀਨਿਆਂ 'ਚ ਇਸ ਵਲੋਂ ਮਹਾਮਾਰੀ ਦਾ ਰੂਪ ਧਾਰਨ ਕਰਨ ਨਾਲ ਇਸ ਨੇ ਵਿਸ਼ਾਣੂ ਵਿਗਿਆਨ ਦੇ ਖੇਤਰ 'ਚ ਡੂੰਘੀ ਖੋਜ ਲਈ ਸਰਕਾਰ ਦੇ ਵੇਧੇਰ ਵਸੀਲੇ ਜੁਟਾਉਣ ਦੀ ਲੋੜ ਵੱਲ ਧਿਆਨ ਖਿੱਚਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪੁਣੇ ਵਿਖੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐੱਨ. ਆਈ. ਵੀ.) ਹੀ ਮੁਲਕ 'ਚ ਇਕੋ-ਇਕ ਸੰਸਥਾ ਹੈ, ਜੋ ਅਜਿਹੀ ਸੰਕਟਕਾਲੀਨ ਸਥਿਤੀ 'ਚ ਚੰਗੇ ਤਾਲਮੇਲ ਵਾਲੀ ਮੈਡੀਕਲ ਅਤੇ ਜਨਤਕ ਸਿਹਤ ਪ੍ਰਤੀਕਿਰਿਆ ਪ੍ਰਦਾਨ ਕਰਨ ਦੇ ਸਮਰਥ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਹ ਵਿਸ਼ੇਸ਼ ਕੇਂਦਰ ਨਿਊ ਚੰਡੀਗੜ੍ਹ ਵਿਖੇ ਮੈਡੀਸਿਟੀ 'ਚ ਸਥਾਪਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ, ਜੋ ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਹਵਾਈ ਸੰਪਰਕ ਸੇਵਾ ਹੋਣ ਕਰ ਕੇ ਉੱਤਰ-ਪੱਛਮੀ ਖਿੱਤੇ ਦੇ ਹਿੱਤਾਂ ਦੀ ਪੂਰਤੀ ਕਰ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੇਂਦਰ ਨੂੰ ਸੌਖਿਆਂ ਹੀ ਪੀ. ਜੀ. ਆਈ. ਅਧੀਨ ਵਿਕਸਤ ਕੀਤਾ ਜਾ ਸਕਦਾ ਹੈ, ਜੋ ਪ੍ਰਸਤਾਵਿਤ ਮੈਡੀਸਿਟੀ ਤੋਂ ਮਹਿਜ਼ 7-8 ਕਿਲੋਮੀਟਰ ਦੂਰ ਸਥਿਤ ਹੈ।

Deepak Kumar

This news is Content Editor Deepak Kumar