ਪੰਨੂੰ ਤੂੰ ਪੰਜਾਬ ਆ ਕੇ ਤਾਂ ਦੇਖ, ਮੈਂ ਤੈਨੂੰ ਸਬਕ ਸਿਖਾਵਾਂਗਾ : ਕੈਪਟਨ

08/15/2020 12:15:59 AM

ਚੰਡੀਗੜ੍ਹ,(ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਸ ਨੂੰ ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪੈਲਕਸ ਵਿਚ 'ਖਾਲਿਸਤਾਨ' ਦਾ ਝੰਡਾ ਲਹਿਰਾਉਣ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਵੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਅਤੇ ਉਸ ਦੀ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਵਰਗੇ ਭਾਰਤ ਵਿਰੋਧੀ ਅਨਸਰਾਂ ਦੇ ਕੂੜ ਪ੍ਰਚਾਰ ਦੇ ਬਹਿਕਾਵੇ ਵਿਚ ਨਾ ਆਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਪੰਨੂੰ ਨੂੰ ਵੰਗਾਰਦਿਆਂ ਕਿਹਾ ਕਿ 'ਤੂੰ ਪੰਜਾਬ ਤਾਂ ਆ ਕੇ ਦੇਖ, ਮੈਂ ਤੈਨੂੰ ਸਬਕ ਸਿਖਾਵਾਂਗਾ।' ਉਨ੍ਹਾਂ ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਨਾਲ ਕਰੜੇ ਹੱਥੀਂ ਨਿਪਟਿਆ ਜਾਵੇਗਾ।

ਕੈਪਟਨ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਹੁਕਮ ਦਿੱਤੇ ਕਿ ਮੋਗਾ ਵਿਚ ਵਾਪਰੀ ਘਟਨਾ ਵਿਚ ਪਛਾਣੇ ਗਏ 2 ਸ਼ਰਾਰਤੀ ਅਨਸਰਾਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਕਿ ਇਨ੍ਹਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾ ਸਕੇ। ਪੁਲਸ ਨੇ ਦੋਵਾਂ ਲਈ 50,000 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਜਾਰੀ ਕੀਤੀ ਗਈ ਹੈ। ਅੱਜ 'ਕੈਪਟਨ ਨੂੰ ਸਵਾਲ' ਪ੍ਰੋਗਰਾਮ ਦੀ ਹਫ਼ਤਾਵਰੀ ਲੜੀ ਦੌਰਾਨ ਮੁੱਖ ਮੰਤਰੀ ਨੇ ਸਾਰੇ ਨੌਜਵਾਨਾਂ ਨੂੰ ਪੰਨੂੰ ਨੂੰ ਕੋਈ ਤਵੱਜੋ ਨਾ ਦੇਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਸਾਵਧਾਨ ਕਰਦਿਆਂ ਕਿਹਾ ਕਿ ਕੁਝ ਲੋਕ ਅਜਿਹੇ ਕੂੜ ਪ੍ਰਚਾਰ ਤੋਂ ਭਾਵੁਕ ਹੋ ਜਾਂਦੇ ਹਨ। ਪੰਨੂੰ ਵਲੋਂ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਕਾਲੇ ਝੰਡੇ ਲਹਿਰਾਉਣ ਦੇ ਸੱਦੇ 'ਤੇ ਪਲਟਵਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਪੰਜਾਬੀ ਖੁਸ਼ਹਾਲ ਲੋਕ ਹਨ ਅਤੇ ਕੈਨੇਡਾ ਜਾਂ ਅਮਰੀਕਾ ਵਿਚ ਬੈਠੇ ਕਿਸੇ ਅਨਸਰ ਦੇ ਕਹਿਣ 'ਤੇ ਅਜਿਹੀਆਂ ਹਰਕਤਾਂ ਨੂੰ ਅੰਜ਼ਾਮ ਦੇਣ ਵਿਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ।

ਪੰਨੂੰ ਨੂੰ ਵੰਗਾਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਕਿਉਂ ਕਰਣ, ਜੇਕਰ ਤੁਸੀਂ ਲੋਕ ਜੁਅਰਤ ਰੱਖਦੇ ਹੋ ਤਾਂ ਇੱਥੇ ਆ ਕੇ ਕਰਕੇ ਦਿਖਾਓ? ਉਨ੍ਹਾਂ ਕਿਹਾ ਕਿ ਜੇਕਰ ਐੱਸ. ਐੱਫ. ਜੇ. ਦਾ ਲੀਡਰ ਚਾਹੁੰਦਾ ਹੈ ਤਾਂ ਉਹ ਉਸ ਜਗ੍ਹਾ 'ਤੇ ਖਾਲਿਸਤਾਨ ਬਣਾ ਸਕਦਾ, ਜਿਥੇ ਉਹ ਲੁਕਿਆ ਹੋਇਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਪੰਨੂੰ ਦੀ ਤਾਂ ਸ਼ਕਲ ਵੀ ਪੰਜਾਬੀ ਵਰਗੀ ਨਹੀਂ ਲਗਦੀ ਅਤੇ ਉਹ ਪੈਸੇ ਬਟੋਰਨ ਲਈ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਿਹਾ ਹੈ। ਉਨ੍ਹਾਂ ਨੇ 3-ਪੰਜਾਬ ਦੇ ਮਾਨਸਾ ਤੋਂ ਪੰਜਾਬ ਦੇ ਬਹਾਦਰ ਸਪੂਤ ਗੁਰਤੇਜ ਨੂੰ ਚੇਤੇ ਕੀਤਾ ਜਿਸ 'ਤੇ ਘਾਤਕ ਹਮਲਾ ਹੋਇਆ ਪਰ ਉਹ ਮਹਾਨ ਕੁਰਬਾਨੀ ਦੇਣ ਤੋਂ ਪਹਿਲਾਂ 12 ਚੀਨੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਵਿਚ ਕੋਈ ਵੀ ਖਿੱਤਾ ਜਾਂ ਸੂਬਾ ਅਜਿਹਾ ਨਹੀਂ ਹੈ ਜਿਥੇ ਪੰਜਾਬੀਆਂ ਨੇ ਮਿਸਾਲਾਂ ਕਾਇਮ ਨਹੀਂ ਕੀਤੀਆਂ, ਚਾਹੇ ਉਹ ਉਦਯੋਗ, ਖੇਤੀਬਾੜੀ ਅਤੇ ਸੇਵਾਵਾਂ ਦੀ ਗੱਲ ਹੋਵੇ।
 

Deepak Kumar

This news is Content Editor Deepak Kumar