4 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਕੈਪਟਨ ਤੈਅ ਕਰਨਗੇ ਉਮੀਦਵਾਰ

09/07/2019 7:10:54 PM

ਜਲੰਧਰ,(ਧਵਨ): ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਉਮੀਦਵਾਰਾਂ ਬਾਰੇ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਹੋਵੇਗਾ ਜਿਸ ਨੂੰ ਦੇਖਦਿਆਂ ਟਿਕਟ ਲੈਣ ਦੇ ਚਾਹਵਾਨ ਉਮੀਦਵਾਰਾਂ ਨੇ ਮੁੱਖ ਮੰਤਰੀ ਦੇ ਆਲੇ-ਦੁਆਲੇ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਹਰਿਆਣਾ 'ਚ ਵਿਧਾਨ ਸਭਾ ਦੀਆਂ ਆਮ ਚੋਣਾਂ ਦੇ ਨਾਲ ਹੀ ਕੇਂਦਰੀ ਚੋਣ ਕਮਿਸ਼ਨ ਵਲੋਂ ਪੰਜਾਬ ਦੀਆਂ ਚਾਰੇ ਸੀਟਾਂ ਲਈ ਜ਼ਿਮਨੀ ਚੋਣਾਂ ਕਰਵਾਈਆਂ ਜਾਣਗੀਆਂ। ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਿਸੇ ਸਮੇਂ ਵੀ ਚੋਣ ਕਮਿਸ਼ਨ ਵਲੋਂ ਕੀਤਾ ਜਾ ਸਕਦਾ ਹੈ।

ਪੰਜਾਬ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿਚ ਫਗਵਾੜਾ, ਜਲਾਲਾਬਾਦ, ਦਾਖਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ਸ਼ਾਮਲ ਹਨ। ਫਗਵਾੜਾ ਸੀਟ ਸੋਮ ਪ੍ਰਕਾਸ਼ ਦੇ ਪਾਰਲੀਮੈਂਟ ਮੈਂਬਰ ਬਣਨ ਪਿੱਛੋਂ ਖਾਲੀ ਹੋਈ ਸੀ ਜਦੋਂ ਕਿ ਜਲਾਲਾਬਾਦ ਸੀਟ ਵੀ ਸੁਖਬੀਰ ਬਾਦਲ ਦੇ ਪਾਰਲੀਮੈਂਟ ਮੈਂਬਰ ਬਣਨ ਪਿੱਛੋਂ ਖਾਲੀ ਹੋਈ ਸੀ। ਦਾਖਾ ਵਿਧਾਨ ਸਭਾ ਸੀਟ ਦੇ ਆਮ ਆਦਮੀ ਪਾਰਟੀ ਦੇ ਐੱਮ. ਐੱਲ. ਏ. ਫੂਲਕਾ ਦਾ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਵਲੋਂ ਪ੍ਰਵਾਨ ਕੀਤੇ ਜਾਣ ਪਿੱਛੋਂ ਇਹ ਸੀਟ ਖਾਲੀ ਹੋ ਗਈ ਸੀ। ਮੁਕੇਰੀਆਂ ਸੀਟ ਕਾਂਗਰਸੀ ਵਿਧਾਇਕ ਬੱਬੀ ਦੇ ਅਚਾਨਕ ਦਿਹਾਂਤ ਕਾਰਨ ਖਾਲੀ ਹੋਈ ਸੀ। ਇਸ ਲਈ ਖਾਲੀ ਹੋਣ ਵਾਲੀਆਂ ਵਿਧਾਨ ਸਭਾ ਸੀਟਾਂ ਵਿਚ ਕੇਂਦਰੀ ਚੋਣ ਕਮਿਸ਼ਨ ਵਲੋਂ 6 ਮਹੀਨੇ ਦੇ ਅੰਦਰ-ਅੰਦਰ ਚੋਣਾਂ ਕਰਾਉਣੀਆਂ ਲਾਜ਼ਮੀ ਹੁੰਦੀਆਂ ਹਨ। ਪੰਜਾਬ ਵਿਚ ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਹੈ ਇਸ ਲਈ ਕਾਂਗਰਸ ਦੀ ਟਿਕਟ ਦੇ ਦਾਅਵੇਦਾਰਾਂ ਦੀ ਗਿਣਤੀ ਵੀ ਓਨੀ ਹੀ ਵੱਧ ਹੈ। ਕਾਂਗਰਸੀ ਉਮੀਦਵਾਰਾਂ ਨੂੰ ਸਫਲ ਬਣਾਉਣ ਦੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ 'ਤੇ ਹੋਵੇਗੀ ਇਸ ਲਈ ਕਾਂਗਰਸੀ ਉਮੀਦਵਾਰ ਹੀ ਉਨ੍ਹਾਂ ਦੀ ਸਹਿਮਤੀ ਨਾਲ ਤੈਅ ਹੋਣਗੇ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਜਿੱਥੇ ਵੀ ਜਾਂਦੇ ਹਨ ਉੁਥੇ ਹੀ ਟਿਕਟਾਂ ਦੇ ਦਾਅਵੇਦਾਰ ਉਨ੍ਹਾਂ ਨਾਲ ਮੁਲਾਕਾਤ ਕਰਨ ਅਤੇ ਆਪਣਾ ਦਾਅਵਾ ਪੇਸ਼ ਕਰਨ ਲਈ ਪਹੁੰਚ ਰਹੇ ਹਨ। ਹਰਿਆਣਾ 'ਚ ਵਿਧਾਨ ਸਭਾ ਚੋਣਾਂ ਅਕਤੂਬਰ ਦੇ ਅੰਤ ਤਕ ਹੋਣ ਦੇ ਆਸਾਰ ਹਨ। ਇਸ ਲਈ ਜ਼ਿਮਨੀ ਚੋਣਾਂ ਬਾਰੇ ਸਿਆਸੀ ਸਰਗਰਮੀਆਂ ਪੰਜਾਬ ਵਿਚ ਸ਼ੁਰੂ ਹੋ ਗਈਆਂ ਹਨ।