ਕੈਪਟਨ ਸਰਬੱਤ ਖਾਲਸਾ ਦੇ ਜਥੇਦਾਰ ਸਨਮੁੱਖ ਨਹੀਂ ਹੋਏ ਪੇਸ਼

09/20/2021 8:52:43 PM

ਅੰਮ੍ਰਿਤਸਰ (ਅਨਜਾਣ)–ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਸ਼ਾਂਤਮਈ ਧਰਨਾ ਦੇਣ ਵਾਲੇ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਰਬੱਤ ਖਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਮੋਰਚਾ ਲਗਾਇਆ ਗਿਆ ਸੀ। ਇਸ ਮੋਰਚੇ ਨੂੰ ਚੁਕਵਾਉਣ ਲਈ ਮੌਜੂਦਾ ਕਾਂਗਰਸ ਸਰਕਾਰ ਦੇ ਤਿੰਨ ਮੰਤਰੀ ਤੇ ਤਿੰਨ ਵਿਧਾਇਕਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦੇ ਅਨੁਸਾਰ ਕਿ ਬਹੁਤ ਜਲਦ ਦੋਸ਼ੀਆਂ ਨੂੰ ਸਰਕਾਰ ਵੱਲੋਂ ਸਜ਼ਾਵਾਂ ਦੇ ਦਿੱਤੀਆਂ ਜਾਣਗੀਆਂ ਪਰ ਕੋਈ ਇਨਸਾਫ਼ ਨਹੀਂ ਮਿਲਿਆ । ਇਸੇ ਮਸਲੇ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਜਥੇਦਾਰ ਮੰਡ ਵੱਲੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੁਲਬੀਰ ਸਿੰਘ ਜ਼ੀਰਾ, ਹਰਮਿੰਦਰ ਸਿੰਘ ਗਿੱਲ ਤੇ ਹੋਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਕੀਤਾ ਗਿਆ ਸੀ। ਜਿਨ੍ਹਾਂ ਪੇਸ਼ ਹੋ ਕੇ ਆਪਣਾ ਲਿਖਤੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਇਸ ਦੇ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਹਨ।

ਇਹ ਵੀ ਪੜ੍ਹੋ : CM ਬਣਨ ਮਗਰੋਂ ਸ੍ਰੀ ਚਮਕੌਰ ਸਾਹਿਬ ਪਹੁੰਚੇ ਚਰਨਜੀਤ ਚੰਨੀ, ਕਿਹਾ-ਗੁਰੂ ਸਾਹਿਬ ਦੀ ਬੇਅਦਬੀ ਦਾ ਹੋਵੇਗਾ ਇਨਸਾਫ਼

ਇਸ ਲਈ ਬੀਤੇ ਦਿਨੀਂ ਜਥੇਦਾਰ ਮੰਡ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ 20 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਹਾਜ਼ਰ ਨਹੀਂ ਹੋਏ। ਇਸ ਲਈ ਜਥੇਦਾਰ ਮੰਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੁਬਾਰਾ ਹਦਾਇਤ ਕਰਦਿਆਂ 4 ਅਕਤੂਬਰ ਨੂੰ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇ ਕੇ ਗੁਰੂ ਦੀਆਂ ਤੇ ਸੰਗਤ ਦੀਆਂ ਖੁਸ਼ੀਆਂ ਲੈਣ ਲਈ ਕਿਹਾ ਹੈ। ਪੱਤਰਕਾਰਾਂ ਦੇ ਕੁਝ ਸਵਾਲਾਂ ਦੇ ਜਵਾਬ ਦਿੰਦਿਆਂ ਜਥੇਦਾਰ ਮੰਡ ਨੇ ਕਿਹਾ ਕਿ ਜਿਸ ਨੇ ਗੁਰੂ ਨਾਲ ਮੱਥਾ ਲਾਇਆ, ਉਸ ਦਾ ਦਾ ਕੱਖ ਨਹੀਂ ਰਹਿਣਾ। ਜਦੋਂ ਪਿਛਲੀ ਇਲੈਕਸ਼ਨ ’ਚ ਸੁਖਬੀਰ ਬਾਦਲ ਵੋਟਾਂ ਬਟੋਰਨ ਲਈ ਤੁਰਿਆ ਫਿਰਦਾ ਸੀ ਤਾਂ ਮੈਂ ਸੰਗਤਾਂ ਨੂੰ ਇਹ ਕਿਹਾ ਸੀ ਕਿ ਇਸ ਨੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਦਿਵਾਉਣ ਦੀ ਬਜਾਏ ਦੋਸ਼ੀਆਂ ਨੂੰ ਬਚਾਇਆ ਹੈ, ਇਸ ਨੂੰ ਵੋਟਾਂ ਨਾ ਪਾਉਣਾ ਤੇ ਉਹ ਹਾਰ ਗਿਆ। ਉਨ੍ਹਾਂ ਕਿਹਾ ਕਿ ਗੁਰੂ ਦੋਖੀਆਂ ਲਈ ਸੰਗਤਾਂ ਦੇ ਦੁਖੀ ਹਿਰਦੇ ਦੀ ਇਹ ਆਵਾਜ਼ ਹੈ ਤੇ ਉਹ ਕਿਸੇ ਨਾ ਕਿਸੇ ਦੇ ਮੂੰਹੋਂ ਕਢਵਾਉਂਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੂੰ ਵੀ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣਾ ਗੁਨਾਹ ਕਬੂਲ ਲੈਣਾ ਚਾਹੀਦਾ ਹੇ।

ਮੁੱਖ ਮੰਤਰੀ ਭਾਵੇਂ ਕੋਈ ਵੀ ਆ ਜਾਵੇ, ਸਰਕਾਰ ਭਾਵੇਂ ਕੋਈ ਆ ਜਾਵੇ, ਉਸ ਦਾ ਫ਼ਰਜ਼ ਬਣਦਾ ਹੈ ਕਿ ਉਹ ਗੁਰੂ ਸਾਹਿਬ ਦੀ ਹੋਈ ਬੇਅਦਬੀ ਤੇ ਸ਼ਹੀਦ ਸਿੰਘਾਂ ਲਈ ਇਨਸਾਫ਼ ਦੇਵੇ। ਉਨ੍ਹਾਂ ਕਿਹਾ ਕਿ ਦੁਨਿਆਵੀ ਅਦਾਲਤਾਂ ਤੋਂ ਤਾਂ ਬੰਦਾ ਬਚ ਸਕਦਾ ਹੈ ਪਰ ਗੁਰੂ ਸਾਹਿਬ ਦੀ ਅਦਾਲਤ ਤੋਂ ਕੋਈ ਨਹੀਂ ਬਚ ਸਕਦਾ, ਇਸ ਘਰ ’ਚ ਤਾਂ ਜਵਾਬ ਦੇਣਾ ਹੀ ਪਊ।

Manoj

This news is Content Editor Manoj