ਹਾਰਨ ਤੋਂ ਬਾਅਦ ''ਸੰਦੀਪ ਸੰਧੂ'' ਨੇ ਦਿੱਤਾ ਪਹਿਲਾ ਬਿਆਨ, ਜਾਣੋ ਕੀ ਬੋਲੇ

10/25/2019 11:50:32 AM

ਲੁਧਿਆਣਾ (ਨਰਿੰਦਰ) : ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਸੰਦੀਪ ਸੰਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੰਦੀਪ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਲਈ ਉਹ ਨਾਕਾਮ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰਚਾਰ ਲਈ ਵੀ ਘੱਟ ਸਮਾਂ ਮਿਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਨਪ੍ਰੀਤ ਇਆਲੀ ਨੂੰ ਸਥਾਨਕ ਨੇਤਾ ਹੋਣ ਦਾ ਵੀ ਫਾਇਦਾ ਮਿਲਿਆ ਹੈ ਪਰ ਇਸ ਦੇ ਨਾਲ ਹੀ ਸੰਦੀਪ ਸੰਧੂ ਨੇ ਕਿਹਾ ਕਿ ਜੋ ਵੀ ਕਮੀਆਂ ਰਹਿ ਗਈਆਂ, ਉਨ੍ਹਾਂ ਨੂੰ ਜਲਦ ਹੀ ਦੂਰ ਕਰ ਲਿਆ ਜਾਵੇਗਾ। ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਉਹ ਲਗਾਤਾਰ ਹਲਕੇ 'ਚ ਡਟੇ ਰਹਿਣਗੇ ਅਤੇ ਵਿਕਾਸ ਦੇ ਕੰਮਾਂ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣਗੇ।

ਉਨ੍ਹਾਂ ਕਿਹਾ ਕਿ ਦਾਖਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਵੀ ਵੱਡੀ ਗਿਣਤੀ 'ਚ ਵੋਟਾਂ ਪਾਈਆਂ ਹਨ, ਇਸ ਲਈ ਉਹ ਦਾਖਾ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ। ਦੂਜੇ ਪਾਸੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਕੈਪਟਨ ਸੰਦੀਪ ਸੰਧੂ ਦੇ ਆਉਣ ਕਾਰਨ ਦਾਖਾ 'ਚ ਕਾਂਗਰਸ ਦਾ ਵੋਟ ਸ਼ੇਅਰ ਵਧਿਆ ਹੈ। ਉਨ੍ਹਾਂ ਕਿਹਾ ਕਿ ਦਾਖਾ ਹਲਕੇ 'ਚ ਕਾਂਗਰਸ ਦੀ ਨਜ਼ਰ ਰਹੇਗੀ ਅਤੇ ਗੁੰਡਾਗਰਦੀ ਅਤੇ ਨਸ਼ਿਆਂ ਨੂੰ ਇਸ ਹਲਕੇ 'ਚ ਕਿਸੇ ਵੀ ਸੂਰਤ 'ਚ ਭਾਰੀ ਨਹੀਂ ਹੋਣ ਦਿੱਤਾ ਜਾਵੇਗਾ।

Babita

This news is Content Editor Babita