ਕੈਪਟਨ ਨੇ ਰਿਲੀਜ਼ ਕੀਤੀ ਆਈ. ਪੀ. ਐੱਸ. ਅਧਿਕਾਰੀ ਤੂਰ ਦੀ ਨਸ਼ਿਆਂ ਬਾਰੇ ਕਿਤਾਬ

07/03/2018 6:53:42 AM

ਚੰਡੀਗੜ੍ਹ, (ਭੁੱਲਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਈ. ਪੀ. ਐੱਸ. ਅਫ਼ਸਰ ਗੁਰਪ੍ਰੀਤ ਸਿੰਘ ਤੂਰ ਵਲੋਂ ਲਿਖੀ 'ਅੱਲ੍ਹੜ ਉਮਰਾਂ ਤਲਖ਼ ਸੁਨੇਹੇ' ਨਾਂ ਦੀ ਪੰਜਾਬੀ ਕਿਤਾਬ ਰਿਲੀਜ਼ ਕੀਤੀ। ਇਹ ਕਿਤਾਬ ਉਨ੍ਹਾਂ ਦੇ ਨਸ਼ਿਆਂ ਵਿਚ ਫਸੇ ਲੋਕਾਂ ਨਾਲ ਤਜਰਬਿਆਂ 'ਤੇ ਆਧਾਰਿਤ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਕਿਤਾਬ ਤੂਰ ਦੇ ਪੁਲਸ ਵਿਭਾਗ ਵਿਚ ਵੱਖ-ਵੱਖ ਥਾਵਾਂ 'ਤੇ ਤਾਇਨਾਤੀਆਂ ਮੌਕੇ ਨਿੱਜੀ ਤਜਰਬਿਆਂ ਅਤੇ ਨਸ਼ਿਆਂ ਦੇ ਮਾਮਲੇ ਵਿਚ ਸ਼ਾਮਲ ਨੌਜਵਾਨਾਂ ਨਾਲ ਪਰਸਪਰ ਪ੍ਰਭਾਵ 'ਤੇ ਆਧਾਰਿਤ ਹੈ। ਇਸ ਵੇਲੇ ਲੁਧਿਆਣਾ ਵਿਖੇ ਏ. ਆਈ. ਜੀ. (ਕਾਊਂਟਰ ਇੰਟੈਲੀਜੈਂਸ) ਵਜੋਂ ਤਾਇਨਾਤ ਤੂਰ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਆਪਣੀ ਕਿਤਾਬ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਇਸ ਵਾਸਤੇ ਵੱਖ-ਵੱਖ ਥਾਵਾਂ, ਜੇਲਾਂ ਤੇ ਨਸ਼ਾ ਛੁਡਾਊ ਕੇਂਦਰਾਂ ਦਾ ਦੌਰਾ ਕੀਤਾ ਤੇ ਇਸ ਸਮੱਸਿਆ ਦੇ ਧੁਰ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਵਿਧਾਇਕ ਨਵਤੇਜ ਚੀਮਾ, ਪਰਮਿੰਦਰ ਸਿੰਘ ਪਿੰਕੀ, ਗੁਰਪ੍ਰੀਤ ਸਿੰਘ ਜੀ. ਪੀ., ਕੁਲਬੀਰ ਜ਼ੀਰਾ, ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ ਤੇ ਐਡਵੋਕੇਟ ਜਨਰਲ ਅਤੁਲ ਨੰਦਾ ਆਦਿ ਵੀ ਮੌਜੂਦ ਸਨ।