ਕੈਪਟਨ ਨੇ ਪਟਿਆਲਾ ''ਚ ਅਮੋਨੀਆ ਗੈਸ ਸਿਲੰਡਰ ''ਚ ਧਮਾਕੇ ਦੀ ਮੈਜਿਸਟਰੇਟ ਜਾਂਚ ਦੇ ਦਿੱਤੇ ਹੁਕਮ

02/20/2018 9:37:32 PM

ਜਲੰਧਰ (ਧਵਨ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਚ ਅਮੋਨੀਆ ਗੈਸ ਸਿਲੰਡਰ ਵਿਚ ਹੋਏ ਧਮਾਕੇ ਨੂੰ ਲੈ ਕੇ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ, ਜਿਸ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 11 ਵਿਅਕਤੀ ਜ਼ਖ਼ਮੀ ਹੋਏ ਸਨ। ਮੁੱਖ ਮੰਤਰੀ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੇਗੁਨਾਹ ਲੋਕਾਂ ਦੀ ਜਾਨ ਵਾਪਸ ਨਹੀਂ ਲਿਆਈ ਜਾ ਸਕਦੀ ਪਰ ਮੈਜਿਸਟਰੇਟ ਜਾਂਚ ਨਾਲ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਬੇਨਕਾਬ ਕਰਨ ਵਿਚ ਜ਼ਰੂਰ ਮਦਦ ਮਿਲੇਗੀ। ਸਰਕਾਰੀ ਬੁਲਾਰਿਆਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਾਹਤ ਕਾਰਜਾਂ 'ਤੇ ਨਿੱਜੀ ਤੌਰ 'ਤੇ ਨਜ਼ਰ ਰੱਖਣ ਤੇ ਘਨੌਰ-ਸ਼ੰਭੂ ਰੋਡ 'ਤੇ ਸਥਿਤ ਪਿੰਡ ਵਿਚ ਚੱਲ ਰਹੇ ਫੂਡ ਪ੍ਰੋਸੈਸਿੰਗ ਯੂਨਿਟ ਵਿਚ ਰਾਹਤ ਪ੍ਰਕਿਰਿਆ ਨੂੰ ਤੇਜ਼ ਕਰਨ। ਮੁੱਖ ਮੰਤਰੀ ਨੇ ਸਿਵਲ ਤੇ ਪੁਲਸ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਤੇ ਨਾਲ ਹੀ ਐੱਨ. ਡੀ. ਆਰ. ਐੱਫ. ਤੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਦੀ ਸਾਂਝੀ ਟੀਮ ਨੂੰ ਜਾਂਚ ਕਾਰਜ ਵਿਚ ਸਹਿਯੋਗ ਦੇਣ। ਇਨ੍ਹਾਂ ਟੀਮਾਂ ਵਲੋਂ ਵੀ ਰਾਹਤ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਧਮਾਕੇ ਵਿਚ ਮਾਰੇ ਗਏ ਹਰੇਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 1-1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ ਤੇ ਨਾਲ ਹੀ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਜ਼ਖ਼ਮੀਆਂ ਦਾ ਮੁਫਤ ਇਲਾਜ ਕਰਵਾਉਣ ਲਈ ਕਿਹਾ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ ਨਾਲ ਡਿਪਟੀ ਕਮਿਸ਼ਨਰ ਨੇ ਜ਼ਖ਼ਮੀ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪ੍ਰਭਾਵਿਤ ਪਰਿਵਾਰਾਂ ਨਾਲ ਪੂਰੀ ਹਮਦਰਦੀ ਰੱਖਦੇ ਹਨ ਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦੇ ਹਨ।