ਕੈਪਟਨ ਸਰਕਾਰ ਕੋਰੋਨਾ ’ਤੇ ਕਾਬੂ ਪਾਉਣ ਦੀ ਬਜਾਏ ਸਿਆਸੀ ਗੋਟੀਆਂ ਖੇਡਣ ’ਚ ਰੁੱਝੀ : ਢੀਂਡਸਾ

05/12/2021 10:03:08 PM

ਚੰਡੀਗੜ੍ਹ,(ਅਸ਼ਵਨੀ)- ਪੰਜਾਬ ਵਿਚ ਕੋਰੋਨਾ ਮਹਾਮਾਰੀ ਕਾਰਨ ਲਗਾਤਾਰ ਵਿਗੜ ਰਹੇ ਹਾਲਾਤ ਸੰਭਾਲਣ ਦੀ ਬਜਾਏ ਕੈਪਟਨ ਸਰਕਾਰ ਵਿਚ ਚੱਲ ਰਹੀ ਕੁਰਸੀ ਦੀ ਜੰਗ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਲਹਿਰਾਗਾਗਾ ਦੇ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਇਸ ਭਿਆਨਕ ਸਮੇਂ ਵਿਚ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਛਿੱਕੇ ਟੰਗ ਕੇ ਕੁਰਸੀ ਲਈ ਦਾਅ-ਪੇਚ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸੂਬੇ ਵਿਚ ਕੋਰੋਨਾ ਮਹਾਮਾਰੀ ਕਾਰਨ ਰੋਜ਼ਾਨਾ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ, ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ, ਵਜ਼ੀਰ ਅਤੇ ਕਾਂਗਰਸ ਦੇ ਵਿਧਾਇਕ ਹਾਲਾਤ ’ਤੇ ਕਾਬੂ ਪਾਉਣ ਅਤੇ ਇਸ ਸਬੰਧੀ ਕੋਈ ਵਿਉਂਤਬੰਦੀ ਬਣਾਉਣ ਦੀ ਬਜਾਏ ਕੁਰਸੀ ਲਈ ‘ਸਿਆਸੀ ਗੋਟੀਆਂ ਫਿੱਟ’ ਕਰਨ ਲਈ ਮੀਟਿੰਗਾਂ ਕਰ ਰਹੇ ਹਨ।

ਇਹ ਵੀ ਪੜ੍ਹੇ- ਪੰਜਾਬ ਦੇ ਮੰਤਰੀ ਤੇ ਵਿਧਾਇਕ ਕੁਰਸੀ ਦੀ ਲੜਾਈ ਛੱਡ ਸਿਹਤ ਸਹੂਲਤਾਂ ਵੱਲ ਦੇਣ ਧਿਆਨ : ਭਗਵੰਤ ਮਾਨ

ਸੂਬੇ ਵਿਚ ਬਣੇ ਮੌਜੂਦਾ ਖੌਫਨਾਕ ਹਾਲਾਤ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਲੋਕਾਂ ਨੂੰ ਵਿਲਕਦਿਆਂ ਛੱਡ ਕੇ, ਨਿਰਦਈ ਬਣ ਕੇ ਸਿਆਸੀ ਗਤੀਵਿਦੀਆਂ ਵਿਚ ਮਸਰੂਫ ਕਿਵੇਂ ਹੋ ਸਕਦੀ ਹੈ, ਇਸ ਦੀ ਮਿਸਾਲ ਮੌਜੂਦਾ ਕਾਂਗਰਸ ਸਰਕਾਰ ਨੇ ਪੈਦਾ ਕਰ ਦਿੱਤੀ ਹੈ। ਸਰਕਾਰ ਦੀ ਸੰਜੀਦਗੀ ਲੋਕਾਂ ਪ੍ਰਤੀ ਘੱਟ ਤੇ ਕੁਰਸੀ ਪ੍ਰਤੀ ਵੱਧ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੇ-  ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਕਾਰਣ 197 ਮਰੀਜ਼ਾਂ ਦੀ ਮੌਤ, ਇੰਨੇ ਪਾਜ਼ੇਟਿਵ
ਢੀਂਡਸਾ ਨੇ ਕਿਹਾ ਕਿ ਬੀਤੇ ਕੁੱਝ ਦਿਨਾਂ ਤੋਂ ਕਾਂਗਰਸ ਪਾਰਟੀ ਦੀ ਲੀਡਰਸਿਪ ਵਿਚ ਚੱਲ ਰਿਹਾ ਸਿਆਸੀ ਘਮਸਾਨ ਕਾਂਗਰਸ ਪਾਰਟੀ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ, ਗੋਲੀਕਾਂਡ ਅਤੇ ਮੌਜੂਦਾ ਫੇਲ ਹੋਏ ਸਿਹਤ ਸੇਵਾਵਾਂ ਦੇ ਢਾਂਚੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹੀ ਹੈ। ਸਰਕਾਰ ਦੇ ਮੰਤਰੀ ਅਤੇ ਕਾਂਗਰਸੀ ਆਗੂਆਂ ਵਲੋਂ ਰੋਜ਼ਾਨਾ ਮੀਟਿੰਗਾਂ ਕਰਕੇ ਕੋਰੋਨਾ ਨਿਯਮਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ ਅਤੇ ਸਿਆਸੀ ਦੁਕਾਨਦਾਰੀ ਚਲਾਈ ਜਾ ਰਹੀ ਹੈ ਪਰ ਦੂਜੇ ਪਾਸੇ ਆਮ ਜਨਤਾ ਲਈ ਨਿਯਮਾਂ ਦੀ ਪਾਲਣਾ ਕਰਨ ਦੇ ਸਖ਼ਤ ਹੁਕਮ ਜਾਰੀ ਕਰਕੇ ਉਨ੍ਹਾ ਦਾ ਕੰਮ ਧੰਦਾ ਠੱਪ ਕੀਤਾ ਜਾ ਰਿਹਾ ਹੈ।

Bharat Thapa

This news is Content Editor Bharat Thapa