ਮੰਤਰੀ ਆਸ਼ੂ ਨੇ ਲੁਧਿਆਣਾ ਤੋਂ ਕੀਤੀ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਕਣਕ ਵੰਡ ਪ੍ਰਣਾਲੀ ਦੀ ਸ਼ੁਰੂਆਤ

01/24/2020 5:37:40 PM

ਲੁਧਿਆਣਾ (ਖੁਰਾਣਾ) : ਕੈਪਟਨ ਸਰਕਾਰ ਵੱਲੋਂ ਆਟਾ-ਦਾਲ ਸਕੀਮ ਦੇ ਅਧੀਨ ਕਰੀਬ 35 ਲੱਖ ਸਮਾਰਟ ਰਾਸ਼ਨ ਕਾਰਡ ਪਰਿਵਾਰਾਂ ਨਾਲ ਸਬੰਧਤ 1.37 ਕਰੋੜ ਮੈਂਬਰਾਂ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਕਣਕ ਵੰਡ ਪ੍ਰਣਾਲੀ ਦੀ ਸ਼ੁਰੂਆਤ ਬੁੱਧਵਾਰ ਨੂੰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਲੁਧਿਆਣਾ ਦੇ ਬਾੜੇਵਾਲ ਇਲਾਕੇ ਤੋਂ ਕੀਤੀ ਗਈ। ਇਸ ਦੌਰਾਨ ਆਯੋਜਿਤ ਇਕ ਵਿਸ਼ੇਸ਼ ਸਮਾਗਮ 'ਚ ਵੱਡੀ ਗਿਣਤੀ 'ਚ ਪੁੱਜੇ ਕਾਰਡਧਾਰਕਾਂ ਨੂੰ ਕਣਕ ਦਾ ਲਾਭ ਦਿੱਤਾ ਗਿਆ। ਇਸ ਮੌਕੇ ਮੰਤਰੀ ਆਸ਼ੂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸਮਾਜ ਭਲਾਈ ਦੀ ਇਸ ਬਹੁਮੁੱਲੀ ਯੋਜਨਾ 'ਚ ਘੁਸਪੈਠ ਕਰੀ ਬੈਠੇ ਅਯੋਗ ਪਰਿਵਾਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ। ਨਾਲ ਹੀ 48 ਹਜ਼ਾਰ ਨਵੇਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਸਰਕਾਰ ਦੀ ਇਸ ਮਹੱਤਵਪੂਰਨ ਯੋਜਨਾ ਦਾ ਹਿੱਸਾ ਬਣਾਇਆ ਗਿਆ ਹੈ।
ਆਸ਼ੂ ਨੇ ਕਿਹਾ ਕਿ ਸਾਡੀ ਸਰਕਾਰ ਦਾ ਸਿਰਫ ਇਕ ਹੀ ਨਿਸ਼ਾਨਾ ਹੈ ਕਿ ਕਣਕ ਦਾ ਇਕ ਇਕ ਦਾਣਾ ਉਨ੍ਹਾਂ ਪਰਿਵਾਰਾਂ ਤੱਕ ਪਹੁੰਚਾਇਆ ਜਾਵੇ, ਜਿਨ੍ਹਾਂ ਨੂੰ ਸੱਚ 'ਚ ਅਨਾਜ ਦੀ ਲੋੜ ਹੈ, ਜਿਸ ਲਈ ਵਿਭਾਗ ਦੇ ਹਰ ਅਧਿਕਾਰੀ ਅਤੇ ਮੁਲਾਜ਼ਮ ਵੱਲੋਂ ਨੀਲੇ ਕਾਰਡਧਾਰਕਾਂ ਦੀ ਰੀ-ਵੈਰੀਫਿਕੇਸ਼ਨ ਦੌਰਾਨ ਦਿਨ ਰਾਤ ਮਿਹਨਤ ਕਰ ਕੇ ਸਾਰੇ ਰਿਕਾਰਡ ਨੂੰ ਆਨਲਾਈਨ ਪ੍ਰਣਾਲੀ ਨਾਲ ਜੋੜ ਕੇ ਵੱਡੀ ਸਫਲਤਾ ਦਰਜ ਕਰਵਾਈ ਹੈ। ਆਸ਼ੂ ਨੇ ਕਿਹਾ ਕਿ ਸਰਕਾਰ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਅਗਲੇ ਫੇਸ ਵਿਚ ਯੋਜਨਾ ਨਾਲ ਸਬੰਧਤ ਹਰ ਪਰਿਵਾਰ ਨੂੰ ਕਣਕ ਦੇ ਨਾਲ-ਨਾਲ ਖੰਡ ਅਤੇ ਘਿਓ ਆਦਿ ਵੀ ਮੁਹੱਈਆ ਕਰਵਾਇਆ ਜਾਵੇਗਾ।

ਮੁਖੀਆ ਬਣਾ ਕੇ ਯੋਜਨਾ 'ਚ ਔਰਤਾਂ ਨੂੰ ਦਿੱਤਾ ਸਨਮਾਨ
ਮੰਤਰੀ ਆਸ਼ੂ ਨੇ ਸੂਬੇ ਦੀਆਂ ਔਰਤਾਂ ਦੇ ਮਾਣ-ਸਨਮਾਨ ਅਤੇ ਹੱਕਾਂ ਨੂੰ ਹੋਰ ਜ਼ਿਆਦਾ ਮਜ਼ਬੂਤੀ ਦੇਣ ਦੇ ਮਕਸਦ ਨਾਲ ਸਮਾਰਟ ਰਾਸ਼ਨ ਕਾਰਡ ਯੋਜਨਾ ਵਿਚ ਹਰ ਘਰ ਦੀ ਬਜ਼ੁਰਗ ਔਰਤ ਨੂੰ ਮੁਖੀਆ ਹੋਣ ਦੇ ਦਰਜੇ ਨਾਲ ਨਿਵਾਜਿਆ ਹੈ। ਸਰਕਾਰ ਦੀ ਇਸ ਪਹਿਲ ਨੂੰ ਪੰਜਾਬ ਦੀ ਜਨਤਾ ਹਿਤ ਸ਼ਲਾਘਾਯੋਗ ਕਦਮ ਮੰਨ ਰਹੀ ਹੈ, ਜਿਸ ਨਾਲ ਨਾ ਸਿਰਫ ਯੋਜਨਾ ਨਾਲ ਜੁੜੀਆਂ ਮੁਖੀਆ ਔਰਤਾਂ ਦੀ ਆਪਣੇ ਪਰਿਵਾਰਕ ਮੈਂਬਰਾਂ ਵਿਚ ਚੰਗੀ ਖਾਸੀ ਪੈਂਠ ਬਣੇਗੀ।

ਬਾਇਓਮੀਟ੍ਰਿਕ ਪ੍ਰਣਾਲੀ ਨਾਲ ਯੋਜਨਾ 'ਚ ਆਈ ਵੱਡੀ ਪਾਰਦਰਸ਼ਤਾ
ਆਸ਼ੂ ਨੇ ਦੱਸਿਆ ਕਿ ਪੰਜਾਬ ਦੀ ਸੱਤਾ ਸੰਭਾਲਦੇ ਹੀ ਸਭ ਤੋਂ ਪਹਿਲਾਂ ਸਰਕਾਰ ਫਰਜ਼ੀਵਾੜੇ ਰਾਹੀਂ ਯੋਜਨਾ ਦਾ ਲਾਭ ਲੈ ਰਹੇ ਕਰੀਬ 4.20 ਲੱਖ ਅਯੋਗ ਪਰਿਵਾਰਾਂ ਦੇ ਕਾਰਡ ਰੱਦ ਕਰ ਕੇ ਨਵੇਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਯੋਜਨਾ ਦਾ ਹਿੱਸਾ ਬਣਾਉਣ ਦੀ ਮੁਹਿੰਮ ਛੇੜੀ, ਜਿਸ ਲਈ ਵਿਭਾਗੀ ਟੀਮਾਂ ਨੇ ਜਿੱਥੇ ਸਰਵੇ ਕਰ ਕੇ ਲੋੜਵੰਦ ਪਰਿਵਾਰਾਂ ਦੇ ਕਾਰਡ ਬਣਾਉਣ ਲਈ ਪ੍ਰਣਾਲੀ ਤੋਂ ਅਨਾਜ ਵੰਡ ਪ੍ਰਣਾਲੀ ਨੂੰ ਜ਼ੋਰ ਦੇ ਕੇ ਯੋਜਨਾ 'ਤੇ ਪੂਰੀ ਪਾਰਦਰਸ਼ਤਾ ਲਿਆਂਦੀ ਗਈ ਹੈ ਤਾਂ ਜੋ ਕੋਈ ਵੀ ਲੋੜਵੰਦ ਅਤੇ ਗਰੀਬ ਪਰਿਵਾਰ ਯੋਜਨਾ ਤੋਂ ਵਾਂਝੇ ਨਾ ਰਹਿਣ ਅਤੇ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਸਰ ਕਰਨ ਵਾਲੇ ਹਰ ਪਰਿਵਾਰਾਂ ਦੇ ਘਰਾਂ ਵਿਚ ਚੁੱਲੇ 'ਚ ਅੱਗ ਬਲ ਸਕੇ ਅਤੇ ਢਿੱਡ ਦੀ ਭੁੱਖ ਸ਼ਾਂਤ ਹੋ ਸਕੇ, ਜਿਸ ਦੇ ਲਈ ਹਮੇਸ਼ਾ ਯਤਨਸ਼ੀਲ ਹਨ ਅਤੇ ਰਹਿਣਗੇ।

ਇਸ ਮੌਕੇ ਵਿਭਾਗ ਦੇ ਕੰਟ੍ਰੋਲਰ ਸੁਖਵਿੰਦਰ ਸਿੰਘ ਗਿੱਲ ਅਤੇ ਮੈਡਮ ਗੀਤਾ ਬਿਸ਼ੰਭੂ ਦੀ ਟੀਮ ਦੀ ਮੰਤਰੀ ਆਸ਼ੂ ਨੇ ਜੰਮ ਕੇ ਸਲਾਘਾ ਕੀਤੀ। ਕੰਟ੍ਰੋਲਰ ਗਿੱਲ ਮੈਡਮ ਗੀਤਾ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਵਿਚ ਆਉਣ ਵਾਲੇ ਹਰ ਨਵੇਂ ਮੈਂਬਰ ਦਾ ਨਾਮ ਯੋਜਨਾ ਨਾਲ ਜੋੜਨ ਅਤੇ ਮ੍ਰਿਤਕ ਮੈਂਬਰਾਂ ਦਾ ਨਾਂ ਕਟਵਾਉਣ ਲਈ ਵਿਭਾਗੀ ਮੁਲਾਜ਼ਮਾਂ ਅਤੇ ਡਿਪੂ ਮਾਲਕਾਂ ਨਾਲ ਸੰਪਰਕ ਕਰਨ ਤਾਂ ਜੋ ਖਪਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕੁਝ ਖਪਤਕਾਰ ਯੋਜਨਾ ਦਾ ਲਾਭ ਲੈਂਦੇ ਸਮੇਂ 30 ਕਿਲੋ ਦੀ ਪੂਰੀ ਬੋਰੀ ਡਿਪੂ 'ਤੇ ਮੌਜੂਦ ਇਲੈਕਟ੍ਰੋਨਿਕ ਤੋਲ ਕੰਢੇ 'ਤੇ ਤੋਲ ਕੇ ਪੈਸਿਆਂ ਦੀ ਪਰਚੀ ਜ਼ਰੂਰ ਲੈਣ।

Anuradha

This news is Content Editor Anuradha