ਕੈਪਟਨ ਸਰਕਾਰ ਦੀ ਡਿਜੀਟਲ ਪੰਜਾਬ ਮਿਸ਼ਨ ਵੱਲ ਵੱਡੀ ਪੁਲਾਂਘ

02/13/2020 10:56:59 PM

ਚੰਡੀਗੜ੍ਹ,(ਅਸ਼ਵਨੀ)- ਪੰਜਾਬ ਨੂੰ ਸੰਪੂਰਨ ਡਿਜੀਟਲ ਸੂਬੇ 'ਚ ਤਬਦੀਲ ਕਰਨ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਦੂਰਦ੍ਰਿਸ਼ਟੀ ਦੀ ਲੀਹ 'ਤੇ ਪ੍ਰਸ਼ਾਸਕੀ ਸੁਧਾਰਾਂ ਬਾਰੇ ਵਿਭਾਗ ਨੇ ਸੂਬਾ ਪੱਧਰੀ ਸੂਚਨਾ ਤਕਨਾਲੋਜੀ (ਆਈ. ਟੀ.) ਕਾਡਰ ਦੀ ਸਿਰਜਣਾ ਕੀਤੀ ਹੈ, ਜਿਸ 'ਚ ਆਈ. ਟੀ. ਅਧਿਕਾਰੀਆਂ ਦੀਆਂ 354 ਅਸਾਮੀਆਂ ਹਨ ਅਤੇ ਇਸ ਕਾਡਰ ਵਲੋਂ ਕੌਮੀ ਈ-ਗਵਰਨੈਂਸ ਪ੍ਰੋਗਰਾਮ ਤਹਿਤ ਡਿਜੀਟਲ ਇੰਡੀਆ ਵਰਗੇ ਪ੍ਰੋਗਰਾਮ ਚਲਾਏ ਜਾਇਆ ਕਰਨਗੇ। ਇਹ ਦੱਸਣਯੋਗ ਹੈ ਕਿ ਇਹ ਸੁਨਿਹਰੀ ਮੌਕਾ ਹਾਸਲ ਕਰਨ ਲਈ ਇੱਛੁਕ ਤਕਨਾਲੋਜੀ ਮਾਹਿਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ, ਜੋ ਸੂਬੇ ਦੇ ਆਈ. ਟੀ. ਕਾਡਰ ਦਾ ਹਿੱਸਾ ਹੋਣਗੇ। ਇਨ੍ਹਾਂ ਅਸਾਮੀਆਂ 'ਚ ਸਿਸਟਮ ਮੈਨੇਜਰ (ਐੱਸ. ਐੱਮ.), ਸਹਾਇਕ ਮੈਨੇਜਰ (ਏ. ਐੱਮ.) ਅਤੇ ਤਕਨੀਕੀ ਸਹਾਇਕ (ਟੀ. ਏ.) ਦੀਆਂ ਅਸਾਮੀਆਂ ਸ਼ਾਮਲ ਹਨ, ਜਿਸ ਲਈ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮੀਦਵਾਰ https://ctestservices.com/47R ਦੇ ਲਿੰਕ 'ਤੇ ਜਾ ਕੇ ਇਨ੍ਹਾਂ ਅਸਾਮੀਆਂ ਲਈ ਯੋਗਤਾ ਦੇ ਮਾਪਦੰਡ ਦੇਖ ਸਕਦੇ ਹਨ ਅਤੇ ਮਿਤੀ 21 ਫਰਵਰੀ ਤੋਂ ਪਹਿਲਾਂ-ਪਹਿਲਾਂ ਅਪਲਾਈ ਕਰ ਸਕਦੇ ਹਨ।

ਪ੍ਰਸ਼ਾਸਕੀ ਸੁਧਾਰਾਂ ਬਾਰੇ ਵਿਭਾਗ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਇਹ ਉਪਰਾਲਾ ਪੰਜਾਬ ਨੂੰ ਸੰਪੂਰਨ ਡਿਜੀਟਲ ਸੂਬਾ ਬਣਾਉਣ ਦੇ ਨਾਲ-ਨਾਲ ਰਵਾਇਤੀ ਤੌਰ 'ਤੇ ਕਾਰੋਬਾਰ ਦੀ ਬਜਾਏ ਸੂਚਨਾ ਤੇ ਗਿਆਨ ਆਧਾਰਤ ਆਰਥਿਕਤਾ ਨੂੰ ਉਤਸ਼ਾਹਤ ਕਰਨ 'ਚ ਸਹਾਈ ਸਿੱਧ ਹੋਵੇਗਾ। ਵਿਨੀ ਮਹਾਜਨ ਨੇ ਕਿਹਾ ਕਿ ਆਈ. ਟੀ. ਕਾਡਰ ਦੀ ਮਨੁੱਖੀ ਸ਼ਕਤੀ ਸਾਰੇ ਸਰਕਾਰੀ ਵਿਭਾਗਾਂ 'ਚ ਮੌਜੂਦ ਹੋਵੇਗੀ ਅਤੇ ਉਹ ਇਨ੍ਹਾਂ ਵਿਭਾਗਾਂ ਨੂੰ ਸੂਬਾ ਸਰਕਾਰ ਵਲੋਂ ਵਿਕਸਿਤ ਕੀਤੇ ਜਾ ਰਹੇ ਸਾਂਝੇ ਪਲੇਟਫਾਰਮ 'ਤੇ ਇਕ-ਦੂਜੇ ਨਾਲ ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਵਾਸਤੇ ਸਹਾਇਤਾ ਦੇਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਾਡਰ ਵਲੋਂ ਐੱਮ. ਸੇਵਾ, ਡਿਜੀਲੌਕਰ ਸੇਵਾ ਕੇਂਦਰਾਂ, ਜੀ. ਈ. ਐੱਮ./ਈ-ਖਰੀਦ ਵਰਗੇ ਡਿਜੀਟਲ ਪਲੇਟਫਾਰਮਾਂ 'ਤੇ ਵੱਖ-ਵੱਖ ਵਿਭਾਗੀ ਸੇਵਾਵਾਂ ਦੇ ਏਕੀਕਰਨ 'ਚ ਵਿਭਾਗਾਂ ਦੀ ਸਹਾਇਤਾ ਕੀਤੀ ਜਾਵੇਗੀ। ਨਵੇਂ ਭਰਤੀ ਹੋਣ ਵਾਲੇ ਅਧਿਕਾਰੀ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਅਦਾਰਿਆਂ ਦੀ ਮੁੜ ਵਿਉਂਤਬੰਦੀ ਦੀ ਪ੍ਰਕਿਰਿਆ ਚਲਾਉਣ 'ਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਇਸ ਤੋਂ ਇਲਾਵਾ ਸਾਰੇ ਡਿਜੀਟਲ ਪ੍ਰੋਜੈਕਟਾਂ ਲਈ ਵੀ ਮਜ਼ਬੂਤ ਆਧਾਰ ਵਜੋਂ ਸੇਵਾਵਾਂ ਨਿਭਾਉਣਗੇ, ਜਿਸ ਨਾਲ ਸੂਬੇ ਦੇ ਡਿਜੀਟਲ ਢਾਂਚੇ ਲਈ ਠੋਸ ਨੀਂਹ ਰੱਖਣ 'ਚ ਮਦਦ ਮਿਲੇਗੀ।