ਕੈਪਟਨ ਨੇ ਕਿਸਾਨਾਂ ਨਾਲ ਧੋਖਾ ਕੀਤਾ : ਭਾਜਪਾ

01/16/2018 10:31:56 AM

ਚੰਡੀਗੜ੍ਹ (ਸ਼ਰਮਾ)-ਪੰਜਾਬ ਦੀ ਕੈਪਟਨ ਸਰਕਾਰ ਨੇ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਹੈ। ਪੰਜਾਬ ਭਾਜਪਾ ਦੇ ਉਪ-ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਪ੍ਰਦੇਸ਼ ਸਕੱਤਰ ਵਿਨੀਤ ਜੋਸ਼ੀ ਨੇ ਇਹ ਦੋਸ਼ ਲਾਇਆ ਹੈ। ਗਰੇਵਾਲ ਤੇ ਜੋਸ਼ੀ ਸੋਮਵਾਰ ਪ੍ਰਦੇਸ਼ ਪਾਰਟੀ ਦਫ਼ਤਰ 'ਚ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸਾਂਝੇ ਤੌਰ 'ਤੇ ਸੰਬੋਧਨ ਕਰਦਿਆਂ ਕੈਪਟਨ ਸਰਕਾਰ ਦੇ 10ਵੇਂ ਮਹੀਨੇ ਦੀ ਰਿਪੋਰਟ ਪੇਸ਼ ਕਰ ਰਹੇ ਸਨ। 
ਜੋਸ਼ੀ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਮਿਊਂਸੀਪਲ ਚੋਣਾਂ 'ਚ ਸਰਕਾਰੀ ਤੰਤਰ, ਖਾਸ ਕਰਕੇ ਪੰਜਾਬ ਪੁਲਸ ਦੀ ਦੁਰਵਰਤੋਂ ਕੀਤੀ ਤੇ ਵਿਸ਼ੇਸ਼ ਤੌਰ 'ਤੇ ਕੈਪਟਨ ਨੇ ਆਪਣੇ ਸ਼ਹਿਰ ਪਟਿਆਲਾ 'ਚ ਜਿੱਤ ਦਰਜ ਕਰਨ ਲਈ ਲੋਕਤੰਤਰ ਦੀ ਹੱਤਿਆ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਤੋਂ ਪਲਟ ਕੇ ਕਿਸਾਨਾਂ ਨਾਲ ਕੀਤੇ ਗਏ ਧੋਖੇ ਦੀ ਅਧਿਕਾਰਤ ਪੁਸ਼ਟੀ ਕੈਪਟਨ ਨੇ ਖੁਦ ਬੀਤੇ ਦਿਨੀਂ 7 ਜਨਵਰੀ ਨੂੰ ਮਾਨਸਾ 'ਚ ਆਯੋਜਿਤ ਸਮਾਰੋਹ 'ਚ ਕੀਤੀ, ਜਿਸ ਤੋਂ ਨਿਰਾਸ਼ ਹੋ ਕੇ ਅਗਲੇ ਹੀ ਦਿਨ 6 ਕਿਸਾਨਾਂ ਨੇ ਆਤਮ-ਹੱਤਿਆ ਕਰ ਲਈ। ਕੈਪਟਨ ਸਰਕਾਰ ਦੇ 10 ਮਹੀਨਿਆਂ 'ਚ ਹੁਣ ਤੱਕ 368 ਕਿਸਾਨ ਆਤਮ-ਹੱਤਿਆ ਕਰ ਚੁੱਕੇ ਹਨ। 
ਮਾਨਸਾ 'ਚ ਸਮਾਰੋਹ ਦੌਰਾਨ ਸਰਕਾਰ ਵਲੋਂ ਲਾਏ ਗਏ ਬੋਰਡ 'ਜੋ ਕਿਹਾ-ਉਹ ਕੀਤਾ' ਨੂੰ ਕੋਰਾ ਝੂਠ ਕਰਾਰ ਦਿੰਦਿਆਂ ਜੋਸ਼ੀ ਨੇ ਕਿਹਾ ਕਿ ਸੂਬੇ ਦਾ ਹਰ ਵਰਗ ਅੱਜ ਸਰਕਾਰ ਦੀ ਵਾਅਦਾ ਖਿਲਾਫ਼ੀ ਤੋਂ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਕਿਉਂਕਿ ਕਾਂਗਰਸ ਨੇ ਜਿਨ੍ਹਾਂ ਵਾਅਦਿਆਂ ਨੂੰ ਲੈ ਕੇ ਸੱਤਾ ਹਾਸਿਲ ਕੀਤੀ ਸੀ, ਉਨ੍ਹਾਂ 'ਚੋਂ ਇਕ ਵੀ ਪੂਰਾ ਨਹੀਂ ਹੋਇਆ।  
ਇਸ ਤੋਂ ਇਲਾਵਾ ਨੀਲਾ ਕਾਰਡਧਾਰਕਾਂ ਨੂੰ ਕਿਹਾ ਸੀ ਕਿ ਆਟਾ-ਦਾਲ ਸਕੀਮ ਨਾਲ ਖੰਡ ਤੇ ਚਾਹਪੱਤੀ ਵੀ ਮੁਹੱਈਆ ਕਰਵਾਈ ਜਾਵੇਗੀ, ਕਰਮਚਾਰੀਆਂ ਨੂੰ ਬਕਾਇਆ ਮਹਿੰਗਾਈ ਭੱਤੇ ਦੀ ਅਦਾਇਗੀ ਦੇ ਨਾਲ-ਨਾਲ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨਾ, ਐਡਹਾਕ ਤੇ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਦਿੱਤੀਆਂ ਸੇਵਾਵਾਂ ਰੈਗੂਲਰ ਕਰਨ ਆਦਿ ਵਰਗੇ ਚੋਣ ਵਾਅਦੇ ਕੀਤੇ ਗਏ ਸਨ, ਜਿਨ੍ਹਾਂ 'ਤੇ ਵਿਸ਼ਵਾਸ ਕਰ ਕੇ ਸੂਬੇ ਦੀ ਜਨਤਾ ਨੇ ਕਾਂਗਰਸ ਨੂੰ ਸੱਤਾ ਸੌਂਪੀ ਪਰ ਆਪਣੇ 10 ਮਹੀਨਿਆਂ ਦੇ ਕਾਰਜਕਾਲ 'ਚ ਕੈਪਟਨ ਸਰਕਾਰ ਇਕ ਵੀ ਵਾਅਦੇ 'ਤੇ ਖਰੀ ਨਹੀਂ ਉਤਰੀ, ਬਲਕਿ ਹਰ ਵਾਅਦੇ 'ਤੋਂ ਮੁੱਕਰਨਾ ਸ਼ੁਰੂ ਹੋ ਗਈ ਹੈ। 
ਗਰੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫ਼ੀ ਦੇ ਵਾਅਦੇ ਤੋਂ ਸਰਕਾਰ ਮੁੱਕਰ ਚੁੱਕੀ ਹੈ ਪਰ ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਰੋਕਣ ਅਤੇ ਇਸ ਵਰਗ ਦੀ ਸਾਰ ਲੈਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਵੀ ਹਰਿਆਣਾ ਸਰਕਾਰ ਦੀ ਤਰਜ਼ 'ਤੇ ਸਬਜ਼ੀਆਂ ਤੇ ਹੋਰ ਫਸਲਾਂ ਦਾ ਘੱਟ ਤੋਂ ਘੱਟ ਸਮਰਥਨ ਮੁੱਲ ਤੈਅ ਕਰਨਾ ਚਾਹੀਦਾ ਹੈ। 
ਭਾਜਪਾ ਅੱਜ ਹਰ ਜ਼ਿਲਾ ਮੁੱਖ ਦਫਤਰ 'ਤੇ ਦੇਵੇਗੀ ਧਰਨਾ
ਸਰਕਾਰ ਦੀ ਵਾਅਦਾ ਖਿਲਾਫ਼ੀ, ਖਾਸ ਕਰਕੇ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫ਼ੀ ਦੇ ਵਾਅਦੇ ਤੋਂ ਕੈਪਟਨ ਸਰਕਾਰ ਵਲੋਂ ਪਿੱਛੇ ਹਟਣ ਦੇ ਵਿਰੋਧ 'ਚ ਭਾਜਪਾ ਦੀ ਪੰਜਾਬ ਇਕਾਈ ਮੰਗਲਵਾਰ ਨੂੰ ਹਰ ਜ਼ਿਲਾ ਮੁੱਖ ਦਫ਼ਤਰ 'ਤੇ ਧਰਨਾ-ਪ੍ਰਦਰਸ਼ਨ ਕਰ ਕੇ ਜ਼ਿਲਾ ਡੀ. ਸੀਜ਼ ਜ਼ਰੀਏ ਸਰਕਾਰ ਨੂੰ ਮੰਗ-ਪੱਤਰ ਸੌਂਪੇਗੀ। ਪ੍ਰਦੇਸ਼ ਪਾਰਟੀ ਸਕੱਤਰ ਵਿਨੀਤ ਜੋਸ਼ੀ ਅਨੁਸਾਰ ਕਿਸੇ ਵੀ ਧਰਨਾ-ਪ੍ਰਦਰਸ਼ਨ ਵਿਚ ਸਹਿਯੋਗੀ ਪਾਰਟੀ ਅਕਾਲੀ ਦਲ ਤੋਂ ਸਹਿਯੋਗ ਨਹੀਂ ਲਿਆ ਜਾਵੇਗਾ, ਬਲਕਿ ਭਾਜਪਾ ਆਪਣੇ ਦਮ 'ਤੇ ਹੀ ਇਨ੍ਹਾਂ ਧਰਨਾ-ਪ੍ਰਦਰਸ਼ਨਾਂ ਦਾ ਆਯੋਜਨ ਕਰੇਗੀ।