ਕੈਪਟਨ ਅਤੇ ਸੁਖਬੀਰ ''ਚ ਸਿਆਸੀ ਤਕਰਾਰ ਵਧਣ ਦੇ ਅਸਾਰ!

09/17/2018 3:31:16 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਅੱਜ-ਕੱਲ ਬਰਗਾੜੀ ਕਾਂਡ ਤੇ ਬਹਿਬਲ ਕਲਾਂ ਗੋਲੀਕਾਂਡ ਕਾਰਨ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਮੁਕਤ ਹੋਣ ਲਈ ਲੋਕਾਂ ਵਿਚ ਜਾਣ ਅਤੇ ਸਿੱਖ ਕੌਮ ਵਿਚ ਆਪਣੀ ਪਕੜ ਰੱਖਣ ਲਈ ਪੋਲ ਖੋਲ੍ਹ ਰੈਲੀ ਜਾਂ ਜਬਰ ਵਿਰੋਧੀ ਰੈਲੀਆਂ ਕਰਨ ਵਿਚ ਸਫਲ ਹੋਏ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਨੂੰ ਖੂਬ ਰਗੜੇ ਲਾਏ ਅਤੇ ਵੱਡੀ ਦਹਾੜ ਮਾਰੀ ਹੈ। ਇਸੇ ਤਰ੍ਹਾਂ ਬਰਗਾੜੀ 'ਚ ਬੈਠੇ ਅਕਾਲੀ ਅਤੇ ਧਾਰਮਕ ਆਗੂਆਂ ਵਿਚੋਂ ਇਕ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ ਨੇ ਵੀ ਵੱਖ-ਵੱਖ ਤੱਥਾਂ 'ਤੇ ਆਧਾਰਤ ਭਾਸ਼ਣ ਦੇ ਕੇ ਬਾਦਲਕਿਆਂ ਨੂੰ ਚੌਰਾਹੇ 'ਚ ਘੇਰਿਆ ਤੇ ਸਿੱਖ ਕੌਮ ਨੂੰ ਵੰਗਾਰਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੱਸੇ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਖੜ੍ਹੀ ਹੈ ਜਾਂ ਸੌਦਾ ਸਾਧ ਨਾਲ ਭਾਵ ਬਾਦਲਕਿਆਂ ਨਾਲ।

ਦੋਵੇਂ ਰੈਲੀਆਂ ਵਿਚ ਜਿਸ ਤਰੀਕੇ ਦੇ ਤਾਬੜ-ਤੋੜ ਭਾਸ਼ਣ ਸੁਣਨ ਨੂੰ ਮਿਲੇ ਹਨ, ਉਸ ਤੋਂ ਲਗਦਾ ਹੈ ਕਿ ਪੰਜਾਬ 'ਚ ਸਿਆਸੀ ਤਕਰਾਰ ਘਟਣ ਦੀ ਬਜਾਏ ਵਧ ਸਕਦੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਾਦਲਾਂ ਖਿਲਾਫ ਬਰਗਾੜੀ ਅਤੇ ਬਹਿਬਲ ਕਲਾਂ ਜਾਂਚ ਲਈ ਡੂੰਘਾਈ ਨਾਲ ਜਾਂਚ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਕੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦਾ ਮਨ ਬਣਾ ਚੁੱਕੀ ਹੈ। ਸਿਆਸੀ ਪੰਡਤਾਂ ਨੇ ਕਿਹਾ ਕਿ ਜੇਕਰ ਬਰਗਾੜੀ ਕਾਂਡ 'ਤੇ ਬਾਦਲ, ਸੈਣੀ ਅਤੇ ਸਿਰਸਾ ਸਾਧ ਦੀ ਸ਼ਮੂਲੀਅਤ ਜਗ ਜ਼ਾਹਰ ਹੋ ਗਈ ਤਾਂ ਅਕਾਲੀ ਦਲ ਨੂੰ ਧਾਰਮਕ ਖੇਤਰ ਅਤੇ ਸਿਆਸੀ ਖੇਤਰ ਵਿਚ ਇਸ ਦਾ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਦੂਜੇ ਪਾਸੇ ਇਹ ਵੀ ਰੌਲਾ ਪੈ ਰਿਹਾ ਹੈ ਕਿ ਪੰਜਾਬ ਵਿਚ ਚਾਚਾ-ਭਤੀਜਾ ਇਕ ਹਨ। ਜੇਕਰ ਸੱਚਮੁੱਚ ਇਕ ਹਨ ਤਾਂ ਅਕਾਲੀ ਦਲ ਦੀ ਚੜ੍ਹਤ ਨੂੰ ਕੋਈ ਰੋਕ ਨਹੀਂ ਸਕੇਗਾ। ਜੇਕਰ ਇਹ ਗੱਲ ਲਿਫਾਫੇਬਾਜ਼ੀ ਹੋਈ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਮੰਤਰੀਆਂ ਅਤੇ ਪੰਜਾਬ ਦੇ ਲੋਕਾਂ ਵੱਲੋਂ ਬਰਗਾੜੀ ਕਾਂਡ ਦੀ ਜਾਂਚ ਦੀ ਸੱਚਾਈ ਜਗ ਜ਼ਾਹਰ ਕਰਨ ਦੀ ਰਿਪੋਰਟ ਸਾਹਮਣੇ ਆ ਜਾਵੇਗੀ।