ਪੰਜਾਬ ਦੇ ਹਰ ਵੱਡੇ ਮੁੱਦੇ 'ਤੇ ਕੈਪਟਨ ਦੇ ਬੇਬਾਕ ਜਵਾਬ (ਵੀਡੀਓ)

11/15/2018 4:42:03 PM

ਚੰਡੀਗੜ੍ਹ : ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਬਣੇ 2 ਸਾਲ ਪੂਰੇ ਹੋਣ ਵਾਲੇ ਹਨ। ਇਸ ਦੌਰਾਨ ਪੰਜਾਬ ਕਈ ਤਰ੍ਹਾਂ ਦੇ ਉਤਾਰਾਅ-ਚੜ੍ਹਾਅ ਵਿਚੋਂ ਲੰਘਿਆ। ਸ਼ੁਰੂ ਵਿਚ ਆਰਥਿਕ ਸੰਕਟ 'ਤੇ ਮਿਲੀਆਂ ਚੁਣੌਤੀਆਂ ਤੋਂ ਪਾਰ ਹੋਣ ਵਿਚ ਮੁਸ਼ਕਲ ਵੀ ਪੇਸ਼ ਆਈ ਪਰ ਦ੍ਰਿੜ੍ਹ ਇੱਛਾ-ਸ਼ਕਤੀ ਦੇ ਜ਼ੋਰ 'ਤੇ ਪੰਜਾਬ ਅਜਿਹੇ ਦੌਰ ਵਿਚੋਂ ਬਾਹਰ ਨਿਕਲਣ ਵਿਚ ਸਫਲ ਰਿਹਾ। ਲਗਭਗ  2 ਸਾਲ ਦੇ ਤਜਰਬੇ, ਸੂਬੇ ਦੇ ਸਿਆਸੀ ਅਤੇ ਸਮਾਜਿਕ ਹਾਲਾਤ ਆਦਿ 'ਤੇ ਕੈਪਟਨ ਅਮਰਿੰਦਰ ਸਿੰਘ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ 'ਜਗ ਬਾਣੀ' ਨੇ। ਪੇਸ਼ ਹਨ ਗੱਲਬਾਤ ਦੇ ਕੁਝ ਮੁੱਖ ਅੰਸ਼ :-
ਮੈਨੀਫੈਸਟੋ 'ਚ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ 'ਤੇ ਸਹੀ ਰਫਤਾਰ ਨਾਲ ਤੇ ਦਿਸ਼ਾ ਵੱਲ ਅੱਗੇ ਵਧ ਰਹੇ ਹਾਂ 
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੋ ਨਿਸ਼ਾਨੇ ਉਨ੍ਹਾਂ ਨੇ ਚੋਣ ਮੈਨੀਫੈਸਟੋ 'ਚ ਦਿੱਤੇ ਸਨ, ਉਨ੍ਹਾਂ ਮੁਤਾਬਕ ਸਹੀ ਰਫਤਾਰ ਨਾਲ ਸਹੀ ਦਿਸ਼ਾ ਵੱਲ ਉਹ ਅੱਗੇ ਵਧ ਰਹੇ ਹਨ ਅਤੇ ਕਈ ਮਾਮਲਿਆਂ 'ਚ ਅੱਗੇ ਨਿਕਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਹੈ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ। 'ਜਗਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਹਰ ਵਿਸ਼ੇ 'ਤੇ ਬੇਬਾਕੀ ਨਾਲ ਬੋਲੇ। ਆਉ ਜਾਣਦੇ ਹਾਂ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਅੰਸ਼—
ਸਰਕਾਰ ਬਣਨ 'ਤੇ ਤੁਸੀਂ ਆਪਣੇ ਸੂਬੇ ਦੇ ਖਜ਼ਾਨੇ ਦੇ ਖਾਲੀ ਹੋਣ ਦੀ ਗੱਲ ਕਹੀ ਸੀ। ਹੁਣ ਹਾਲਾਤ ਕਿਹੋ ਜਿਹੇ ਹਨ? ਕੀ ਕੁਝ ਸੁਧਾਰ ਹੋਇਆ ਹੈ? 
ਸਾਡੇ ਉੱਪਰ ਜੋ ਕਰਜ਼ਾ ਸੀ, ਉਹ ਤਾਂ ਰਿਹਾ ਹੀ ਪਰ ਮਾਲੀਆ ਵਿਚ ਵਾਧਾ ਕਰਨ ਵਿਚ ਸਰਕਾਰ ਸਫਲ ਰਹੀ ਹੈ। ਜਦੋਂ ਸੱਤਾ ਵਿਚ ਆਏ ਸੀ ਤਾਂ ਸੂਬੇ ਦਾ ਮੁਢਲਾ ਘਾਟਾ 41217 ਕਰੋੜ ਰੁਪਏ ਸੀ। ਅਸੀਂ ਇਹ ਘਾਟਾ ਘੱਟ ਕੀਤਾ। ਹੁਣ ਅਸੀਂ 2995 ਕਰੋੜ ਰੁਪਏ ਸਰਪਲੱਸ ਹਾਂ। ਇਸ ਵਿਚ ਸਭ ਦਾ ਯੋਗਦਾਨ ਰਿਹਾ ਹੈ, ਇੰਡਸਟਰੀ ਦਾ ਵੀ।
ਸੱਤਾ 'ਚ ਆਉਣ ਤੋਂ ਪਹਿਲਾਂ 9 ਨੁਕਤਿਆਂ ਦੀ ਗੱਲ ਤੁਸੀਂ ਕਹੀ ਸੀ। ਉਨ੍ਹਾਂ ਵਿਚੋਂ ਕਿੰਨੇ ਪੂਰੇ ਹੋਏ ਅਤੇ ਬਾਕੀ ਕਦੋਂ ਤੱਕ ਪੂਰੇ ਹੋਣਗੇ? 
ਅਸੀਂ ਸਭ 'ਤੇ ਪੂਰੀ ਸ਼ਿੱਦਤ ਨਾਲ ਜੁਟੇ ਹੋਏ ਹਾਂ। ਜਿਸ ਤਰ੍ਹਾਂ ਦੇ ਵਿੱਤੀ ਹਾਲਾਤ ਸਾਨੂੰ ਵਿਰਾਸਤ ਵਿਚ ਮਿਲੇ ਸਨ, ਉਸ ਮੁਤਾਬਕ  ਸੱਤਾ ਵਿਚ ਆਉਂਦਿਆਂ ਨੂੰ ਸਭ ਨੂੰ ਪੂਰਾ ਕਰ ਦੇਣਾ ਬਹੁਤ ਔਖਾ ਕੰਮ ਸੀ। ਸਾਨੂੰ ਲੋਕਾਂ ਨੇ 5 ਸਾਲ ਦਿੱਤੇ ਹਨ। ਅਸੀਂ ਇਸ ਦੌਰਾਨ ਸਭ ਨੂੰ ਪੂਰਾ ਕਰਾਂਗੇ। ਸਭ ਪਹਿਲਕਦਮੀਆਂ ਵੇਖਣੀਆਂ ਹਨ। ਅਸੀਂ ਪਹਿਲੇ ਕਰਜ਼ੇ ਵਿਚ ਡੁੱਬੇ ਹੋਏ ਕਿਸਾਨਾਂ ਨੂੰ ਰਾਹਤ ਦੇਣ ਦਾ ਕੰਮ ਸ਼ੁਰੂ ਕੀਤਾ ਕਿ ਕਿਵੇਂ ਹਾਲਾਤ ਠੀਕ ਕਰੀਏ। ਪੰਜਾਬ ਵਿਚ 70 ਹਜ਼ਾਰ ਕਿਸਾਨ 5 ਏਕੜ ਤੋਂ ਘੱਟ ਜ਼ਮੀਨ ਵਾਲੇ ਹਨ। ਅਸੀਂ ਇਹ ਨਹੀਂ ਕਿਹਾ ਸੀ ਕਿ ਸੱਤਾ ਵਿਚ ਆਉਂਦਿਆਂ ਹੀ ਪਹਿਲੇ ਹਫਤੇ ਸਭ ਕੁਝ ਠੀਕ ਕਰ ਦਿਆਂਗੇ। ਇਹ ਸੰਭਵ ਨਹੀਂ ਸੀ। ਇਸ ਲਈ ਪਹਿਲਾਂ ਅਰਥਵਿਵਸਥਾ ਨੂੰ ਮੁੜ ਜ਼ਿੰਦਾ ਕਰਨਾ ਪਏਗਾ, ਮਾਲੀਆ ਇਕੱਠਾ ਕਰਨਾ ਪਏਗਾ। ਉਸ ਵਿਚੋਂ ਇਹ ਸਭ ਨਿਕਲੇਗਾ।
ਤੁਹਾਡੀ ਸਰਕਾਰ ਨੂੰ 2 ਸਾਲ ਪੂਰੇ ਹੋਣ ਵਾਲੇ ਹਨ ਪਰ ਹੁਣ ਤੋਂ ਹੀ ਮੁਲਾਜ਼ਮਾਂ ਦੇ ਵਿਰੋਧ ਵਿਖਾਵੇ ਸ਼ੁਰੂ ਹੋ ਗਏ ਹਨ, ਅਧਿਆਪਕ ਧਰਨੇ 'ਤੇ ਬੈਠੇ ਹੋਏ ਹਨ। 
ਸੂਬੇ ਦੇ 42 ਹਜ਼ਾਰ ਮੁਲਾਜ਼ਮ ਰੈਗੂਲਰ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਸੀਂ ਨੌਕਰੀਆਂ ਨਹੀਂ ਦਿੱਤੀਆਂ ਹਨ। ਸਾਬਕਾ ਸਰਕਾਰ ਨੇ ਲਾਇਆ ਸੀ। ਅਸੀਂ ਵੇਖ ਰਹੇ ਹਾਂ ਕਿ ਮੌਜੂਦਾ ਹਾਲਾਤ ਵਿਚ ਕੀ ਕਰ ਸਕਦੇ ਹਾਂ। 8 ਹਜ਼ਾਰ ਅਧਿਆਪਕ ਜੋ ਧਰਨੇ 'ਤੇ ਬੈਠੇ ਹਨ, ਨੂੰ ਕਹਿ ਦਿੱਤਾ ਹੈ ਕਿ ਰੈਗੂਲਰ ਬਣਨਾ ਚਾਹੁੰਦੇ  ਹੋ ਤਾਂ 15 ਹਜ਼ਾਰ ਰੁਪਏ ਮਾਸਿਕ ਤੋਂ ਸ਼ੁਰੂ ਕਰੋ, ਜਿਸ ਵਿਚ ਵਾਧਾ ਹੁੰਦਾ ਰਹੇਗਾ। ਪੈਨਸ਼ਨ ਸਕੀਮ ਦੇ ਵੀ ਹੱਕਦਾਰ ਬਣ ਜਾਓਗੇ। ਨਹੀਂ ਤਾਂ 42 ਹਜ਼ਾਰ ਰੁਪਏ ਲੈਂਦੇ ਰਹੋ। ਸਭ ਬਦਲ ਦੱਸ ਦਿੱਤੇ ਹਨ। ਸਬੰਧਤ ਮੰਤਰੀ ਨੇ ਦੱਸਿਆ ਕਿ 900 ਅਧਿਆਪਕਾਂ ਨੇ ਗੱਲ ਮੰਨ ਲਈ ਹੈ। ਉਨ੍ਹਾਂ ਆਪਣੇ ਪੇਪਰ ਵਰਕ ਪੂਰੇ ਕਰ ਲਏ ਹਨ। ਜਦੋਂ ਸਾਡੇ ਕੋਲ ਮਾਲੀਆ ਹੀ ਨਹੀਂ ਤਾਂ ਅਸੀਂ ਸਭ ਨੂੰ ਰੈਗੂਲਰ ਕਿਵੇਂ ਕਰੀਏ? 
ਤੁਹਾਡੇ ਪਟਿਆਲਾ ਸ਼ਹਿਰ ਵਿਚ ਹੀ ਟੀਚਰ ਧਰਨੇ 'ਤੇ ਬੈਠੇ ਹਨ। ਕੀ ਤੁਹਾਨੂੰ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਕੋਈ ਹੱਲ ਲੱਭਣਾ ਨਹੀਂ ਚਾਹੀਦਾ?
ਉਹ ਜਾਣਬੁੱਝ ਕੇ ਮੇਰੇ ਸ਼ਹਿਰ ਵਿਚ ਆਏ ਹਨ ਅਤੇ ਮੇਰੇ ਕਾਰਨ ਹੀ ਆਏ ਹਨ। ਇਹ ਵੀ ਸਹੀ ਹੈ ਕਿ ਇਹ ਉਨ੍ਹਾਂ ਦਾ ਲੋਕਰਾਜੀ ਅਧਿਕਾਰ ਹੈ। ਹਰ ਮੰਤਰੀ ਦਾ ਕੰਮ ਹੈ ਕਿ ਉਹ ਆਪਣੇ ਵਿਭਾਗ ਨੂੰ ਵੇਖੇ। ਸੋਨੀ ਵੀ ਕਾਬਿਲ ਮੰਤਰੀ ਹਨ ਅਤੇ ਉਹ ਮਾਮਲੇ ਨੂੰ ਹੈਂਡਲ ਕਰ ਰਹੇ ਹਨ। ਕਿਤੇ ਲੋੜ ਪਈ ਤਾਂ ਮੈਂ ਵੀ ਗੱਲ ਕਰਾਂਗਾ ਪਰ ਅਜੇ ਵਿਭਾਗ ਨੂੰ ਹੀ ਵੇਖਣ ਦਿਓ।
ਕਿਸਾਨੀ ਕਰਜ਼ੇ ਦੀ ਗੱਲ ਕਹੀ ਪਰ ਕਿਸਾਨ ਅਜੇ ਵੀ ਖੁਦਕੁਸ਼ੀ ਕਰ ਰਹੇ ਹਨ?
70 ਫੀਸਦੀ ਕਿਸਾਨ 5 ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਹਨ। ਉਸ ਦੇ 2 ਬੇਟੇ ਹੋ ਗਏ ਤਾਂ ਉਸ ਜ਼ਮੀਨ 'ਤੇ ਗੁਜ਼ਾਰਾ ਨਹੀਂ ਹੋ ਸਕਦਾ। ਇਸ ਕਾਰਨ ਹਾਈ ਵੈਲਿਊ ਫਸਲਾਂ ਵਲ ਜਾ ਰਹੇ ਹਨ ਤਾਂ ਜੋ ਇਕ ਬੇਟਾ ਫਸਲ ਦੀ ਕਾਸ਼ਤ ਕਰੇ ਅਤੇ ਦੂਜਾ ਨੌਕਰੀ ਕਰ ਕੇ ਪਰਿਵਾਰ ਪਾਲੇ। ਅਸੀਂ ਜ਼ਮੀਨ ਤਾਂ ਦੇ ਨਹੀਂ ਸਕਦੇ। ਇਸਰਾਈਲ ਦੌਰੇ ਦੌਰਾਨ ਉਥੇ ਪਾਣੀ ਦੀ ਸੁਰੱਖਿਆ, ਖੇਤੀਬਾੜੀ, ਬਾਗਵਾਨੀ ਅਤੇ ਪਸ਼ੂ ਪਾਲਣ ਦਾ ਕੰਮ ਵੇਖਿਆ। ਉਥੇ ਕਿਸਾਨ ਲਈ ਦੁੱਧ ਦੂਜੀ 'ਫਸਲ' ਹੈ।  ਜ਼ਮੀਨ ਹੇਠਲਾ ਪਾਣੀ ਅਤੇ ਦਰਿਆਵਾਂ ਦਾ ਪਾਣੀ ਖਤਮ ਹੋ ਰਿਹਾ ਹੈ। ਫਿਰ ਅਸੀਂ ਕਿਥੇ ਜਾਵਾਂਗੇ? ਇਸਰਾਈਲ ਦੇ ਲੋਕਾਂ ਨੇ ਦੱਸਿਆ ਕਿ 90 ਫੀਸਦੀ ਪਾਣੀ  ਰੀ-ਸਾਈਕਲ ਹੁੰਦਾ ਹੈ। 30 ਸਾਲ ਬਾਅਦ ਉਨ੍ਹਾਂ ਕੋਲ ਤਾਜ਼ੇ ਪਾਣੀ ਦਾ ਸੋਮਾ ਨਹੀਂ ਹੋਵੇਗਾ। ਸਮੁੰਦਰ ਤੋਂ ਪਾਣੀ ਲੈ ਕੇ ਗੁਜ਼ਾਰਾ ਕਰਨਾ ਪਏਗਾ। ਹੁਣ ਤੋਂ ਹੀ ਉਸ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ  ਅਸੀਂ ਸਮਝ ਹੀ ਨਹੀਂ ਰਹੇ ਕਿ ਅਜਿਹਾ ਸੰਕਟ ਆਉਣ ਵਾਲਾ ਹੈ।
ਪਾਣੀ ਦੀ ਗੱਲ ਛਿੜੀ ਹੈ ਤਾਂ ਐੱਸ. ਵਾਈ. ਐੱਲ. ਦਾ ਮਸਲਾ ਤੁਸੀਂ ਕਿਵੇਂ ਨਿਪਟਾਓਗੇ? 
ਇਸ ਨੂੰ ਨਿਪਟਾਉਣਾ ਸਾਡਾ ਨਹੀਂ, ਕੇਂਦਰੀ ਪਾਣੀ ਸੋਮਾ ਮੰਤਰਾਲਾ ਦੇ ਹੱਥ ਹੈ। ਅਸੀਂ ਕੇਂਦਰ ਨੂੰ ਸਮਝਾਇਆ ਕਿ ਪਾਣੀ ਪਰਖਣ ਦਾ ਕੌਮਾਂਤਰੀ ਕਾਨੂੰਨ ਹੈ, ਜਿਸ ਮੁਤਾਬਕ 20 ਸਾਲ ਬਾਅਦ ਇਹ ਪਰਖਿਆ ਜਾਂਦਾ ਹੈ ਕਿ ਕਿਥੇ ਕਿੰਨਾ ਪਾਣੀ ਹੈ। ਇੰਡੋ-ਪਾਕਿ ਟ੍ਰੀਟੀ ਅਧੀਨ ਹੁਣ 26 ਸਾਲ ਬਾਅਦ ਵੀ ਤਾਂ ਪਾਣੀ ਪਰਖਿਆ ਜਾ ਰਿਹਾ ਹੈ। ਇਸ ਨੂੰ ਅਸੀਂ ਆਪਣੇ ਦੇਸ਼ ਵਿਚ ਕਿਉਂ ਨਹੀਂ ਲਾਗੂ ਕਰ ਸਕਦੇ। ਜਦੋਂ ਇਰਾਡੀ ਕਮਿਸ਼ਨ ਬੈਠਾ ਸੀ ਤਾਂ ਪੰਜਾਬ ਵਿਚ 17 ਐੱਮ. ਏ. ਐੱਫ. ਪਾਣੀ ਕਿਹਾ ਗਿਆ ਸੀ। ਸਾਡੀ ਸੂਚਨਾ ਮੁਤਾਬਕ ਹੁਣ ਇਹ ਸਿਰਫ 13 ਐੱਮ. ਏ. ਐੱਫ. ਹੈ। ਜਦੋਂ ਇਹ ਫੈਸਲਾ ਕਰਾਂਗਾ ਕਿ ਕਿਸ ਸੂਬੇ ਨੂੰ ਕਿੰਨਾ ਪਾਣੀ ਦੇਣਾ ਹੈ ਤਾਂ ਪਹਿਲਾਂ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਸੂਬੇ ਕੋਲ ਕਿੰਨਾ ਪਾਣੀ ਹੈ। ਤੁਸੀਂ 17 ਐੱਮ. ਏ. ਐੱਫ. ਨੂੰ ਆਧਾਰ ਬਣਾ ਕੇ ਹੁਣ ਪਾਣੀ ਦੀ ਵੰਡ ਨਹੀਂ ਕਰ ਸਕਦੇ।
ਕੀ ਗੱਲਬਾਤ ਰਾਹੀਂ ਇਹ ਮਸਲਾ ਹੱਲ ਨਹੀਂ ਹੋ ਸਕਦਾ?
ਕਦੇ ਨਹੀਂ, ਇਹ ਪੰਜਾਬ ਨਾਲ ਸਰਾਸਰ ਧੱਕਾ ਹੈ। ਪੰਜਾਬ ਦੀ 105 ਏਕੜ ਜ਼ਮੀਨ ਖੇਤੀਬਾੜੀ ਯੋਗ ਹੈ ਜਦਕਿ ਹਰਿਆਣਾ ਦੀ 80 ਏਕੜ। ਪੁਨਰ ਗਠਨ ਦੇ ਸਮੇਂ ਸਾਲ 1966 ਵਿਚ ਇਹ ਤੈਅ ਹੋਇਆ ਸੀ ਕਿ ਦੋਵਾਂ ਸੂਬਿਆਂ ਦਰਮਿਆਨ ਹਰ ਚੀਜ਼ ਦੀ 60:40 ਦੇ ਅਨੁਪਾਤ ਵਿਚ ਵੰਡ ਹੋਵੇਗੀ। ਉਦੋਂ ਰਾਵੀ, ਬਿਆਸ ਅਤੇ ਸਤਲੁਜ ਦਾ ਪਾਣੀ ਦੋਵਾਂ ਸੂਬਿਆਂ ਨੂੰ 60:40 ਦੇ ਅਨੁਪਾਤ 'ਚ ਦਿੱਤਾ ਗਿਆ ਪਰ ਤਾਜੇਵਾਲਾ ਤੋਂ ਆ ਰਿਹਾ ਯਮੁਨਾ ਦਾ  ਪਾਣੀ ਉਸ ਪੂਲ ਵਿਚ ਨਹੀਂ ਪਾਇਆ ਗਿਆ। ਹੁਣ ਯਮੁਨਾ ਦੇ ਨਾਲ 1.7 ਐੱਮ. ਏ. ਐੱਫ. ਪਾਣੀ ਹਰਿਆਣਾ ਨੂੰ ਦੇ ਦਿੱਤਾ ਗਿਆ। ਨਾਲ ਹੀ ਸ਼ਾਰਦਾ ਲਿੰਕ ਕੈਨਾਲ ਵਿਚੋਂ ਵੀ ਹਿੱਸਾ ਦੇਣ ਦਾ ਫੈਸਲਾ ਕੀਤਾ ਗਿਆ। ਹੁਣ ਸਾਡੇ ਕੋਲ 13 ਐੱਮ. ਏ. ਐੱਫ. ਪਾਣੀ ਹੈ। ਹਰਿਆਣਾ ਕੋਲ ਸਾਡੇ ਨਾਲੋਂ ਲਗਭਗ 4 ਐੱਮ. ਏ. ਐੱਫ. ਪਾਣੀ ਵੱਧ ਹੈ, ਜਦਕਿ ਜ਼ਮੀਨ ਸਾਡੇ ਤੋਂ ਘੱਟ ਹੈ।
ਨਵਜੋਤ ਸਿੰਘ ਸਿੱਧੂ ਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲ੍ਹਵਾਉਣ ਸਬੰਧੀ ਬਿਆਨ ਨਾਲ ਤੁਸੀਂ ਸਹਿਮਤ ਕਿਉਂ ਨਹੀਂ ਸੀ?
ਇਹ ਲਾਂਘਾ ਖੋਲ੍ਹਣਾ ਭਾਰਤ-ਪਾਕਿ ਸਰਕਾਰਾਂ ਦੇ ਦਰਮਿਆਨ ਦਾ ਮਾਮਲਾ ਹੈ। ਸਿੱਧੂ ਬਿਆਨ ਦੇ ਸਕਦੇ ਹਨ, ਫੈਸਲਾ ਨਹੀਂ ਲੈ ਸਕਦੇ। ਕਰਤਾਰਪੁਰ ਲਾਂਘੇ ਬਾਰੇ  ਨਹੀਂ, ਸਗੋਂ ਸਿੱਧੂ ਵਲੋਂ ਪਾਕਿਸਤਾਨੀ ਫੌਜ ਦੇ ਮੁਖੀ ਨਾਲ ਗਲੇ ਮਿਲਣ 'ਤੇ ਅਸੀਂ ਅਸਹਿਮਤੀ ਪ੍ਰਗਟਾਈ ਸੀ। ਸਰਹੱਦ 'ਤੇ ਰੋਜ਼ਾਨਾ ਜਵਾਨ ਸ਼ਹੀਦ ਹੋ ਰਹੇ ਹਨ। ਇਹ ਸਭ ਕੁਝ ਪਾਕਿਸਤਾਨ ਦੀ ਫੌਜ ਦੇ ਮੁਖੀ ਦੇ ਹੁਕਮਾਂ 'ਤੇ ਹੋ ਰਿਹਾ ਹੈ। ਉਂਝ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ 1922 ਵਿਚ ਰਾਵੀ ਵਿਚ ਹੜ੍ਹ ਆਉਣ 'ਤੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਢਹਿ ਗਿਆ ਸੀ ਅਤੇ ਮੇਰੇ ਦਾਦਾ ਜੀ ਨੇ ਉਸ ਦੀ ਮੁੜ ਤੋਂ ਉਸਾਰੀ ਕਰਵਾਈ ਸੀ। 
ਹੁਣੇ ਜਿਹੇ ਭਾਰਤੀ ਜ਼ਮੀਨੀ ਫੌਜ  ਦੇ ਮੁਖੀ ਵਲੋਂ ਪੰਜਾਬ ਵਿਚ ਹਾਲਾਤ ਵਿਗੜਨ ਬਾਰੇ ਦਿੱਤੇ ਗਏ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਫੌਜ ਮੁਖੀ ਨੇ ਜੋ ਕਿਹਾ ਹੈ, ਉਸ 'ਤੇ ਟਿੱਪਣੀ ਨਹੀਂ ਕਰਾਂਗਾ। ਪਾਕਿਸਤਾਨ ਸਰਹੱਦੀ ਖੇਤਰ ਨੂੰ ਅਸ਼ਾਂਤ ਕਰਨ ਦਾ ਯਤਨ ਕਰਦਾ ਰਹਿੰਦਾ ਹੈ। ਉਸ ਨੂੰ ਸੁਰੱਖਿਆ ਉਦੋਂ ਲੱਗਦੀ ਹੈ, ਜਦੋਂ ਭਾਰਤੀ ਸਰਹੱਦ ਅਸ਼ਾਂਤ ਹੋਵੇ। ਉਸ ਦੀ ਸ਼ੁਰੂ ਤੋਂ ਹੀ ਇਹ ਨੀਤੀ ਰਹੀ ਹੈ। ਮੌਸਮ ਬਦਲਿਆਂ ਹੀ ਕਸ਼ਮੀਰ ਦੇ ਦਰੇ ਬੰਦ ਹੋਣ ਲੱਗਣਗੇ ਤਾਂ ਪਾਕਿਸਤਾਨ ਪੰਜਾਬ ਨੂੰ ਛੇੜਨ ਲੱਗ ਪਏਗਾ। ਇਥੇ 6 ਹਜ਼ਾਰ ਕਸ਼ਮੀਰੀ ਵਿਦਿਆਰਥੀ ਪੜ੍ਹਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ 6 ਹਜ਼ਾਰ ਵਿਦਿਆਰਥੀ ਅੱਤਵਾਦ ਵਲ ਚਲ ਰਹੇ ਹਨ। ਸਾਨੂੰ 6 ਦਾ ਪਤਾ ਲੱਗਾ ਅਤੇ ਉਨ੍ਹਾਂ ਨੂੰ ਫੜ ਲਿਆ। ਸ਼ਾਇਦ ਫੌਜ ਦੇ ਮੁਖੀ ਇਸੇ ਆਧਾਰ 'ਤੇ ਇੰਝ ਕਹਿ ਰਹੇ ਹੋਣਗੇ।
ਤੁਸੀਂ ਬਰਗਾੜੀ ਗੋਲੀਕਾਂਡ ਨੂੰ ਲੈ ਕੇ ਐੱਸ. ਆਈ. ਟੀ. ਬਣਾਈ ਹੈ। ਇਸ ਤੋਂ ਬਾਅਦ ਵਿਰੋਧੀ ਧਿਰ ਵਲੋਂ ਸਰਕਾਰ 'ਤੇ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਦਾ ਦੋਸ਼ ਲੱਗ ਰਿਹਾ ਹੈ।
ਇਹ ਲੋਕ ਬੇਵਕੂਫਾਂ ਵਾਲੀਆਂ ਗੱਲਾਂ ਕਰ ਰਹੇ ਹਨ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜਿਆ ਮਾਮਲਾ ਹੈ। ਕੋਈ ਵੀ ਸਿੱਖ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਸਾਬਕਾ ਸਰਕਾਰ ਨੇ ਜਾਂਚ ਸੀ. ਬੀ. ਆਈ. ਨੂੰ ਦਿੱਤੀ। ਹੁਣ ਵਿਧਾਨ ਸਭਾ ਵਿਚ ਗੱਲ ਉਠੀ ਕਿ ਅਕਾਲੀ-ਭਾਜਪਾ ਇਕ ਹੀ ਹਨ ਅਤੇ ਦੋਸ਼ੀ ਵੀ ਹੋਏ ਤਾਂ ਸੀ. ਬੀ. ਆਈ. ਜਾਂਚ ਦੌਰਾਨ ਉਨ੍ਹਾਂ 'ਤੇ ਦੋਸ਼ ਨਹੀਂ ਲੱਗੇਗਾ। ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਸੀ. ਬੀ. ਆਈ. ਨੂੰ ਜਾਂਚ ਸੌਂਪਣ ਦੀ ਗੱਲ ਹੋਈ ਤਾਂ ਅਕਾਲੀਆਂ ਨੇ ਵਾਕਆਊਟ ਕੀਤਾ। ਹੁਣ ਐੱਸ. ਆਈ. ਟੀ. ਬਣੀ ਹੈ। ਉਸ ਦੇ ਮੁਖੀ ਸੀ. ਬੀ. ਆਈ. ਵਿਚ 14 ਸਾਲ ਕੰਮ ਕਰ ਚੁੱਕੇ ਹਨ। ਹੋਰ ਮੈਂਬਰ ਵੀ ਬਹੁਤ ਯੋਗ ਹਨ। ਮੇਰਾ ਕੰਮ ਐੱਸ. ਆਈ. ਟੀ. ਨੂੰ ਬਣਾਉਣਾ ਸੀ। ਹੁਣ ਉਹ ਕੰਮ ਕਰ ਰਹੀ ਹੈ। ਕੋਈ ਕਹੇ ਕਿ ਉਸ ਦੀ ਦੁਰਵਰਤੋਂ ਕਰਾਂਗੇ ਤਾਂ ਇਹ ਠੀਕ ਨਹੀਂ। ਅਸੀਂ ਤਾਂ ਇਹ ਵੇਖਣਾ ਚਾਹੁੰਦੇ ਹਾਂ ਕਿ ਕਿਹੜੀਆਂ ਘਟਨਾਵਾਂ  ਲਈ ਕੌਣ ਜ਼ਿੰਮੇਵਾਰ ਸੀ। ਅਸੀਂ ਸਿਰਫ ਇਨਸਾਫ ਚਾਹੁੰਦੇ ਹਾਂ। 
ਕੁਝ ਵਿਰੋਧੀ ਪਾਰਟੀਆਂ ਦੋਸ਼ ਲਾ ਰਹੀਆਂ ਹਨ ਕਿ ਤੁਹਾਡੀ ਅਤੇ ਬਾਦਲ ਪਰਿਵਾਰ ਦੀ ਮਿਲੀਭੁਗਤ ਹੋ ਚੁੱਕੀ ਹੈ। ਐੱਸ. ਆਈ. ਟੀ. ਵਲੋਂ ਸੰਮਨ ਭੇਜੇ ਜਾਣ ਦੇ ਬਾਵਜੂਦ ਕਲੀਨ ਚਿੱਟ ਦੇ ਦਿੱਤੀ ਜਾਏਗੀ। 
ਮੈਂ ਕਿਉਂ ਕਲੀਨ ਚਿੱਟ ਦਿਆਂਗਾ। 13 ਸਾਲ ਤੋਂ ਮੇਰੇ ਵਿਰੁੱਧ ਕੇਸ ਚੱਲ ਰਹੇ ਹਨ, ਜੋ ਬਾਦਲ ਨੇ ਕਰਵਾਏ ਸਨ। ਮੈਂ ਐੱਸ. ਆਈ. ਟੀ. ਨੂੰ ਇਹ ਨਹੀਂ ਕਹਾਂਗਾ ਇੰਝ ਕਰੋ। ਬਰਗਾੜੀ ਵਿਚ ਫਾਇਰਿੰਗ ਸਮੇਂ ਬਾਦਲ ਕਿਥੇ ਸੀ? ਮੈਂ  24 ਘੰਟਿਆਂ ਅੰਦਰ ਪਹੁੰਚ ਗਿਆ ਸੀ। ਬਾਦਲ ਜਾਂ ਕਿਸੇ ਦਾ ਵੀ ਹੱਥ ਸਾਹਮਣੇ ਆਇਆ ਤਾਂ ਕਿਸੇ ਨੂੰ ਬਖਸ਼ਾਂਗੇ ਨਹੀਂ।
ਤੁਹਾਡੀ ਸਰਕਾਰ ਬਰਗਾੜੀ ਵਿਚ ਮੋਰਚੇ ਨੂੰ ਉਠਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ? ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਮੈਂ ਕਿਵੇਂ ਕਹਿ ਦਿਆਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਕੇ ਮੋਰਚਾ ਛੱਡ ਦਿਓ। ਜੋ ਬਜ਼ੁਰਗ ਅਤੇ ਹੋਰ ਸੰਗਤ ਉਥੇ ਬੈਠੀ ਹੈ, ਉਹ ਸਭ ਜਾਣਦੇ ਹਨ।
ਕੀ ਦੋਸ਼ੀ ਪਾਏ ਜਾਣ 'ਤੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਨੂੰ ਸਜ਼ਾ ਦਿਵਾਓਗੇ? ਐੱਸ. ਆਈ. ਟੀ. ਕਦੋਂ ਤੱਕ ਰਿਪੋਰਟ ਦੇਵੇਗੀ? 
ਤੁਹਾਨੂੰ ਕੀ ਲੱਗਦਾ ਹੈ ਕਿ ਐੱਸ. ਆਈ. ਟੀ. ਮਜ਼ਾਕ ਲਈ ਬਣਾਈ ਗਈ ਹੈ। ਸਿਸਟਮ ਇਹ ਹੈ ਕਿ ਐੱਸ. ਆਈ. ਟੀ. ਦੋਸ਼ੀ ਲੱਭ ਕੇ ਅਦਾਲਤ ਵਿਚ ਚਲਾਨ ਪੇਸ਼ ਕਰੇਗੀ। ਮੈਂ ਕਿਸੇ ਨੂੰ ਸਜ਼ਾ ਨਹੀਂ ਦੇ ਸਕਦਾ। ਮੈਨੂੰ ਨਹੀਂ ਲੱਗਦਾ ਕਿ ਐੱਸ. ਆਈ. ਟੀ. ਦੀ ਰਿਪੋਰਟ ਵਿਚ ਵਧੇਰੇ ਸਮਾਂ ਲੱਗੇਗਾ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਟੀਮ ਕਈ ਪੁਲਸ ਮੁਲਾਜ਼ਮਾਂ ਅਤੇ ਹੋਰਨਾਂ ਲੋਕਾਂ ਦੇ ਬਿਆਨ ਲੈ ਚੁੱਕੀ ਹੈ।
ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਖਿੱਲਰਨ ਦੇ ਦੌਰ ਵਿਚੋਂ ਲੰਘ ਰਹੀਆਂ ਹਨ। ਕੀ ਤੁਸੀਂ ਇਸ ਨੂੰ ਆਪਣੀ ਖੁਸ਼ਕਿਸਮਤੀ ਮੰਨੋਗੇ? 
ਇਸ ਨੂੰ ਤਬਦੀਲੀ ਦੀ  ਪ੍ਰਕਿਰਿਆ ਕਹਿ ਸਕਦੇ ਹਾਂ। ਸ਼੍ਰੋਮਣੀ ਅਕਾਲੀ ਦਲ 1922-25 ਦੌਰਾਨ ਚੱਲੀ ਗੁਰਦੁਆਰਾ ਲਹਿਰ ਤੋਂ ਬਣਿਆ ਸੀ। ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਨੌਜਵਾਨ ਹਾਵੀ ਹੋ ਕੇ ਰੌਅਬ ਜਮਾਉਣਾ ਚਾਹੁੰਦੇ ਹਨ, ਜਿਸ ਨੂੰ ਬਜ਼ੁਰਗ ਪਸੰਦ ਨਹੀਂ ਕਰਦੇ। ਮੈਂ ਸ਼੍ਰੋਮਣੀ ਅਕਾਲੀ ਦਲ ਵਿਚ ਰਿਹਾ ਹਾਂ। ਬ੍ਰਹਮਪੁਰਾ, ਡਾ. ਅਜਨਾਲਾ, ਸੇਖਵਾਂ ਅਤੇ ਢੀਂਡਸਾ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਜਿਹੜੇ ਬਾਦਲ ਦੇ ਨੇੜਲੇ ਪੁਰਾਣੇ ਨੇਤਾ ਸਨ, ਨੂੰ ਨੌਜਵਾਨ ਪੀੜ੍ਹੀ ਪਸੰਦ ਨਹੀਂ ਕਰਦੀ, ਇਸ ਲਈ ਬਾਹਰ ਕੱਢ ਦਿੱਤੇ ਗਏ।
ਵਿਰੋਧੀ ਦੋਸ਼ ਲਾਉਂਦੇ ਹਨ ਕਿ ਕਾਂਗਰਸ ਪੰਥਕ ਏਜੰਡਾ ਚਲਾ ਰਹੀ ਹੈ ਤਾਂ ਜੋ ਐੱਸ. ਜੀ. ਪੀ. ਸੀ. ਨੂੰ ਕੰਟਰੋਲ ਵਿਚ ਕੀਤਾ ਜਾ ਸਕੇ?
ਮੇਰੀ ਕਦੀ ਵੀ ਐੱਸ. ਜੀ. ਪੀ. ਸੀ. ਵਿਚ ਦਿਲਚਸਪੀ ਨਹੀਂ ਰਹੀ। ਮੈਨੂੰ  ਇਤਰਾਜ਼ ਅਕਾਲੀ ਦਲ ਦੇ ਉਸ 'ਤੇ ਕੰਟਰੋਲ ਤੋਂ ਹੈ। ਵੱਡੀਆਂ ਕੁਰਬਾਨੀਆਂ ਦੇ ਕੇ ਐੱਸ. ਜੀ. ਪੀ. ਸੀ. ਬਣੀ ਸੀ। ਕਾਂਗਰਸ ਇਕ ਅਜਿਹੀ ਪਾਰਟੀ ਹੈ ਜਿਸ ਦੀ ਹਰ ਪਿੰਡ ਵਿਚ ਸ਼ਾਖਾ ਹੈ। ਕਿਸੇ ਵੀ ਧਾਰਮਿਕ ਸੰਸਥਾ ਵਿਚ ਕਾਂਗਰਸ ਨੇ ਕਦੇ ਵੀ ਦਖਲ ਨਹੀਂ ਦਿੱਤਾ। ਲੋੜ ਪਈ ਅਤੇ ਐੱਸ. ਜੀ. ਪੀ. ਸੀ. ਲਈ ਕੋਈ ਲੋਕਰਾਜੀ ਜਥੇਬੰਦੀ ਅੱਗੇ ਆਉਂਦੀ ਹੈ ਤਾਂ ਅਮਰਿੰਦਰ ਉਸ ਦੀ ਮਦਦ ਕਰੇਗਾ।  ਉਹ ਕੋਈ ਅੱਤਵਾਦੀ ਸੰਗਠਨ ਨਾ ਹੋਵੇ ਅਤੇ  ਦੇਸ਼ ਦੇ ਸੰਵਿਧਾਨ ਅਤੇ ਦੇਸ਼ ਨੂੰ ਮੰਨਣ ਵਾਲੀ ਹੋਵੇ।  ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਕਈ ਵੱਡੀਆਂ ਮੱਛੀਆਂ ਦਾ ਜ਼ਿਕਰ ਡਰੱਗ ਕਾਰੋਬਾਰ ਵਿਚ ਹੋਇਆ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੱਕ ਦਾ ਨਾਂ ਉਛਲਿਆ। ਵੱਡੀਆਂ ਮੱਛੀਆਂ ਛਾਲ ਮਾਰ ਕੇ ਭੱਜ ਜਾਂਦੀਆਂ ਹਨ। ਜਦੋਂ ਜਾਲ ਸੁੱਟਿਆ ਜਾਂਦਾ ਹੈ ਤਾਂ ਛੋਟੀਆਂ ਮੱਛੀਆਂ ਹੀ ਅੜਿੱਕੇ ਆਉਂਦੀਆਂ ਹਨ। ਵਧੇਰੇ ਵੱਡੇ ਸਮੱਗਲਰ ਵਿਦੇਸ਼ ਭੱਜ ਗਏ ਹਨ। ਜਲਦੀ ਵਾਪਸ ਆਉਣਗੇ ਅਤੇ ਆਉਂਦਿਆਂ ਹੀ ਫੜੇ ਜਾਣਗੇ। ਰਹੀ ਗੱਲ ਮਜੀਠੀਆ ਦੀ, ਉਸ ਦਾ ਨਾਂ ਆਇਆ ਤਾਂ ਉਸ ਨੂੰ ਵੀ ਕਾਨੂੰਨ ਦਾ ਸਾਹਮਣਾ ਕਰਨਾ ਪਏਗਾ। 
ਮੀ ਟੂ ਕਾਂਡ 'ਚ ਉਲਝੇ ਆਪਣੇ ਮੰਤਰੀ ਵਿਰੁੱਧ ਤੁਸੀਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਇੰਝ ਕਿਉਂ?
ਇਹ ਤਿੰਨ ਮਹੀਨੇ ਪੁਰਾਣੀ ਗੱਲ ਹੈ। ਮੇਰੀ ਜਾਣਕਾਰੀ ਵਿਚ ਗੱਲ ਆਈ ਤਾਂ ਮੈਂ ਚੰਨੀ ਨੂੰ ਮੁਆਫੀ ਮੰਗਣ ਲਈ ਕਿਹਾ ਸੀ। ਉਸ ਨੇ ਮੁਆਫੀ ਮੰਗ ਲਈ ਅਤੇ ਸਬੰਧਤ ਔਰਤ ਨੇ ਉਸ ਨੂੰ ਮੁਆਫ ਕਰ ਦਿੱਤਾ। ਗੱਲ ਖਤਮ ਹੋ ਗਈ।
ਅਜਿਹੇ ਹੀ ਮਾਮਲਿਆਂ ਵਿਚ ਕੇਂਦਰੀ ਮੰਤਰੀ ਐੱਮ. ਜੇ. ਅਕਬਰ ਕੋਲੋਂ ਕਾਂਗਰਸ ਨੇ ਕਿਉਂ ਅਸਤੀਫਾ ਮੰਗਿਆ ਸੀ?
ਦੋ ਰਾਵਾਂ ਨਹੀਂ ਕਿ ਅਕਬਰ ਕਾਬਿਲ ਪੱਤਰਕਾਰ ਹਨ ਪਰ ਉਨ੍ਹਾਂ ਕੋਲੋਂ ਗਲਤੀ ਹੋ ਗਈ। ਇਥੇ 22 ਔਰਤਾਂ ਨੇ ਦੋਸ਼ ਨਹੀਂ ਲਾਏ ਅਤੇ ਗਲਤੀ ਮੰਨ ਕੇ ਮੁਆਫੀ ਮੰਗਣ 'ਤੇ ਮੁਆਫ ਕਰ ਦਿੱਤਾ ਗਿਆ ਹੈ। ਗੱਲ ਨੂੰ ਖਤਮ ਕਰ ਦੇਣਾ ਚਾਹੀਦਾ ਹੈ। 

Babita

This news is Content Editor Babita