ਆਬਕਾਰੀ ਨੀਤੀ ਦੀ ਮਨਜ਼ੂਰੀ ਕਾਰਨ ਸਿੱਧੂ ਨਾਰਾਜ਼ ਪਰ ਕੈਪਟਨ ਖਾਮੋਸ਼!

03/14/2018 5:04:00 PM

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਮੀਟਿੰਗ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਆਬਕਾਰੀ ਨੀਤੀ ਨੂੰ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਪਰ ਕੈਬਨਿਟ ਮੰਤਰੀ ਨਵਜੋਤ ਸਿੱਧੂ ਸ਼ਰਾਬ ਕਾਰਪੋਰੇਸ਼ਨ ਨਾ ਬਣਨ ਕਾਰਨ ਨਾਰਾਜ਼ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਪਿਛਲੀ ਆਬਕਾਰੀ ਨੀਤੀ ਬਣਾਉਂਦੇ ਸਮੇਂ ਵੀ ਸਰਕਾਰ ਨੇ ਕਿਹਾ ਸੀ ਕਿ ਸ਼ਰਾਬ ਦਾ ਥੋਕ ਕਾਰੋਬਾਰ ਆਪਣੇ ਹੱਥਾਂ 'ਚ ਲੈਣ ਲਈ ਕਾਰਪੋਰੇਸ਼ਨ ਬਣਾਈ ਜਾਵੇਗੀ ਪਰ ਅਜਿਹਾ ਨਾ ਕਰਨ ਕਾਰਨ 2000 ਕਰੋੜ ਦਾ ਨੁਕਸਾਨ ਹੋ ਗਿਆ ਹੈ। ਸਿੱਧੂ ਨੂੰ ਨਾਰਾਜ਼ ਦੇਖ ਚੀਫ ਸਕੱਤਰ ਕਰਨ ਅਵਤਾਰ ਸਿੰਘ ਨੇ ਮਾਮਲਾ ਸੰਭਾਲਿਆ ਅਤੇ ਕਿਹਾ ਕਿ ਸ਼ਰਾਬ ਕਾਰਪੋਰੇਸ਼ਨ ਬਣਾਉਣ ਲਈ ਸਮਾਂ ਘੱਟ ਸੀ। ਇਸ 'ਤੇ ਸਿੱਧੂ ਨੇ ਕਿਹਾ ਕਿ ਅਗਲੇ ਸਾਲ ਤੱਕ ਇਹ ਕਾਰਪੋਰੇਸ਼ਨ ਬਣ ਜਾਵੇ ਅਤੇ ਇਸ ਦੇ ਲਈ ਘੱਟੋ-ਘੱਟ ਇਕ ਸਬ ਕਮੇਟੀ ਦਾ ਗਠਨ ਹੀ ਕਰ ਦਿੱਤਾ ਜਾਵੇ। ਇਸ ਸਾਰੇ ਮਾਮਲੇ 'ਚ ਮੁੱਖ ਮੰਤਰੀ ਖਾਮੋਸ਼ ਰਹੇ ਅਤੇ ਉਨ੍ਹਾਂ ਨੇ ਇਸ ਬਾਰੇ ਕੋਈ ਰਾਏ ਨਹੀਂ ਦਿੱਤੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਨਵੀਂ ਆਬਕਾਰੀ ਨੀਤੀ ਨਾਲ ਪੰਜਾਬ ਸਰਕਾਰ ਨੂੰ 6000 ਕਰੋੜ ਰੁਪਏ ਦੀ ਆਮਦਨੀ ਹੋਵੇਗੀ।