ਵੱਡੀ ਖ਼ਬਰ : ''ਸਿੱਧੂ ਮਾਮਲੇ'' ਨੂੰ ਲੈ ਕੇ ਕੈਪਟਨ ਨੇ ਆਪਣੇ ਹਮਾਇਤੀਆਂ ਨੂੰ ਕਹੀ ਇਹ ਗੱਲ

05/26/2021 8:59:33 AM

ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਰੇ ਸਮਰਥਕਾਂ ਅਤੇ ਨਜ਼ਦੀਕੀਆਂ ਨੂੰ ਫਿਲਹਾਲ ਨਵਜੋਤ ਸਿੱਧੂ ਅਤੇ ਹੋਰ ਵਿਰੋਧੀਆਂ ਖ਼ਿਲਾਫ਼ ਚੁੱਪ ਰਹਿਣ ਨੂੰ ਕਿਹਾ ਹੈ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਉਨ੍ਹਾਂ ਦੇ ਸਮਰਥਕ ਮੰਤਰੀਆਂ ਨੇ ਨਵਜੋਤ ਸਿੱਧੂ ਅਤੇ ਉਸ ਦੇ ਸਮਰਥਕਾਂ ਖ਼ਿਲਾਫ਼ ਕੋਈ ਵੀ ਬਿਆਨ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ 27 ਮਈ ਨੂੰ ਆਪਣੇ ਸਾਰੇ ਸਮਰਥਕ ਕਾਂਗਰਸੀ ਵਿਧਾਇਕਾਂ ਨਾਲ ਵਰਚੂਅਲ ਮੀਟਿੰਗ ਬੁਲਾਈ ਹੋਈ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਦੇ ਵਿਗੜੇ ਹਾਲਾਤ 'ਤੇ ਸੁਖਬੀਰ ਨੇ ਕੈਪਟਨ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ, ਕਹੀਆਂ ਇਹ ਵੱਡੀਆਂ ਗੱਲਾਂ

ਬੇਸ਼ੱਕ ਇਸ ਬੈਠਕ ਦਾ ਏਜੰਡਾ ਮੁੱਖ ਮੰਤਰੀ ਵੱਲੋਂ ਮਿਸ਼ਨ-2022 ਨੂੰ ਫਤਿਹ ਕਰਨਾ ਰੱਖਿਆ ਗਿਆ ਹੈ ਪਰ ਕਾਂਗਰਸ ’ਚ ਇਹ ਕਿਹਾ ਜਾ ਰਿਹਾ ਹੈ ਕਿ ਕੁੱਝ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਰੂਰ ਇਹ ਕਿਹਾ ਜਾਵੇਗਾ ਕਿ ਉਹ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਰੋਜ਼ਾਨਾ ਦਿੱਤੀ ਜਾ ਰਹੀ ਬਿਆਨਬਾਜ਼ੀ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਧਿਆਨ ’ਚ ਅਨੁਸ਼ਾਸਨਹੀਣਤਾ ਦਾ ਮਾਮਲਾ ਜ਼ਰੂਰ ਲਿਆਂਦਾ ਜਾਵੇ।

ਇਹ ਵੀ ਪੜ੍ਹੋ : ਪੰਜਾਬ 'ਚ 'ਬਲੈਕ ਫੰਗਸ' ਦਾ ਕਹਿਰ, ਹੁਣ ਤੱਕ ਸਾਹਮਣੇ ਆ ਚੁੱਕੇ 111 ਕੇਸ

ਕੈਪਟਨ ਸਮਰਥਕਾਂ ਦਾ ਮੰਨਣਾ ਹੈ ਕਿ ਸਿੱਧੂ ਅਤੇ ਉਨ੍ਹਾਂ ਦੇ ਇਕ-ਦੋ ਵਿਧਾਇਕਾਂ ਵੱਲੋਂ ਰੋਜ਼ਾਨਾ ਬਿਆਨਬਾਜ਼ੀ ਕਰ ਕੇ ਅਨੁਸ਼ਾਸਨ ਨੂੰ ਭੰਗ ਕੀਤਾ ਜਾ ਰਿਹਾ ਹੈ ਅਤੇ ਅਨੁਸ਼ਾਸਨਹੀਣਤਾ ਦਾ ਮਾਮਲਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੂੰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਸਾਹਮਣੇ ਜ਼ਰੂਰ ਚੁੱਕਣਾ ਚਾਹੀਦਾ ਹੈ। 27 ਮਈ ਨੂੰ ਕਾਂਗਰਸੀ ਵਿਧਾਇਕਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਹੋਣ ਵਾਲੀ ਬੈਠਕ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਲਈ ਕਾਂਗਰਸ ’ਚ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਕੈਪਟਨ ਵਿਰੋਧੀ ਧੜੇ ਨਾਲ ਨਜਿੱਠਣ ਲਈ ਆਪਣੀ ਰਣਨੀਤੀ ਤੈਅ ਕਰਨਗੇ, ਕਿਉਂਕਿ ਇਕ ਪਾਸੇ ਕੋਰੋਨਾ ਦਾ ਕਹਿਰ ਵੀ ਘੱਟ ਹੋਣਾ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ : 'ਸਿੱਧੂ ਜੋੜੀ' ਨੇ ਪਟਿਆਲਾ ਵਿਖੇ ਘਰ ਦੀ ਛੱਤ 'ਤੇ ਲਾਇਆ ਕਾਲਾ ਝੰਡਾ, ਕਰ ਦਿੱਤਾ ਵੱਡਾ ਐਲਾਨ (ਤਸਵੀਰਾਂ)

ਜੂਨ ਦੇ ਪਹਿਲੇ ਹਫ਼ਤੇ ਤੱਕ ਕੋਰੋਨਾ ਤੋਂ ਕਾਫੀ ਰਾਹਤ ਮਿਲਣ ਦੀ ਉਮੀਦ ਹੈ। ਇਸ ਨੂੰ ਵੇਖਦਿਆਂ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਂਡ ਨਾਲ ਗੱਲਬਾਤ ਕਰ ਸਕਦੇ ਹਨ। ਇਸ ਤੋਂ ਪਹਿਲਾਂ ਉਹ ਵਿਧਾਇਕਾਂ ਨਾਲ ਬੈਠਕ ਕਰ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਵੀ ਕਰ ਦੇਣਗੇ। ਜ਼ਿਆਦਾਤਰ ਕਾਂਗਰਸੀ ਮੰਤਰੀ ਤੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 

Babita

This news is Content Editor Babita