ਪੰਜਾਬ 'ਚ ਟਿੱਡੀ ਦਲ ਦੇ ਹਮਲੇ ਸਬੰਧੀ ਕੈਪਟਨ ਦੀ ਮੋਦੀ ਨੂੰ ਅਪੀਲ

01/29/2020 1:59:06 PM

ਚੰਡੀਗੜ੍ਹ/ਜਲੰਧਰ : ਰਾਜਸਥਾਨ ਨਾਲ ਲੱਗਦੇ ਦੱਖਣੀ ਪੰਜਾਬ ਦੇ ਕੁਝ ਹਿੱਸਿਆਂ 'ਚ ਫਸਲਾਂ 'ਤੇ ਟਿੱਡੀ ਦਲ ਦੇ ਹਮਲੇ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਰਾਜਸਥਾਨ ਸੂਬੇ 'ਚ ਫਸਲਾਂ 'ਤੇ ਟਿੱਡੀ ਦਲਾਂ ਦਾ ਹਮਲਾ ਲਗਾਤਾਰ ਹੋ ਰਿਹਾ ਹੈ। ਰਾਜਸਥਾਨ ਸਰਕਾਰ ਭਾਵੇਂ ਆਪਣੇ ਪੱਧਰ 'ਤੇ ਇਸ ਸਮੱਸਿਆ ਦੇ ਖਾਤਮੇ ਲਈ ਕੁਝ ਕਦਮ ਚੁੱਕ ਰਹੀ ਹੈ ਪਰ ਇਨ੍ਹਾਂ ਟਿੱਡੀਆਂ ਦਾ ਖਾਤਮਾ ਸਿਰਫ ਤਦ ਹੀ ਹੋ ਸਕਦਾ ਹੈ, ਜੇਕਰ ਉਸ ਥਾਂ 'ਤੇ ਕਦਮ ਚੁੱਕੇ ਜਾਣ, ਜਿੱਥੇ ਇਹ ਟਿੱਡੀਆਂ ਪੈਦਾ ਹੋ ਰਹੀਆਂ ਹਨ।

ਕੈਪਟਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਦਫਤਰ ਨੂੰ ਇਹ ਮਾਮਲਾ ਸਿੱਧਾ ਪਾਕਿਸਤਾਨ ਸਰਕਾਰ ਕੋਲ ਚੁੱਕਣਾ ਚਾਹੀਦਾ ਹੈ। ਉਨ੍ਹਾਂ ਸਲਾਹ ਦਿੱਤੀ ਹੈ ਕਿ ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀਬਾੜੀ ਸੰਗਠਨ ਕੋਲ ਸਮੁੱਚੇ ਵਿਸ਼ਵ 'ਚ ਟਿੱਡੀ ਦਲਾਂ 'ਤੇ ਕਾਬੂ ਪਾਉਣ ਲਈ ਲੋੜੀਂਦੇ ਕਦਮ ਚੁੱਕਣ ਦਾ ਅਖਤਿਆਰ ਹੈ। ਮੁੱਖ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਸਬੰਧ ’ਚ ਸੰਯੁਕਤ ਰਾਸ਼ਟਰ ਦੀ ਖ਼ੁਰਾਕ ਅਤੇ ਖੇਤੀ ਸੰਸਥਾ (ਐੱਫ. ਏ. ਓ.) ਨਾਲ ਵੀ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਐੱਫ.ਏ.ਓ. ਨੂੰ ਵੀ ਕਿਹਾ ਜਾਣਾ ਚਾਹੀਦਾ ਹੈ ਕਿ ਉਹ ਪਾਕਿਸਤਾਨ ਨਾਲ ਟਿੱਡੀ ਦਲ ਦੇ ਜਨਮ ਨੂੰ ਰੋਕਣ ਲਈ ਅਸਰਦਾਰ ਕਦਮ ਚੁੱਕਣ ਲਈ ਗੱਲਬਾਤ ਚਲਾਵੇ ਕਿਉਂਕਿ ਟਿੱਡੀ ਦਲ ਦੇ ਹਮਲਿਆਂ ਕਾਰਣ ਫ਼ਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਕੌਮੀ ਪੱਧਰ ’ਤੇ ਵੀ ਟਿੱਡੀ ਦਲ ’ਤੇ ਕਾਬੂ ਪਾਉਣ ਬਾਰੇ ਰਣਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਨੇ ਤਾੜਨਾ ਕੀਤੀ ਕਿ ਜੇਕਰ ਇਸ ਸਬੰਧੀ ਕੋਈ ਲਾਪਰਵਾਹੀ ਹੋਈ ਤਾਂ ਇਸ ਦੇ ਗੰਭੀਰ ਸਿੱਟੇ ਸਾਹਮਣੇ ਆ ਸਕਦੇ ਹਨ ਅਤੇ ਦੇਸ਼ ਦੀ ਖੇਤੀ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ । ਜੇਕਰ ਖੇਤੀ ਉਤਪਾਦਨ ਘਟਿਆ ਤਾਂ ਖੇਤੀ ਵਸਤਾਂ ਦੀਆਂ ਕੀਮਤਾਂ ’ਤੇ ਵੀ ਇਸ ਦਾ ਅਸਰ ਪਵੇਗਾ ਅਤੇ ਨਾਲ ਹੀ ਦੇਸ਼ ਦੀ ਖ਼ੁਰਾਕ ਸੁਰੱਖਿਆ ਵੀ ਖ਼ਤਰੇ ’ਚ ਪੈ ਜਾਵੇਗੀ। ਦੱਸਣਯੋਗ ਹੈ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਖੇਤੀ ਵਿਭਾਗ ਨੇ ਪਹਿਲਾਂ ਹੀ ਵਿਸ਼ੇਸ਼ ਨਿਗਰਾਨੀ ਅਤੇ ਸਰਵੇਖਣ ਟੀਮਾਂ ਭੇਜ ਦਿੱਤੀਆਂ ਹਨ। ਇਨ੍ਹਾਂ ਟੀਮਾਂ ਨੂੰ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਤੋਂ ਇਲਾਵਾ ਰਾਜਸਥਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ ’ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਨੂੰ ਵੀ ਅਬੋਹਰ ਅਤੇ ਨਾਲ ਲੱਗਦੇ ਖੇਤਰਾਂ ਦੇ ਲਗਾਤਾਰ ਦੌਰੇ ਕਰ ਕੇ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ ।

Babita

This news is Content Editor Babita