ਕੈਪਟਨ ਨੇ ਸੰਸਦ ਮੈਂਬਰਾਂ ਦੀ ਮੀਟਿੰਗ ਦੌਰਾਨ ਪੰਜਾਬ ਦੇ ਰਾਜ ਸਭਾ ਮੈਂਬਰਾਂ ਨੂੰ ਕੀਤਾ ਲਾਂਭੇ

07/18/2019 10:49:44 AM

ਜਲੰਧਰ (ਚੋਪੜਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਵੱਲੋਂ ਸੰਸਦ ਭਵਨ ਦੇ ਕੇਂਦਰੀ ਹਾਲ 'ਚ ਕਾਂਗਰਸੀ ਸੰਸਦ ਮੈਂਬਰਾਂ ਨਾਲ ਮੀਟਿੰਗ 'ਚ ਲੋਕ ਸਭਾ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਤਾਂ ਮੌਜੂਦ ਸਨ ਪਰ ਇਸ ਮੀਟਿੰਗ 'ਚ ਰਾਜ ਸਭਾ 'ਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸੀ ਸੰਸਦ ਮੈਂਬਰਾਂ ਦੀ ਗੈਰ-ਹਾਜ਼ਰੀ ਨੇ ਸਿਆਸੀ ਗਲਿਆਰਿਆਂ 'ਚ ਖਾਸੀ ਚਰਚਾ ਛੇੜ ਦਿੱਤੀ ਹੈ। ਰਾਜ ਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਅਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਅਤੇ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੇ ਮੀਟਿੰਗ ਤੋਂ ਦੂਰੀ ਬਣਾਈ ਰੱਖੀ। ਉਥੇ ਹੀ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਗੈਰ-ਹਾਜ਼ਰ ਰਹੇ। ਜਦਕਿ ਮੀਟਿੰਗ ਦੇ ਸਬੰਧ 'ਚ ਕਾਂਗਰਸੀ ਸੰਸਦ ਮੈਂਬਰਾਂ ਨੂੰ ਪਹਿਲਾਂ ਤੋਂ ਹੀ ਸੂਚਨਾ ਦੇ ਦਿੱਤੀ ਗਈ ਸੀ। ਲਗਭਗ ਇਕ ਘੰਟਾ ਚੱਲੀ ਇਸ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਮੁਖੀ ਆਸ਼ਾ ਕੁਮਾਰੀ ਵੀ ਮੌਜੂਦ ਸੀ। ਮੀਟਿੰਗ ਦੌਰਾਨ ਹਾਜ਼ਰ ਕਾਂਗਰਸੀ ਸੰਸਦ ਮੈਂਬਰਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ, ਮਨੀਸ਼ ਤਿਵਾੜੀ, ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ, ਸੰਤੋਖ ਚੌਧਰੀ, ਡਾ. ਅਮਰ ਸਿੰਘ, ਮੁਹੰਮਦ ਸਦੀਕ ਸ਼ਾਮਲ ਸਨ। ਮੀਟਿੰਗ 'ਚ ਪੰਜਾਬ ਕਾਂਗਰਸ ਮਾਮਲਿਆਂ ਦੀ ਮੁਖੀ ਆਸ਼ਾ ਕੁਮਾਰੀ ਨੇ ਵੀ ਭਾਗ ਲਿਆ ਪਰ ਰਾਜ ਸਭਾ ਮੈਂਬਰਾਂ ਵਲੋਂ ਨਜ਼ਰ-ਅੰਦਾਜ਼ਗੀ ਨੇ ਕਾਂਗਰਸੀ ਖੇਮੇ 'ਚ ਖਾਸੀ ਹਲਚਲ ਮਚਾ ਦਿੱਤੀ ਹੈ ਕਿਉਂਕਿ ਤਿੰਨੇ ਰਾਜ ਸਭਾ ਮੈਂਬਰ ਅਜਿਹੇ ਟਕਸਾਲੀ ਕਾਂਗਰਸੀ ਪਰਿਵਾਰਾਂ ਨਾਲ ਸਬੰਧਤ ਹਨ, ਜਿਨ੍ਹਾਂ ਨੇ ਦਹਾਕਿਆਂ ਤੱਕ ਪਾਰਟੀ ਦੀ ਸੇਵਾ ਕੀਤੀ ਹੈ। ਇਨ੍ਹਾਂ 'ਚ ਬਾਜਵਾ ਅਤੇ ਦੂਲੋ ਦਾ ਤਾਂ ਕੈਪਟਨ ਅਮਰਿੰਦਰ ਨਾਲ 36 ਦਾ ਅੰਕੜਾ ਵੀ ਰਿਹਾ ਹੈ।

ਇਕ ਸੀਨੀਅਰ ਕਾਂਗਰਸ ਨੇਤਾ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਕੈਪਟਨ ਅਮਰਿੰਦਰ ਦੇ ਹੱਥ ਸੂਬੇ ਦੀ ਕਮਾਨ ਆਉਣ ਤੋਂ ਬਾਅਦ ਪੁਰਾਣੇ ਅਤੇ ਟਕਸਾਲੀ ਕਾਂਗਰਸੀ ਪੂਰੀ ਤਰ੍ਹਾਂ ਲਾਂਭੇ ਕਰ ਦਿੱਤੇ ਗਏ ਹਨ। ਕਾਂਗਰਸ 'ਚ ਦਲ ਬਦਲੂਆਂ ਦਾ ਬੋਲਬਾਲਾ ਹੈ। ਪੰਜਾਬ ਕੈਬਨਿਟ 'ਚ ਵੀ ਕੁਝ ਅਜਿਹੇ ਚਿਹਰੇ ਸ਼ਾਮਲ ਹਨ ਜੋ ਕਿ ਦੂਜੀਆਂ ਸਿਆਸੀ ਪਾਰਟੀਆਂ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਸਨ ਅਤੇ ਅੱਜ ਸੱਤਾ ਦਾ ਸੁੱਖ ਮਾਣ ਰਹੇ ਹਨ। ਉਕਤ ਸੀਨੀਅਰ ਨੇਤਾ ਦਾ ਕਹਿਣਾ ਹੈ ਕਿ ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ ਵਾਂਗ ਪੰਜਾਬ ਕਾਂਗਰਸ 'ਚ ਵੀ ਵਿਦਰੋਹ ਦਾ ਜਵਾਲਾਮੁਖੀ ਭਖ ਰਿਹਾ ਹੈ। ਸਿਰਫ ਸਹੀ ਸਮੇਂ ਦੇ ਇੰਤਜ਼ਾਰ 'ਚ ਲਾਂਭੇ ਕੀਤੇ ਗਏ ਕਾਂਗਰਸੀ ਆਪਣੀਆਂ ਅੱਖਾਂ ਬੰਦ ਕਰਕੇ ਚੁੱਪ ਵੱਟੇ ਹੋਏ ਹਨ। ਇਕ ਹੋਰ ਸੀਨੀਅਰ ਕਾਂਗਰਸੀ ਨੇਤਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਲੋਕ ਸਭਾ ਮੈਂਬਰਾਂ ਨੂੰ ਤਾਂ ਪ੍ਰੇਰਿਤ ਕਰਦੇ ਹਨ ਕਿ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਮੁੱਦਿਆਂ ਨੂੰ ਲੋਕ ਸਭਾ 'ਚ ਮਜ਼ਬੂਤੀ ਨਾਲ ਉਠਾਉਣ ਤਾਂ ਕਿ ਇਨ੍ਹਾਂ ਮਾਮਲਿਆਂ ਦੇ ਨਿਪਟਾਰੇ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ ਪਰ ਇਸ ਸਾਰੇ ਮਾਮਲੇ ਨਾਲ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਕਾਂਗਰਸ ਨੂੰ ਰਾਜ ਸਭਾ 'ਚ ਇਨ੍ਹਾਂ ਮਸਲਿਆਂ ਦੇ ਸਮਰਥਨ ਦੀ ਕੋਈ ਜ਼ਰੂਰਤ ਨਹੀਂ ਹੈ। ਕੀ ਅੱਜ ਤੱਕ ਉਨ੍ਹਾਂ ਵੱਲੋਂ ਚੁੱਕੇ ਗਏ ਮਸਲੇ ਪ੍ਰਭਾਵਹੀਣ ਸਨ?

ਇਕ ਹੋਰ ਸੀਨੀਅਰ ਕਾਂਗਰਸੀ ਨੇਤਾ ਦਾ ਮੰਨਣਾ ਹੈ ਕਿ ਸਮੁੱਚੇ ਦੇਸ਼ ਵਾਂਗ ਪੰਜਾਬ 'ਚ ਹੀ ਕਾਂਗਰਸ ਸੰਕਟ ਦੇ ਮੁਹਾਣੇ 'ਤੇ ਖੜ੍ਹੀ ਹੈ ਅਤੇ ਮੌਜੂਦਾ ਸਥਿਤੀ ਅਜਿਹੀ ਹੈ ਕਿ ਪਾਰਟੀ ਕੇਡਰ ਦੇ ਅੰਦਰ ਭਖ ਰਿਹਾ ਜਵਾਲਾਮੁਖੀ ਕਿਸੇ ਵੀ ਵੇਲੇ ਫਟ ਸਕਦਾ ਹੈ। ਇਕ ਪਾਸੇ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ, ਉਥੇ ਹੀ ਕਾਂਗਰਸੀ ਵਿਧਾਇਕਾਂ ਦੀ ਕਿਸੇ ਪੱਧਰ 'ਤੇ ਸੁਣਵਾਈ ਨਾ ਹੋਣ ਕਾਰਣ ਉਨ੍ਹਾਂ ਵਿਚ ਨਾਰਾਜ਼ਗੀ ਵੱਧਦੀ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਪਹਿਲੇ ਢਾਈ ਸਾਲਾਂ 'ਚ ਕਾਂਗਰਸੀ ਨੇਤਾ ਨਿਗਮ, ਬੋਰਡਾਂ ਅਤੇ ਚੇਅਰਮੈਨੀਆਂ ਨੂੰ ਤਰਸਦੇ ਰਹੇ ਪਰ ਹੁਣ ਬੀਤੇ ਦਿਨੀਂ ਕਈ ਨਿਯੁਕਤੀਆਂ ਨੇ ਪਾਰਟੀ ਕੇਡਰ 'ਚ ਨਾਰਾਜ਼ਗੀ ਨੂੰ ਖਾਸਾ ਵਧਾ ਦਿੱਤਾ ਹੈ। ਹੁਣ ਬਾਜਵਾ, ਦੂਲੋ, ਅੰਬਿਕਾ ਅਤੇ ਬਿੱਟੂ ਦੀ ਗੈਰ-ਹਾਜ਼ਰੀ ਨਾਲ ਸਾਬਤ ਹੁੰਦਾ ਹੈ ਕਿ ਧੜੇਬਾਜ਼ੀ ਅਤੇ ਪਾਰਟੀ 'ਚ ਖੁਦ ਨੂੰ ਆਲਾ ਦਰਜੇ ਦਾ ਸਾਬਿਤ ਕਰਨ ਦੀ ਲਾਲਸਾ ਕਾਰਣ ਕੀ ਕਾਂਗਰਸ 'ਚ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਦੀ ਸਥਿਤੀ ਬਣ ਚੁੱਕੀ ਹੈ।

ਭਗਵਾਨ ਦੇ ਘਰ ਤੋਂ ਇਲਾਵਾ ਬਿਨ ਬੁਲਾਏ ਕਿਤੇ ਨਹੀਂ ਜਾਂਦਾ : ਪ੍ਰਤਾਪ ਸਿੰਘ ਬਾਜਵਾ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਨਾਲ ਸੰਸਦ ਮੈਂਬਰਾਂ ਦੀ ਮੀਟਿੰਗ 'ਚ ਗੈਰ-ਹਾਜ਼ਰ ਰਹਿਣ 'ਤੇ ਦੱਸਿਆ ਕਿ ਉਨ੍ਹਾਂ ਨੂੰ ਮੀਟਿੰਗ 'ਚ ਸ਼ਾਮਲ ਹੋਣ ਲਈ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ, ਜਦਕਿ ਸੰਸਦ ਮੈਂਬਰਾਂ ਨੂੰ ਇਸ ਸਬੰਧ 'ਚ ਪਹਿਲਾਂ ਤੋਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਬਾਜਵਾ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦਫਤਰ ਨੇ ਮੀਟਿੰਗ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਅਤੇ ਨਾ ਹੀ ਸੂਬਾ ਪ੍ਰਧਾਨ ਆਸ਼ਾ ਕੁਮਾਰੀ ਨੇ ਕੋਈ ਜਾਣਕਾਰੀ ਦਿੱਤੀ। ਬਾਜਵਾ ਨੇ ਕਿਹਾ ਕਿ ਉਹ ਭਗਵਾਨ ਦੇ ਘਰ ਤੋਂ ਇਲਾਵਾ ਬਿਨ ਬੁਲਾਏ ਕਿਤੇ ਨਹੀਂ ਜਾਂਦੇ, ਹਾਂ ਉਹ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਹਮੇਸ਼ਾ ਤੋਂ ਹੀ ਗੰਭੀਰ ਰਹੇ ਹਨ ਅਤੇ ਸਮੇਂ-ਸਮੇਂ 'ਤੇ ਇਨ੍ਹਾਂ ਮਸਲਿਆਂ ਨੂੰ ਰਾਜ ਸਭਾ 'ਚ ਚੁੱਕ ਰਹੇ ਹਨ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਰਾਜ ਸਭਾ ਅਤੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਇਕੱਠਿਆਂ ਬਿਠਾ ਕੇ ਸੂਬੇ ਦੇ ਉਨ੍ਹਾਂ ਗੰਭੀਰ ਮੁੱਦਿਆਂ 'ਤੇ ਇਕਸੁਰਤਾ ਬਿਠਾਉਣੀ ਚਾਹੀਦੀ ਸੀ ਤਾਂ ਕਿ ਦੋਵਾਂ ਸਦਨਾਂ ਵਿਚ ਕਾਂਗਰਸ ਕੇਂਦਰ ਸਰਕਾਰ ਨੂੰ ਇਨ੍ਹਾਂ ਮਾਮਲਿਆਂ 'ਚ ਇਕੱਠਿਆਂ ਘੇਰ ਸਕਦੀ।

ਕੈਪਟਨ ਅਮਰਿੰਦਰ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਨੂੰ ਮੀਟਿੰਗ 'ਚ ਕਿਉਂ ਨਹੀਂ ਬੁਲਾਇਆ : ਸ਼ਮਸ਼ੇਰ ਦੂਲੋ
ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਠਕ 'ਚ ਸ਼ਾਮਲ ਹੋਣ ਲਈ ਕੋਈ ਸੱਦਾ ਨਹੀਂ ਮਿਲਿਆ, ਜਦਕਿ ਲੋਕ ਸਭਾ ਦੇ ਸਾਰੇ ਮੈਂਬਰਾਂ ਨੂੰ ਪਹਿਲਾਂ ਹੀ ਮੈਸੇਜ ਦਿੱਤੇ ਗਏ ਸਨ। ਰਾਜ ਸਭਾ ਦੇ ਤਿੰਨਾਂ ਮੈਂਬਰਾਂ ਨੂੰ ਨਾ ਬੁਲਾਉਣਾ ਉਨ੍ਹਾਂ ਦੀ ਸਮਝ ਤੋਂ ਪਰ੍ਹੇ ਹੈ। ਹੁਣ ਮੀਟਿੰਗ 'ਚ ਕਿਉਂ ਨਹੀਂ ਬੁਲਾਇਆ ਗਿਆ, ਇਸ ਦਾ ਜਵਾਬ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਦੇ ਸਕਦੇ ਹਨ। ਦੂਲੋ ਨੇ ਕਿਹਾ ਕਿ ਸਾਨੂੰ ਕੋਈ ਮੀਟਿੰਗ 'ਚ ਬੁਲਾਏ ਜਾਂ ਨਾ ਬੁਲਾਏ ਪਰ ਅਸੀਂ ਪੰਜਾਬ ਦੇ ਹਿੱਤਾਂ ਨਾਲ ਸਬੰਧਤ ਮਸਲਿਆਂ ਨੂੰ ਰਾਜ ਸਭਾ 'ਚ ਲਗਾਤਾਰ ਚੁੱਕ ਰਹੇ ਹਾਂ। ਜੇਕਰ ਬਾਕੀ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਮੈਂ ਤਾਂ ਇੰਦਰਾ ਕਾਂਗਰਸ ਦੇ ਫਾਊਂਡਰ ਮੈਂਬਰ ਰਿਹਾ ਹਾਂ। ਮੈਂ ਲਗਾਤਾਰ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਸੰਸਦ 'ਚ ਪਾਣੀ ਦੇ ਮਸਲੇ, ਸੂਬੇ ਵਿਚ ਫੈਲੇ ਡਰੱਗਜ਼ , ਕਿਸਾਨਾਂ ਦੀਆਂ ਆਤਮਹੱਤਿਆਵਾਂ, ਪੋਸਟ ਮੈਟ੍ਰਿਕ ਸਕਾਲਰਸ਼ਿਪ ਵਰਗੇ ਮੁੱਦੇ ਰਾਜ ਸਭਾ 'ਚ ਚੁੱਕੇ ਹਨ ਅਤੇ ਅੱਗੇ ਵੀ ਆਪਣਾ ਫਰਜ਼ ਨਿਭਾਉਂਦਾ ਰਹਾਂਗਾ।

shivani attri

This news is Content Editor shivani attri