ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਵਿਚ ਨਵਜੋਤ ਸਿੱਧੂ ਦਾ ਪਹਿਲਾ ਛੱਕਾ

07/18/2021 8:39:56 PM

ਪਟਿਆਲਾ (ਮਨਦੀਪ ਸਿੰਘ ਜੋਸਨ/ਅਲੀ) : ਮੁੱਖ ਮੰਤਰੀ ਨਾਲ ਚੱਲ ਰਹੇ ਵਿਵਾਦ ਦਰਮਿਆਨ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਵਿਚ ਪਹਿਲਾ ‘ਛੱਕਾ ਠੋਕ’ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਅੱਜ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਰਿਹਾਇਸ਼ 'ਤੇ ਸਕਤੀ ਪ੍ਰਦਰਸਨ ਕੀਤਾ ਜਿੱਥੇ ਸੈਂਕੜੇ ਵਰਕਰਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਉਥੇ ਉਨ੍ਹਾਂ ਕੈਬਿਨਟ ਮੰਤਰੀ ਰੰਧਾਵਾ ਸਮੇਤ ਅੱਧਾ ਦਰਜਨ ਵਿਧਾਇਕਾਂ ਨਾਲ ਡੇਢ ਘੰਟਾ ਲੰਮੀ ਮੀਟਿੰਗ ਕੀਤੀ, ਜਿਸ ਦੀ ਸਾਰਾ ਦਿਨ ਜ਼ਿਲ੍ਹਾ ਪਟਿਆਲਾ ਵਿਚ ਵੱਡੀ ਚਰਚਾ ਰਹੀ। ਇਸ ਦੌਰਾਨ ਖਾਸ ਇਹ ਰਹੀ ਕਿ ਸ਼ਨੀਵਾਰ ਨੂੰ ਜਿੱਥੇ ਨਵਜੋਤ ਸਿੱਧੂ ਦੀ ਰਿਹਾਇਸ਼ ’ਤੇ ਪਟਿਆਲਾ ਜ਼ਿਲ੍ਹੇ ਦਾ ਇਕ ਵੀ ਵਿਧਾਇਕ ਨਹੀਂ ਸੀ ਪਹੁੰਚਿਆ, ਉਥੇ ਹੀ ਅੱਜ ਐਤਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਹੀ ਸ਼ੁਤਰਾਣਾ ਹਲਕੇ ਦੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਵੀ ਸਿੱਧੂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਨਜ਼ਰ ਆਏ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਤਿਆਰੀ ’ਚ ਅਕਾਲੀ ਦਲ, ਕਾਂਗਰਸ-‘ਆਪ’ ਸਾਹਮਣੇ ਲਿਆਂਦੇ ਨਵੇਂ ਸਮੀਕਰਣ

ਇਸ ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਮਦਨ ਲਾਲ ਜਲਾਲਪੁਰ, ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਵਿਧਾਇਕ ਦਰਸ਼ਨ ਸਿੰਘ ਬਰਾੜ, ਵਿਧਾਇਕ ਵਰਿੰਦਰ ਸਿੰਘ ਪਹਾੜਾ, ਵਿਧਾਇਕ ਨਿਰਮਣ ਸਿੰਘ ਸ਼ੁਤਰਾਣਾ, ਜੋਲੀ ਜਲਾਲਪੁਰ, ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਊਂਟਸਰ ਅਤੇ ਹੋਰ ਵੀ ਕਈ ਸੀਨੀਅਰ ਮੌਜੂਦ ਰਹੇ। ਅਮਰਿੰਦਰ ਦੇ ਜਿਲੇ 'ਚ ਇਹ ਮੀਟਿੰਗ ਕਰਕੇ ਸਿੱਧੂ ਪੂਰੀ ਤਰ੍ਹਾਂ ਬਾਗੋਬਾਗ ਨਜ਼ਰ ਆਏ। ਨਵਜੋਤ ਸਿੰਘ ਸਿੱਧੂ ਨੇ ਭਾਵੇਂ ਪਹਿਲਾਂ ਦੀ ਤਰ੍ਹਾਂ ਅੱਜ ਵੀ ਮੀਡੀਆ ਨਾਲ ਗੱਲ ਨਾ ਕੀਤੀ ਪਰ ਉਨ੍ਹਾਂ ਨੇ ਮੀਡੀਆ ਨੂੰ ਇੰਨਾ ਜ਼ਰੂਰ ਕਿਹਾ ਕਿ ਥੋੜੇ ਦਿਨ ਚੁੱਪ ਰਹਿਣ ਦਿਓ। ਫਿਰ ਬੋਲਣ ਦੀ ਵਾਰੀ ਹੀ ਹੈ। ਦਿਲਚਸਪ ਗੱਲ ਹੈ ਕਿ ਜਿੱਥੇ ਸਿੱਧੂ ਚੁੱਪ ਰਹੇ, ਉੱਥੇ ਉਨ੍ਹਾਂ ਦੇ ਨਾਲ ਬੈਠੇ ਕੈਬਨਿਟ ਮੰਤਰੀ ਰੰਧਾਵਾ ਅਤੇ ਹੋਰ ਵਿਧਾਇਕਾਂ ਨੇ ਜਮਕੇ ਆਪਣੀ ਭੜਾਸ ਕੱਢੀ। 

ਵਿਧਾਇਕ ਸ਼ੁਤਰਾਣਾ ਨਵਜੋਤ ਸਿੱਧੂ ਦੀ ਗੱਡੀ 'ਚ ਬੈਠ ਕੇ ਆਏ 
ਕੈ. ਅਮਰਿੰਦਰ ਸਿੰਘ ਦੇ ਜਿਲੇ ਦੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਵਿਧਾਇਕ ਜਲਾਲਪੁਰ ਦੀ ਰਿਹਾਇਸ਼ 'ਤੇ ਨਵਜੋਤ ਸਿੰਘ ਸਿੱਧੂ ਦੀ ਗੱਡੀ ਵਿੱਚ ਬੈਠ ਕੇ ਹੀ ਆਏ। ਇਸਤੋਂ ਪਹਿਲਾਂ ਸਿੱਧੂ ਨੇ ਆਪਣੀ ਰਿਹਾਇਸ਼ 'ਤੇ ਨਿਰਮਲ ਸਿੰਘ ਸ਼ੁਤਰਾਣਾ ਨਾਲ ਵੀ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਆਪਣੇ ਨਾਲ ਲਿਆਂਦਾ। ਯਾਦ ਰਹੇ ਕਿ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਉਨ੍ਹਾਂ ਨੂੰ ਕੱਲ ਹੀ ਮਿਲ ਚੁੱਕੇ ਹਨ। 

ਨਵਜੋਤ ਸਿੱਧੂ ਆਉਣ ਵਾਲੇ ਪੰਜਾਬ ਦਾ ਭਵਿੱਖ: ਜਲਾਲਪੁਰ 
ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਆਖਿਆ ਕਿ ਸ. ਨਵਜੋਤ ਸਿੰਘ ਸਿੱਧੂ ਆਉਣ ਵਾਲੇ ਪੰਜਾਬ ਦਾ ਭਵਿੱਖ ਹਨ। ਉਨ੍ਹਾਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣਾ ਲਗਭਗ ਤੈਅ ਹੈ। ਸਿਰਫ ਅਨਾਊਸਮੈਂਟ ਹੀ ਬਾਕੀ ਹੈ। ਉਨ੍ਹਾਂ ਆਖਿਆ ਕਿ ਹੁਣ ਕਾਂਗਰਸ ਮੁੜ ਪੰਜਾਬ ਵਿੱਚ 90 ਤੋਂ ਵੱਧ ਸੀਟਾਂ ਪ੍ਰਾਪਤ ਕਰੇਗੀ। ਜਲਾਲਪੁਰ ਨੇ ਆਖਿਆ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵੀ ਸਾਡੇ ਸਤਿਕਾਰਯੋਗ ਹਨ ਪਰ ਸਿੱਧੂ ਨੌਜਵਾਨ ਹੋਣ ਕਾਰਨ ਲੋਕਾਂ ਦੀ ਪਸੰਦ ਬਣ ਚੁੱਕੇ ਹਨ। ਜਲਾਲਪੁਰ ਨੇ ਆਖਿਆ ਕਿ ਸਾਢੇ ਚਾਰ ਸਾਲ ਜਿਹੜੀਆਂ ਕਮੀਆਂ ਰਹਿ ਗਈਆਂ ਸਨ, ਉਨ੍ਹਾਂ ਨੂੰ ਹੁਣ ਕੈ. ਅਮਰਿੰਦਰ ਸਿੰਘ ਦੂਰ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਸਮੁੱਚੇ ਨੇਤਾਵਾਂ ਨੂੰ ਮਿਲ ਰਹੇ ਹਨ ਤੇ ਜਿਲੇ ਵਿੱਚ ਹਲਕਾ ਘਨੌਰ ਅੰਦਰ ਉਹ ਆਏ ਹਨ, ਇਸ ਲਈ ਅਸੀਂ ਉਨ੍ਹਾਂ ਦਾ ਸਵਾਗਤ ਕੀਤਾ ਹੈ।  

ਇਹ ਵੀ ਪੜ੍ਹੋ : ਕੈਪਟਨ-ਸਿੱਧੂ ਵਿਵਾਦ ਦੌਰਾਨ ਵੱਡੀ ਖ਼ਬਰ, ਸੋਮਵਾਰ ਨੂੰ ਸੋਨੀਆ ਗਾਂਧੀ ਨੇ ਸੱਦੀ ਸਾਂਸਦਾ ਦੀ ਬੈਠਕ


ਅੱਗੇ-ਅੱਗੇ ਵੇਖੋ ਹੁੰਦਾ ਹੈ ਕਿ: ਸਾਢੇ ਚਾਰ ਸਾਲ ਸਰਕਾਰ ਸੁੱਤੀ ਰਹੀ : ਦਰਸ਼ਨ
ਬਰਾੜ ਇਸ ਮੌਕੇ ਪੁੱਜੇ ਕਾਂਗਰਸ ਦੇ ਸੀਨੀਅਰ ਵਿਧਾਇਕ ਦਰਸ਼ਨ ਬਰਾੜ ਨੇ ਆਖਿਆ ਕਿ ਅੱਗੇ ਅੱਗੇ ਵੇਖੋ ਹੁੰਦਾ ਹੈ ਕਿ, ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਸਰਕਾਰ ਸੁੱਤੀ ਰਹੀ ਪਰ ਹੁਣ ਸਿੱਧੂ ਦੇ ਆਉਣ ਨਾਲ ਜਾਗ ਚੁੱਕੀ ਹੈ। ਉਨ੍ਹਾਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਦਾ ਜੋ ਫੈਸਲਾ ਹੋ ਰਿਹਾ ਹੈ, ਉਸ ਤੋਂ ਸਮੁੱਚਾ ਪੰਜਾਬ ਪੂਰੀ ਤਰ੍ਹਾਂ ਖੁਸ਼ ਹੈ। ਉਨ੍ਹਾਂ ਆਖਿਆ ਕਿ ਸਿੱਧੂ ਦੇ ਪ੍ਰਧਾਨ ਬਣਨ ਨਾਲ ਹੁਣ ਪੰਜਾਬ ਵਿੱਚ ਮੁੜ ਕਾਂਗਰਸ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਕੈ. ਅਮਰਿੰਦਰ ਸਿੰਘ ਨੂੰ ਸਿੱਧੂ ਦੇ ਪ੍ਰਧਾਨ ਬਣਨ ਨਾਲ ਕੋਈ ਨਾਰਾਜਗੀ ਨਹੀਂ ਤੇ ਅਕਾਲੀ ਦਲ ਨੂੰ ਪੰਜਾਬ ਵਿੱਚ 117 ਵਿੱਚ ਸਿਰਫ 7 ਸੀਟਾਂ ਹੀ ਮਿਲਣਗੀਆਂ। ਬਰਾੜ ਨੇ ਇਸ ਮੌਕੇ ਆਪਣੀ ਸਰਕਾਰ ਦੀਆਂ ਖਾਮੀਆਂ ਵੀ ਗਿਣਵਾਈਆਂ।  

ਇਹ ਵੀ ਪੜ੍ਹੋ : ਨਹੀਂ ਦੂਰ ਹੋਈ ਕੈਪਟਨ ਦੀ ਨਾਰਾਜ਼ਗੀ, ਕਿਹਾ ਪਹਿਲਾਂ ਮੁਆਫ਼ੀ ਮੰਗੇ ਸਿੱਧੂ ਫਿਰ ਹੋਵੇਗੀ ਮੁਲਾਕਾਤ

ਸ਼ਨੀਵਾਰ ਨੂੰ ਕਈ ਮੰਤਰੀਆਂ ਤੇ ਵਿਧਾਇਕਾਂ ਨੂੰ ਮਿਲੇ ਸਨ ਸਿੱਧੂ
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਵੀ ਨਵਜੋਤ ਸਿੱਧੂ ਵਲੋਂ ਕਈ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਗਈ। ਸ਼ਨੀਵਾਰ ਸਵੇਰੇ ਸਿੱਧੂ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ ਜਿੱਥੇ ਉਨ੍ਹਾਂ ਪੱਤਰਕਾਰਾਂ ਸਾਹਮਣੇ ਜਾਖੜ ਨੂੰ ਜੱਫ਼ੀ ਪਾ ਕੇ ਏਕੇ ਦਾ ਸਬੂਤ ਦਿੱਤਾ। ਜਾਖੜ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਪਹੁੰਚੇ, ਉਪਰੰਤ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨਾਲ ਵੀ ਮੁਲਾਕਾਤ ਕੀਤੀ।

ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਕਾਂਗੜ, ਬਲਬੀਰ ਸਿੰਘ ਸਿੱਧੂ, ਲਾਲ ਸਿੰਘ ਨਾਲ ਸਿੱਧੂ ਵਲੋਂ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਰਾਜਾ ਵੜਿੰਗ, ਦਵਿੰਦਰ ਸਿੰਘ ਘੁਬਾਇਆ, ਬਰਿੰਦਰ ਪਾਹੜਾ, ਦਰਸ਼ਨ ਸਿੰਘ ਬਰਾੜ, ਰਾਜਿੰਦਰ ਸਿੰਘ ਕਾਕਾ, ਪ੍ਰੀਤਮ ਕੋਟਭਾਈ ਅਤੇ ਕੁਲਬੀਰ ਜ਼ੀਰਾ ਦੇ ਨਾਲ ਹੀ ਰਹੇ। ਇਸ ਮੌਕੇ ਖਾਸ ਗੱਲ ਇਹ ਰਹੀ ਕਿ ਰਾਜਾ ਵੜਿੰਗ ਖੁਦ ਸਿੱਧੂ ਦੀ ਗੱਡੀ ਚਲਾਉਂਦੇ ਨਜ਼ਰ ਆਏ।

ਇਹ ਵੀ ਪੜ੍ਹੋ : ਜੋਸ਼ ਨਾਲ ਲਬਰੇਜ ਨਵਜੋਤ ਸਿੱਧੂ ਨੇ ਕੀਤਾ ਨਵਾਂ ਟਵੀਟ, ਆਖੀ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh