ਗੁਰਦਾਸਪੁਰ ''ਚ ਹੋਏ ਸ਼ਹੀਦ ਦੇ ਪਰਿਵਾਰ ਦੇ ਹਮਲੇ ''ਤੇ ਮੁੱਖ ਮੰਤਰੀ ਕੈਪਟਨ ਸਖਤ, ਦਿੱਤੇ ਕਾਰਵਾਈ ਦੇ ਹੁਕਮ

05/15/2017 7:22:22 PM

ਚੰਡੀਗੜ੍ਹ : ਪਠਾਨਕੋਟ ਦੇ ਸ਼ਹੀਦ ਕੁਲਵੰਤ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਉਪਰ ਹੋਏ ਹਮਲੇ ਸੰਬੰਧੀ ਪੰਜਾਬ ਪੁਲਸ ਨੇ ਆਪਣੀ ਵਿਸਤ੍ਰਤ ਰਿਪੋਰਟ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਭਗੌੜੇ ਦੋਸ਼ੀਆਂ ਨੂੰ ਫੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐਤਵਾਰ ਨੂੰ ਸੋਸ਼ਲ ਮੀਡੀਆ ''ਤੇ ਇਹ ਘਟਨਾ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਘਟਨਾ ਬਾਰੇ ਜਾਂਚ ਲਈ ਤੁਰੰਤ ਡੀ.ਜੀ.ਪੀ ਨੂੰ ਨਿਰਦੇਸ਼ ਜਾਰੀ ਕੀਤੇ ਸਨ ਅਤੇ ਉਨ੍ਹਾਂ ਨੂੰ ਸ਼ਹੀਦ ਹਵਲਦਾਰ ਦੇ ਪਰਿਵਾਰ ਦੀ ਪੂਰੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ ਸੀ। ਮੁੱਖ ਮੰਤਰੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ''ਤੇ ਕਾਰਵਾਈ ਕਰਦੇ ਹੋਏ ਡੀ.ਜੀ.ਪੀ ਨੇ ਇਸ ਮਾਮਲੇ ਦੀ ਤੁਰੰਤ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ। ਜਾਂਚ ਟੀਮ ਦੀ ਸਾਹਮਣੇ ਇਹ ਗੱਲ ਆਈ ਕਿ ਕੁਲਵੰਤ ਸਿੰਘ ਦੇ ਭਰਾ ਹਰਦੀਪ ਨੇ ਇਕ ਏਜੰਟ ਗੁਰਨਾਮ ਸਿੰਘ, ਚੱਕ ਸ਼ਰੀਫ ਨੂੰ 9 ਲੱਖ ਰੁਪਏ ਸਾਲ 2015 ਵਿਚ ਅਮਰੀਕਾ ਜਾਣ ਲਈ ਦਿੱਤੇ ਸਨ। ਹਰਦੀਪ ਸਿੰਘ ਨੂੰ ਅਮਰੀਕਾ ਭੇਜਣ ਵਿਚ ਨਾਕਾਮ ਰਹਿਣ ਤੋਂ ਬਾਅਦ ਏਜੰਟ ਨੇ ਉਸ ਨੂੰ 3.4 ਲੱਖ ਰੁਪਏ ਮੋੜ ਦਿੱਤੇ, 1.6 ਲੱਖ ਰੁਪਏ ਦੀ ਖਰਚੇ ਵਜੋਂ ਕਟੌਤੀ ਕਰ ਲਈ ਜਦਕਿ ਬਾਕੀ ਰਹਿੰਦੀ ਚਾਰ ਲੱਖ ਰੁਪਏ ਦੀ ਰਕਮ ਉਸ ਨੇ ਤੈਅ ਸਮੇਂ ਵਿਚ ਮੋੜਨ ਦਾ ਵਾਅਦਾ ਕਰਦੇ ਹੋਏ ਇਕ ਹਲਫੀਆ ਬਿਆਨ ''ਤੇ ਹਸਤਾਖਰ ਕੀਤੇ।
ਮੁੱਖ ਮੰਤਰੀ ਨੂੰ ਪੇਸ਼ ਕੀਤੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਏਜੰਟ ਬਾਕੀ ਰਕਮ ਮੋੜਨ ਦੀ ਬਜਾਏ ਇਕ ਤੋਂ ਬਾਅਦ ਇਕ ਬਹਾਨਾ ਲਾ ਰਿਹਾ ਸੀ ਜਿਸ ਕਰਕੇ ਹਰਦੀਪ ਨੇ ਉਸ ਵਿਰੁੱਧ ਪੁਲਸ ''ਚ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ ਸੀ। ਇਸ ਮਸਲੇ ਨੂੰ ਹੱਲ ਕਰਵਾਉਣ ਲਈ ਚੱਕ ਸ਼ਰੀਫ ਪਿੰਡ ਦੇ ਸਰਪੰਚ ਨੇ ਵੀ ਦਖਲ ਦਿੱਤਾ ਸੀ ਪਰ ਉਹ ਨਾਕਾਮ ਰਿਹਾ। ਇਸ ਕਰਕੇ ਦੋਵਾਂ ਧਿਰਾਂ ਵਿਚ ਤਿੱਖੀ ਬਹਿਸਬਾਜ਼ੀ ਚਲਦੀ ਰਹੀ ਜਿਸ ਕਰਕੇ ਸਰਪੰਚ ਨੇ ਹਰਦੀਪ ਨੂੰ ਇਹ ਮਾਮਲਾ ਪੁਲਸ ਦੇ ਧਿਆਨ ''ਚ ਲਿਆਉਣ ਦੀ ਸਲਾਹ ਦਿੱਤੀ ਸੀ। ਪੁਲਸ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਹਰਦੀਪ ਅਤੇ ਉਸ ਦੀ ਪਤਨੀ ''ਤੇ ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਉਹ ਪੁਲਸ ਥਾਣੇ ਨੂੰ ਜਾਂਦੇ ਹੋਏ ਰਾਹ ਵਿਚ ਆਪਣਾ ਫੋਨ ਰੀਚਾਰਜ ਕਰਨ ਲਈ ਰੁਕੇ ਸਨ।
ਗੁਰਨਾਮ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ ਨੇ ਹਰਦੀਪ ਅਤੇ ਉਸ ਦੀ ਪਤਨੀ ਨੂੰ ਦੁਕਾਨ ਵਿਚ ਹੀ ਕੁੱਟਿਆ ਜਿਸ ਦੀ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡਿੰਗ ਹੋ ਗਈ। ਮੁੱਖ ਮੰਤਰੀ ਨੂੰ ਦੱਸਿਆ ਗਿਆ ਹੈ ਕਿ ਇਸ ਸਬੰਧ ਵਿਚ ਭੈਣੀ ਮੀਆਂ ਖਾਨ ਪੁਲਸ ਥਾਣੇ ਵਿਚ ਆਈ.ਪੀ.ਸੀ. ਦੀ ਧਾਰਾ 323, 341, 354, 148 ਅਤੇ 149 ਹੇਠ 14 ਮਈ, 2017 ਨੂੰ ਐਫ.ਆਈ.ਆਰ ਦਰਜ ਕੀਤੀ ਗਈ ਹੈ। ਐਫ.ਆਈ.ਆਰ ਵਿਚ ਹਰਦੀਪ ਦੀ ਪਤਨੀ ਕੁਲਵਿੰਦਰ ਕੌਰ ਦੇ ਬਿਆਨ ''ਤੇ ਅਧਾਰਤ 10 ਦੋਸ਼ੀਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਸਾਰੇ ਦੋਸ਼ੀ ਭਗੌੜੇ ਹੋ ਗਏ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਟੀਮਾਂ ਭੇਜੀਆਂ ਗਈਆਂ ਹਨ।

Gurminder Singh

This news is Content Editor Gurminder Singh