ਕਿਸਾਨਾਂ ਲਈ ਅਹਿਮ ਖਬਰ, ਮੰਤਰੀ ਮੰਡਲ ਅੱਜ ਲੈ ਸਕਦਾ ਹੈ ਕਰਜ਼ਾ ਮੁਆਫੀ 'ਤੇ ਵੱਡਾ ਫੈਸਲਾ

09/20/2017 12:25:10 PM

ਚੰਡੀਗੜ੍ਹ (ਭੁੱਲਰ) : ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ 20 ਸਤੰਬਰ  ਨੂੰ ਚੰਡੀਗੜ੍ਹ 'ਚ ਬੁਲਾਈ ਗਈ ਹੈ, ਜਿਸ ਵਿਚ ਕਰਜ਼ਾ ਮੁਆਫੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਇਹ ਬੈਠਕ ਹੋ ਰਹੀ ਹੈ। ਬੇਸ਼ੱਕ ਗੁਰਦਾਸਪੁਰ ਲੋਕ ਸਭਾ ਉਪ ਚੋਣ ਕਾਰਨ ਚੋਣ ਜ਼ਾਬਤੇ ਕਾਰਨ ਪੂਰੇ ਸੂਬੇ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਨਵਾਂ ਫੈਸਲਾ ਤਾਂ ਨਹੀਂ ਲਿਆ ਜਾ ਸਕਦਾ ਪਰ ਕਰਜ਼ਾ ਮੁਆਫੀ 'ਤੇ ਟੀ. ਹੱਕ ਕਮੇਟੀ ਦੀ ਅੰਤਿਮ ਰਿਪੋਰਟ 'ਤੇ ਚਰਚਾ ਤੋਂ ਬਾਅਦ 2 ਲੱਖ ਰੁਪਏ ਦੀ ਕਰਜ਼ਾ ਮੁਆਫੀ ਦੀ ਪਹਿਲਾਂ ਐਲਾਨੀ ਯੋਜਨਾ ਦਾ ਨੋਟੀਫਿਕੇਸ਼ਨ ਜਾਰੀ ਕਰਨ ਨੂੰ ਮਨਜ਼ੂਰੀ ਮਿਲ ਸਕਦੀ ਹੈ।  
ਉੱਚ ਪੱਧਰੀ ਸੂਤਰਾਂ ਅਨੁਸਾਰ ਕਰਜ਼ਾ ਮੁਆਫੀ ਦਾ ਫੈਸਲਾ ਗੁਰਦਾਸਪੁਰ ਉਪ ਚੋਣ ਦੇ ਐਲਾਨ ਤੋਂ ਪਹਿਲਾਂ ਲਿਆ ਜਾ ਚੁੱਕਾ ਹੈ, ਜਿਸ ਕਾਰਨ ਇਹ ਚੋਣ ਜ਼ਾਬਤਾ ਦੇ ਘੇਰੇ 'ਚ ਨਹੀਂ ਆਉਂਦਾ। ਮੰਤਰੀ ਮੰਡਲ ਦੀ ਬੈਠਕ 'ਚ ਕਰਜ਼ਾ ਮੁਆਫੀ ਤੋਂ ਇਲਾਵਾ ਸਿੱਖਿਆ ਨਾਲ ਸੰਬੰਧਿਤ ਅਹਿਮ ਫੈਸਲੇ ਵੀ ਲਏ ਜਾ ਸਕਦੇ ਹਨ, ਜਿਨ੍ਹਾਂ 'ਚ ਪ੍ਰੀ-ਨਰਸਰੀ ਕਲਾਸਾਂ ਦੀ ਯੋਜਨਾ ਨੂੰ ਮਨਜ਼ੂਰੀ ਤੇ ਅਧਿਆਪਕਾਂ ਦੀ ਰੈਸ਼ਨੇਲਾਈਜ਼ੇਸ਼ਨ ਦੇ ਮਾਮਲੇ ਸ਼ਾਮਲ ਦੱਸੇ ਗਏ ਹਨ। ਸੂਬੇ ਦੇ ਵਿੱਤੀ ਮਾਮਲਿਆਂ 'ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।