ਮੁੱਖ ਮੰਤਰੀ ਦੇ ਦਖਲ ਤੋਂ ਬਾਅਦ ਆੜ੍ਹਤੀਆਂ ਨੇ ਬਾਈਕਾਟ ਦਾ ਐਕਸ਼ਨ ਮੁਲਤਵੀ ਕੀਤਾ

10/05/2019 2:26:01 PM

ਚੰਡੀਗੜ੍ਹ (ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਖਲ ਤੋਂ ਬਾਅਦ ਪੰਜਾਬ ਦੀ ਆੜ੍ਹਤੀ ਐਸੋਸੀਏਸ਼ਨ ਨੇ ਪੰਜਾਬ ਦੀਆਂ ਮੰਡੀਆਂ 'ਚ ਪਹਿਲੀ ਅਕਤੂਬਰ ਤੋਂ ਸ਼ੁਰੂ ਕੀਤੇ ਗਏ ਖਰੀਦ ਦੇ ਬਾਈਕਾਟ ਦੇ ਐਕਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨਾਲ ਗੱਲਬਾਤ ਦੌਰਾਨ ਮਿਲੇ ਭਰੋਸੇ ਤੋਂ ਬਾਅਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਨੂੰ ਪੋਰਟਲ ਦੇ ਸਬੰਧ 'ਚ ਲਾਗੂ ਸਿਸਟਮ ਨੂੰ ਲੈ ਕੇ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸੋਮਵਾਰ ਨੂੰ ਐਸੋਸੀਏਸ਼ਨ ਨਾਲ ਸਰਕਾਰ ਵਲੋਂ ਮੀਟਿੰਗ ਬੁਲਾਈ ਗਈ ਹੈ।

ਐਸੋਸੀਏਸ਼ਨ ਵਲੋਂ ਖਰੀਦ ਦੇ ਬਾਈਕਾਟ ਤੋਂ ਇਲਾਵਾ ਦਿੱਤੇ ਜਾਣ ਵਾਲੇ ਧਰਨਿਆਂ ਅਤੇ ਰਾਜ ਦੇ ਮੰਤਰੀਆਂ ਅਤੇ ਪੰਜਾਬ ਨਾਲ ਸਬੰਧਤ ਕੇਂਦਰੀ ਮੰਤਰੀਆਂ ਨੂੰ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਵੀ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਚੀਮਾ ਨੇ ਕਿਹਾ ਕਿ ਆੜ੍ਹਤੀ ਐਸੋਸੀਏਸ਼ਨ ਨੇ ਇਸ ਮਾਮਲੇ ਨੂੰ ਰਾਜਨੀਤਕ ਹਿੱਤਾਂ ਤੋਂ ਉੱਪਰ ਉਠ ਕੇ ਸਰਕਾਰ ਵਲੋਂ ਹੱਲ ਕਰਨ ਲਈ ਹਾਂ-ਪੱਖੀ ਹੁੰਗਾਰਾ ਦੇਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰੀ ਖ਼ਰੀਦ ਅਧਿਕਾਰੀ ਜੇਕਰ ਝੋਨਾ ਖਰੀਦਣ ਆਉਂਦਾ ਹੈ ਤਾਂ ਆੜ੍ਹਤੀ ਇਨਕਾਰ ਨਹੀਂ ਕਰਨਗੇ। ਇਸ ਮੌਕੇ ਚੀਮਾ ਨਾਲ ਸੀਨੀਅਰ ਉਪ-ਪ੍ਰਧਾਨ ਹਰਨਾਮ ਸਿੰਘ ਅਲਾਵਲਪੁਰ ਜਨਰਲ ਸਕੱਤਰ ਜਸਵਿੰਦਰ ਸਿੰਘ ਰਾਣਾ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਲੁਧਿਆਣਾ ਸੁਰਜੀਤ ਸਿੰਘ ਭਿੱਟੇਵਿੰਡ ਅੰਮ੍ਰਿਤਸਰ, ਰਾਜ ਸੁਖੀਜਾ ਭੋਗਪੁਰ ਹਾਜ਼ਰ ਸਨ।

 

Anuradha

This news is Content Editor Anuradha