''ਕਰਤਾਰਪੁਰ ਲਾਂਘੇ'' ਲਈ ਸਿਰਫ ਸਿੱਖਾਂ ਨੂੰ ਇਜਾਜ਼ਤ ਦੇਣ ''ਤੇ ਕੈਪਟਨ ਨਾਰਾਜ਼

01/24/2019 11:53:37 AM

ਚੰਡੀਗੜ੍ਹ (ਮਨਮੋਹਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿਰਫ਼ ਸਿੱਖ ਸ਼ਰਧਾਲੂਆਂ ਨੂੰ ਇਜਾਜ਼ਤ ਦੇਣ ਸਬੰਧੀ ਪਾਕਿਸਤਾਨ ਦੇ ਪ੍ਰਸਤਾਵ 'ਤੇ ਸਖ਼ਤ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਰਵ ਵਿਆਪਕ ਗੁਰੂ ਹਨ, ਜਿਨ੍ਹਾਂ ਦੇ ਸ਼ਰਧਾਲੂ ਸਾਰੇ ਧਰਮਾਂ ਖਾਸ ਤੌਰ 'ਤੇ ਹਿੰਦੂ ਧਰਮ ਨਾਲ ਵੀ ਜੁੜੇ ਹੋਏ ਹਨ। ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜਦੋਂ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਆਪਣੇ ਅਧਿਕਾਰ ਖੇਤਰ ਵਿੱਚ ਪ੍ਰਵੇਸ਼ ਨੂੰ ਨਿਯਮਤ ਕਰਨ ਲਈ ਸਮਝੌਤੇ ਦਾ ਖਰੜਾ ਭੇਜਿਆ ਜਾਵੇਗਾ ਤਾਂ ਉਸ ਵੇਲੇ ਇਹ ਮਸਲਾ ਪਾਕਿਸਤਾਨ ਸਰਕਾਰ ਕੋਲ ਉਠਾਇਆ ਜਾਵੇ।
ਇੱਥੋਂ ਜਾਰੀ ਇਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਪਾਕਿਸਤਾਨ ਨੂੰ ਆਪਣੇ ਅਧਿਕਾਰ ਖੇਤਰ ਦੀ ਸੁਰੱਖਿਆ ਨਾਲ ਸਬੰਧਤ ਸ਼ਰਤਾਂ ਤੈਅ ਕਰਨ ਦਾ ਪੂਰਾ ਹੱਕ ਹੈ ਪਰ ਇਸ ਪੱਖ ਨੂੰ ਵੀ ਵਿਚਾਰਨਾ ਚਾਹੀਦਾ ਹੈ ਕਿ ਪਹਿਲੇ ਪਾਤਸ਼ਾਹ ਦੀ ਵਿਚਾਰਧਾਰਾ ਸਿਰਫ਼ ਸਿੱਖਾਂ ਤੱਕ ਮਹਿਦੂਦ ਨਹੀਂ, ਸਗੋਂ ਸਾਰੇ ਧਰਮਾਂ ਦੇ ਲੋਕ ਉਨਾਂ ਵੱਲੋਂ ਦਰਸਾਏ ਮਾਰਗ 'ਤੇ ਚਲਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਸਿਧਾਂਤਾਂ ਵਿੱਚ ਵਿਤਕਰੇ ਲਈ ਕੋਈ ਥਾਂ ਨਹੀਂ ਹੈ ਅਤੇ ਇੱਥੋਂ ਤੱਕ ਕਿ ਲੰਗਰ ਦੀ ਸੇਵਾ ਦਾ ਸੰਕਲਪ ਵੀ ਜਾਤ-ਪਾਤ ਤੋਂ ਰਹਿਤ ਹੈ। 
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਬਿਨਾਂ ਕਿਸੇ ਧਾਰਮਿਕ ਪੱਖਪਾਤ ਤੋਂ ਹਰੇਕ ਮਨੁੱਖ ਲਈ ਹਮੇਸ਼ਾ ਖੁੱਲੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਹਿੰਦੂ ਪਰਿਵਾਰਾਂ ਵਿੱਚ ਆਪਣੇ ਵੱਡੇ ਪੁੱਤਰਾਂ ਨੂੰ ਸਿੱਖ ਸਜਾਉਣ ਦੀ ਰਵਾਇਤ ਸਾਲਾਂਬੱਧੀ ਚੱਲਦੀ ਆਈ ਹੈ ਅਤੇ ਭਾਰਤ ਵਿੱਚ ਸਿੱਖ ਧਰਮ ਪ੍ਰਤੀ ਵਿਸ਼ਵਾਸ ਇੰਨਾ ਡੂੰਘਾ ਹੈ ਕਿ ਦੂਜੇ ਧਰਮਾਂ ਨੂੰ ਇਸ ਵਿਸ਼ਵਾਸ ਤੋਂ ਵਾਂਝਾ ਰੱਖਣ ਦੀ ਪਾਕਿਸਤਾਨ ਦੀ ਸਰਕਾਰ ਨੂੰ ਸੋਚ ਵੀ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਇਸ ਕਰਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਵਾਂਝਾ ਰੱਖਣਾ ਕਿ ਉਹ ਸਿੱਖ ਨਹੀਂ ਹਨ, ਪੂਰੀ ਤਰਾਂ ਅਨਿਆਂਪੂਰਨ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਇਹ ਮਸਲਾ ਪਾਕਿਸਤਾਨ ਸਰਕਾਰ ਨਾਲ ਪਹਿਲ ਦੇ ਆਧਾਰ 'ਤੇ ਉਠਾਉਣ ਦੀ ਅਪੀਲ ਕੀਤੀ।

Babita

This news is Content Editor Babita