ਵਿਰੋਧ ਦਾ ਅਨੋਖਾ ਤਰੀਕਾ, ਕੈਪਟਨ ਦੀ ਦੂਜੀ ਵੀਡੀਓ ਨੂੰ ''ਲਾਈਕਸ'' ਦੇ ਬਦਲੇ ਮਿਲੇ 8 ਗੁਣਾ ਵੱਧ ''ਡਿਸ-ਲਾਈਕਸ''

06/27/2021 2:32:29 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪਿਛਲੇ 1 ਦਹਾਕੇ ਤੋਂ ਆਪਣੇ ਹੱਕਾਂ ਲਈ ਜੱਦੋ-ਜਹਿਦ ਕਰ ਰਹੇ ਸੂਬੇ ਭਰ ਦੇ 7 ਹਜ਼ਾਰ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੋਂ ਤੰਗ ਆ ਕੇ ਸਰਕਾਰ ਨੂੰ ਹਰ ਮੋਰਚੇ ’ਤੇ ਘੇਰਨ ਦਾ ਮਨ ਬਣਾ ਲਿਆ ਹੈ। ਹੁਣ ਸੂਬੇ ਭਰ ਦੇ ਕੰਪਿਊਟਰ ਅਧਿਆਪਕ ਨਵੇਕਲੇ ਤਰੀਕੇ ਨਾਲ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਸਰਕਾਰ ਪ੍ਰਤੀ ਆਪਣਾ ਵਿਰੋਧ ਜ਼ਾਹਰ ਕਰ ਰਹੇ ਹਨ। ਇਸ ਦੀ ਤਾਜ਼ਾ ਉਦਾਹਰਨ ਉਦੋਂ ਵੇਖਣ ਨੂੰ ਮਿਲੀ ਜਦੋਂ ਅੱਜ ਮੁੱਖ ਮੰਤਰੀ ਦੀ 'ਨਸ਼ਾਖੋਰੀ ਵਿਰੋਧੀ ਅੰਤਰਰਾਸ਼ਟਰੀ ਦਿਵਸ ਅਤੇ ਨਾਜਾਇਜ਼ ਤਸਕਰੀ' ਸਬੰਧੀ ਵੀਡੀਓ ਕਾਨਫਰੰਸਿੰਗ ਰਾਹੀਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੀਟਿੰਗ ਦੇ ਯੂ-ਟਿਊਬ ਲਿੰਕ ਤੇ ਇਕ ਵਾਰ ਫਿਰ ਕੰਪਿਊਟਰ ਅਧਿਆਪਕਾਂ ਵੱਲੋਂ ਵੱਡੇ ਪੱਧਰ ਤੇ 'ਡਿਸ-ਲਾਈਕਸ' ਕੀਤੇ ਗਏ, ਜਿਸ ਦੇ ਚਲਦੇ ਸੂਬਾ ਸਰਕਾਰ ਦੀ ਖੂਬ ਕਿਰਕਿਰੀ ਹੋਈ।

ਇਹ ਵੀ ਪੜ੍ਹੋ : ਟਵਿੱਟਰ ’ਤੇ ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਡੀ. ਜੀ. ਪੀ. ਪੰਜਾਬ ’ਤੇ ਚੁੱਕੇ ਸਵਾਲ

ਕਾਨਫਰੰਸਿੰਗ ਤੋਂ ਪਹਿਲਾਂ ਹੀ ਸ਼ੁਰੂ ਹੋਇਆ 'ਡਿਸ-ਲਾਈਕਸ' ਦਾ ਸਿਲਸਿਲਾ
ਅੱਜ ਦੀ ਇਹ ਵੀਡੀਓ ਕਾਨਫਰੰਸਿੰਗ ਸਵੇਰੇ 11 ਵਜੇ ਸ਼ੁਰੂ ਹੋਣੀ ਸੀ ਪਰ ਇਸ ਦਾ ਯੂਟਿਊਬ ਲਿੰਕ ਸਵੇਰੇ ਹੀ ਸ਼ੇਅਰ ਕਰ ਦਿੱਤਾ ਗਿਆ ਸੀ। ਯੂ-ਟਿਊਬ ਲਿੰਕ ਸ਼ੁਰੂ ਹੁੰਦੇ ਹੀ 'ਡਿਸ-ਲਾਈਕਸ' ਵੀ ਤੁਰੰਤ ਸ਼ੁਰੂ ਹੋ ਗਏ। ਆਲਮ ਇਹ ਸੀ ਕਿ ਕੁੱਝ ਦੇਰ ਮਗਰੋਂ ਜਿੱਥੇ 'ਲਾਈਕਸ' ਦੀ ਗਿਣਤੀ ਸਿਰਫ਼ 18 ਸੀ, ਉੱਥੇ 'ਡਿਸ-ਲਾਈਕਸ' ਨੇ 800 ਦਾ ਅੰਕੜਾ ਪਾਰ ਕਰ ਲਿਆ ਸੀ। ਖ਼ਾਸ ਗੱਲ ਇਹ ਰਹੀ ਕਿ ਪਿਛਲੀ ਮੀਟਿੰਗ ਦੀ ਤਰ੍ਹਾਂ ਇਸ ਵਾਰ ਕੁਮੈਂਟ ਆਪਸ਼ਨ ਬੰਦ ਨਹੀਂ ਸੀ ਜਿਸ ਦੇ ਚੱਲਦੇ ਵੱਡੀ ਗਿਣਤੀ ਵਿਚ ਕੰਪਿਊਟਰ ਅਧਿਆਪਕਾਂ ਨੇ ਇਸ ਲਾਈਵ ਵੀਡੀਓ ਤੇ ਕਮੈਂਟ ਕਰਦੇ ਆਪਣੀਆਂ ਜਾਇਜ਼ ਮੰਗਾਂ ਸਰਕਾਰ ਦੇ ਅੱਗੇ ਰੱਖੀਆਂ। ਸ਼ਾਮ 5 ਵਜੇ ਤੱਕ ਜਿੱਥੇ 'ਲਾਈਕਸ' ਦੀ ਗਿਣਤੀ 714 ਤੱਕ ਹੀ ਪੁੱਜੀ ਸੀ ਉੱਥੇ 'ਡਿਸ-ਲਾਈਕਸ' ਇਸ ਤੋਂ ਲਗਭਗ 8 ਗੁਣਾ ਵੱਧ ਹੋ ਕੇ 5400 ਤੱਕ ਪਹੁੰਚ ਚੁੱਕੇ ਸਨ ਅਤੇ 'ਡਿਸ-ਲਾਈਕਸ' ਦਾ ਇਹ ਸਿਲਸਿਲਾ ਲਗਾਤਾਰ ਜਾਰੀ ਸੀ। ਦੂਜੇ ਪਾਸੇ ਫੇਸਬੁੱਕ ’ਤੇ ਵੀ ਕੁੱਝ ਅਜਿਹਾ ਹੀ ਵੇਖਣ ਨੂੰ ਮਿਲਿਆ ਜਿੱਥੇ ਕੰਪਿਊਟਰ ਅਧਿਆਪਕਾਂ ਨੇ ਕਮੈਂਟਾਂ ਰਾਹੀਂ ਆਪਣੀਆਂ ਜਾਇਜ਼ ਮੰਗਾਂ ਮੁੱਖ ਮੰਤਰੀ ਅੱਗੇ ਰੱਖੀਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪ੍ਰਕਾਸ਼ ਸਿੰਘ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ ਐੱਸ. ਆਈ. ਟੀ. ’ਚੋਂ ਦਿੱਤਾ ਅਸਤੀਫ਼ਾ

ਕੀ ਹਨ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ
ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਆਗੂ ਪ੍ਰਦੀਪ ਮਲੂਕਾ ਅਤੇ ਪਰਮਵੀਰ ਸਿੰਘ ਪੰਮੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਸੇਵਾਵਾਂ 01 ਜੁਲਾਈ 2011 ਤੋਂ ਪੰਜਾਬ ਸਿਵਲ ਸਰਵਿਸ ਰੂਲਜ਼ ਅਧੀਨ ਵੋਕੇਸ਼ਨਲ ਮਾਸਟਰ ਦੇ ਗ੍ਰੇਡ ਨਾਲ ਰੈਗੂਲਰ ਕੀਤੀਆਂ ਗਈਆਂ ਸਨ ਪਰ 10 ਸਾਲ ਬੀਤ ਜਾਣ ਦੇ ਮਗਰੋਂ ਵੀ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੇ ਹੱਕ ਬਹਾਲ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਰਫ਼ ਇਕੋ ਇਕ ਮੰਗ ਹੈ ਕਿ ਉਨ੍ਹਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿਚ ਮਰਜ਼ ਕੀਤਾ ਜਾਵੇ ਅਤੇ ਉਨ੍ਹਾਂ ਦੇ ਬਣਦੇ ਸਾਰੇ ਲਾਭ ਉਨ੍ਹਾਂ ਨੂੰ ਦਿੱਤੇ ਜਾਣ।

ਇਹ ਵੀ ਪੜ੍ਹੋ : ਕਾਰਾਂ ਦੀ ਰੇਸ ਦੌਰਾਨ ਰਾਏਕੋਟ ’ਚ ਵਾਪਰਿਆ ਵੱਡਾ ਹਾਦਸਾ, ਵੇਖਦੇ ਹੀ ਵੇਖਦੇ ਵਿੱਛ ਗਏ ਸੱਥਰ (ਤਸਵੀਰਾਂ)

ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਜਿਨ੍ਹਾਂ ਕੰਪਿਊਟਰ ਅਧਿਆਪਕਾਂ ਦੀ ਕਿਸੇ ਵੀ ਕਾਰਣ ਮੌਤ ਹੋ ਗਈ ਹੈ ਉਨ੍ਹਾਂ ਦੇ ਆਸ਼ਰਿਤਾਂ ਨੂੰ ਵਿੱਤੀ ਸਹਾਇਤਾ ਦੇ ਨਾਲ ਨਾਲ ਤਰਸ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇ। ਆਗੂਆਂ ਨੇ ਇਹ ਵੀ ਦੱਸਿਆ ਕਿ ਅੱਜ  ਉਨ੍ਹਾਂ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਦੇ ਲਗਭਗ 30 ਤੋਂ ਵੱਧ ਪਿੰਡਾਂ ਵਿਚ ਵਾਹਨ ਮਾਰਚ ਕੱਢਦੇ ਹੋਏ ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕੀਤੀ ਜਾਵੇਗੀ ਅਤੇ ਸਰਕਾਰ ਵੱਲੋਂ ਉਨ੍ਹਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਤੋਂ ਜਾਣੂ ਕਰਵਾਉਂਦੇ ਪੰਫਲੇਟ ਵੀ ਲੋਕਾਂ ਵਿਚ ਵੰਡੇ ਜਾਣਗੇ।

ਇਹ ਵੀ ਪੜ੍ਹੋ : ਮੁਕਤਸਰ : ਇਕ ਪਾਸੇ ਪਈ ਸੀ ਮਾਂ ਦੀ ਲਾਸ਼, ਦੂਜੇ ਪਾਸੇ ਛਿੱਤਰੋਂ-ਛਿੱਤਰੀਂ ਹੋ ਰਹੇ ਸੀ ਨੂੰਹਾਂ-ਪੁੱਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

Gurminder Singh

This news is Content Editor Gurminder Singh