ਕੈਪਟਨ ਹੁਣ ਅਫਸਰਸ਼ਾਹੀ ''ਤੇ ਖੁਦ ਸਿੱਧੀ ਲਗਾਮ ਕੱਸਣ : ਜਾਖੜ

12/12/2019 8:57:33 PM

ਚੰਡੀਗੜ੍ਹ,(ਭੁੱਲਰ) : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਪਾਰਟੀ ਵਿਧਾਇਕਾਂ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ 'ਤੇ ਵਰਕਰਾਂ ਦੀ ਸੁਣਵਾਈ ਨਾ ਹੋਣ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਖੁਦ ਸਿੱਧੇ ਤੌਰ 'ਤੇ ਅਫ਼ਸਰਸ਼ਾਹੀ ਦੀ ਲਗਾਮ ਕੱਸਣੀ ਚਾਹੀਦੀ ਹੈ। ਜਾਖੜ ਨੇ ਕਿਹਾ ਕਿ ਲੋਕਾਂ ਨੂੰ ਕਾਂਗਰਸ ਸਰਕਾਰ ਤੋਂ ਬਹੁਤ ਉਮੀਦਾਂ ਹਨ ਅਤੇ ਉਨ੍ਹਾਂ ਭਾਰੀ ਬਹੁਮਤ ਵੀ ਦਿੱਤਾ ਪਰ ਅਫ਼ਸਰਸ਼ਾਹੀ ਦੇ ਰਵੱਈਏ ਕਾਰਣ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਚੰਗੀਆਂ ਸਕੀਮਾਂ ਦਾ ਲਾਭ ਵੀ ਸਹੀ ਢੰਗ ਨਾਲ ਲੋਕਾਂ ਤੱਕ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਲੋਕਾਂ ਤੇ ਸਰਕਾਰ ਵਿਚਕਾਰ ਪੈਦਾ ਹੋ ਰਹੇ ਪਾੜੇ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਅਫ਼ਸਰਸ਼ਾਹੀ ਪ੍ਰਤੀ ਵਿਧਾਇਕਾਂ ਦੀਆਂ ਸ਼ਿਕਾਇਤਾਂ ਬਾਰੇ ਸਵਾਲਾਂ ਦਾ ਜਵਾਬ ਉਨ੍ਹਾਂ ਨੇ ਬੜੇ ਹੀ ਦਿਲਚਸਪ ਤਰੀਕੇ ਨਾਲ ਇਕ ਇਤਿਹਾਸਕ ਘਟਨਾਕ੍ਰਮ ਦਾ ਜ਼ਿਕਰ ਕਰਦਿਆਂ ਦਿੱਤਾ।

ਉਨ੍ਹਾਂ ਇਤਿਹਾਸਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਬਰ ਨੇ ਲੋਧੀ ਦੀ ਸੈਨਾ ਤੋਂ ਲਿਆਂਦੇ ਗਏ ਹਾਥੀ 'ਤੇ ਬੈਠਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਸੀ ਕਿਉਂਕਿ ਹਾਥੀ ਖੁਦ ਉਨ੍ਹਾਂ ਵਲੋਂ ਨਹੀਂ ਬਲਕਿ ਮਹਾਵਤ ਵਲੋਂ ਚਲਾਇਆ ਜਾਣਾ ਚਾਹੀਦਾ ਸੀ। ਜਾਖੜ ਨੇ ਕਿਹਾ ਕਿ ਕੈਪਟਨ ਨੂੰ ਵੀ ਹੁਣ ਮਹਾਵਤ ਦੀ ਥਾਂ ਸਰਕਾਰ ਦੀ ਕਮਾਨ ਸਿੱਧੀ ਆਪਣੇ ਹੱਥ 'ਚ ਲੈ ਲੈਣੀ ਚਾਹੀਦੀ ਹੈ।