ਕੈਪਟਨ ਅਮਰਿੰਦਰ ਦੀ ਸਰਕਾਰ ਪੰਜਾਬ ਨੂੰ ਲੱਗੇ ਗ੍ਰਹਿਣ ਵਾਂਗ : ਸ਼ਵੇਤ ਮਲਿਕ

10/07/2019 6:41:25 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) : ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਪੰਜਾਬ 'ਤੇ ਲੱਗਿਆ ਗ੍ਰਹਿਣ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਦਿਨ ਬੱਸ ਗਿਣਤੀ ਦੇ ਹੀ ਰਹਿ ਗਏ ਹਨ ਕਿਉਂਕਿ ਚੋਣ ਵਾਅਦੇ ਪੂਰੇ ਨਾ ਕਰਨ ਕਾਰਨ ਪੰਜਾਬ ਅੰਦਰ ਕਾਂਗਰਸ ਖਿਲਾਫ ਬਹੁਤ ਵੱਡੀ ਲਹਿਰ ਹੈ। ਅੱਜ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਸ਼ਵੇਤ ਮਲਿਕ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵਰਦਿਆਂ ਕਿਹਾ ਕਿ ਕੈਪਟਨ ਵਲੋਂ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪ੍ਰੰਤੂ ਸਰਕਾਰ ਬਣਦਿਆਂ ਹੀ ਕੈਪਟਨ ਉਨ੍ਹਾਂ ਵਾਅਦਿਆਂ ਨੂੰ ਭੁੱਲ ਕੇ ਆਪਣੀ ਐਸ਼ਪ੍ਰਸਤੀ 'ਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਰਾਜ ਅੰਦਰ ਰੇਤ ਮਾਫੀਆ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ, ਸੂਬੇ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ, ਹਰ ਪਾਸੇ ਅਫਰਾ ਤਫਰੀ ਵਾਲਾ ਮਾਹੋਲ ਬਣਿਆ ਹੋਇਆ ਹੈ ਪਰ ਕੈਪਟਨ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੈ ਤੇ ਨਾ ਹੀ ਉਹ ਇਨ੍ਹਾਂ ਮਸਲਿਆਂ ਸਬੰਧੀ ਕਿਸੇ ਨਾਲ ਗੱਲ ਕਰਨੀ ਚਾਹੁੰਦਾ ਹੈ। 

ਸ਼ਵੇਤ ਮਲਿਕ ਨੇ ਇਸ ਦੌਰਾਨ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਕਾਂਗਰਸ ਅੰਦਰ ਘੁਟਨ ਮਹਿਸੂਸ ਕਰ ਰਹੇ ਪੰਜਾਬ ਦੇ ਵੱਡੇ-ਵੱਡੇ ਕਾਂਗਰਸੀ ਲੀਡਰ ਭਾਜਪਾ ਦੇ ਸੰਪਰਕ ਵਿਚ ਹਨ। ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਮਲਿਕ ਨੇ ਸ਼ਲਾਘਾ ਕਰਦਿਆਂ ਇਸ ਨੂੰ ਰਾਜਨੀਤੀ ਨਾਲ ਨਾ ਜੋੜਨ ਦੀ ਵੀ ਗੱਲ ਕੀਤੀ। ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਰਿਸ਼ਤਿਆਂ 'ਚ ਖੱਟਾਸ ਦੀਆਂ ਚੱਲ ਰਹੀਆਂ ਗੱਲਾਂ ਸਬੰਧੀ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਤੇ ਸਾਡਾ ਦੋਵਾਂ ਪਾਰਟੀਆਂ ਦਾ ਨਹੁੰ ਮਾਸ ਵਾਲਾ ਰਿਸ਼ਤਾ ਬਰਕਰਾਰ ਹੈ। ਪੰਜਾਬ ਦਾ ਮੁੱਖ ਮੁੱਦਾ ਬਣ ਚੁੱਕੀ ਬੰਗਾ-ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜ੍ਹਕ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਪਿਛਲੀ ਸਰਕਾਰ ਦੌਰਾਨ ਰੱਖੇ ਨੀਂਹ ਪੱਥਰ ਸਬੰਧੀ ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ ਬਹੁਤ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ।

Gurminder Singh

This news is Content Editor Gurminder Singh