ਮੁੱਖ ਮੰਤਰੀ ਨੇ ''ਪੰਜਾਬ ਜੌਬ ਹੈਲਪਲਾਈਨ'' ਦੀ ਕੀਤੀ ਸ਼ੁਰੂਆਤ

11/01/2019 12:46:12 AM

ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ): ਮੁਲਕ 'ਚ ਆਪਣੀ ਕਿਸਮ ਦੇ ਪਹਿਲੇ ਉਪਰਾਲੇ ਦੀ ਸ਼ੁਰੂਆਤ ਕਰਦਿਆਂ ਪੰਜਾਬ ਸਰਕਾਰ ਨੇ ਅੱਜ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਲਈ 'ਜੌਬ ਹੈਲਪਲਾਈਨ' ਲਾਂਚ ਕੀਤੀ। ਸੂਬਾ ਸਰਕਾਰ ਦੇ 'ਘਰ-ਘਰ ਰੋਜ਼ਗਾਰ' ਪ੍ਰੋਗਰਾਮ ਦੀ ਲੜੀ ਵਜੋਂ 'ਪੰਜਾਬ ਜੌਬ ਹੈਲਪਲਾਈਨ' ਦਾ ਆਰੰਭ ਕਰਦਿਆਂ ਮੁੱਖ ਮੰਤਰੀ ਨੇ ਇਸ ਨੂੰ ਹਰੇਕ ਸਾਲ ਸੂਬੇ ਭਰ ਦੇ ਲੱਖਾਂ ਨੌਜਵਾਨਾਂ ਨੂੰ ਵੱਡੀ ਪੱਧਰ 'ਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦਾ ਢੁੱਕਵਾਂ ਮੰਚ ਦੱਸਿਆ, ਜਿਸ ਰਾਹੀਂ ਨੌਜਵਾਨ ਸਿੱਧੇ ਤੌਰ 'ਤੇ ਰੋਜ਼ਗਾਰ ਮੁਹੱਈਆ ਕਰਵਾਉਣ ਵਾਲਿਆਂ ਨਾਲ ਜੁੜ ਜਾਣਗੇ।
ਇਸ ਹੈਲਪਲਾਈਨ ਦਾ ਮਕਸਦ ਪੰਜਾਬ ਦੇ ਹਰੇਕ ਘਰ ਤੱਕ ਪਹੁੰਚ ਕਰਨਾ ਹੈ ਅਤੇ ਰੋਜ਼ਾਨਾ ਇਸ ਰਾਹੀਂ 75 ਹਜ਼ਾਰ ਮੋਬਾਇਲ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕੇਗਾ। ਇਸ ਪ੍ਰਕਿਰਿਆ ਦੌਰਾਨ ਤਿਆਰ ਹੁੰਦੇ ਡਾਟਾ ਲਈ ਪੰਜਾਬ ਜੌਬ ਹੈਲਪਲਾਈਨ ਦਾ 110 ਸੀਟਾਂ ਵਾਲਾ ਕਾਲ ਸੈਂਟਰ ਵੀ ਬਣਾਇਆ ਗਿਆ ਹੈ। ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਦੇ ਸਕੱਤਰ ਨੂੰ ਇਸ ਹੈਲਪਲਾਈਨ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਆਖਿਆ ਤਾਂ ਕਿ ਨੌਜਵਾਨ ਖਾਸ ਤੌਰ 'ਤੇ ਪੇਂਡੂ ਇਲਾਕਿਆਂ ਵਿਚ ਰਹਿੰਦੇ ਨੌਜਵਾਨ ਇਸ ਦਾ ਲਾਭ ਲੈ ਸਕਣ। ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਸ਼ਹਿਰੀ ਵਿਕਾਸ ਤੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ, ਤਰਨਤਾਰਨ ਤੋਂ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ, ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਕੇਸ਼ਵ ਹਿੰਗੋਨੀਆ ਅਤੇ ਪੀ.ਜੀ.ਆਰ.ਕੇ.ਏ.ਐੱਮ. ਦੇ ਵਧੀਕ ਡਾਇਰੈਕਟਰ ਰਾਜੀਵ ਗੁਪਤਾ ਵੀ ਹਾਜ਼ਰ ਸਨ।