ਕੈਪਟਨ ਸਾਹਬ, ਪੰਜਾਬ ਘਰ-ਘਰ ਦੁੱਧ ਲਈ ਮਸ਼ਹੂਰ, ਘਰ-ਘਰ ਸ਼ਰਾਬ ਲਈ ਨਹੀਂ : ਬਾਜਵਾ

05/11/2020 9:30:42 PM

ਚੰਡੀਗੜ੍ਹ (ਅਸ਼ਵਨੀ) : ਸ਼ਰਾਬ ਦੀ ਹੋਮ ਡਿਲਿਵਰੀ ਨੂੰ ਲੈ ਕੇ ਪੰਜਾਬ 'ਚ ਵਿਰੋਧ ਦੇ ਸੁਰ ਤਿੱਖੇ ਹੁੰਦੇ ਜਾ ਰਹੇ ਹਨ। ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਵਲੋਂ ਵਿਰੋਧ ਜਤਾਉਣ ਤੋਂ ਬਾਅਦ ਹੁਣ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਿੱਧੇ ਤੌਰ 'ਤੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਬਾਜਵਾ ਨੇ ਪੰਜਾਬ ਦੇ ਇਤਿਹਾਸਿਕ ਸੂਰਮਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਖੇਤੀ ਪ੍ਰਧਾਨ ਪੰਜਾਬ ਘਰ-ਘਰ ਦੁੱਧ ਪਹੁੰਚਾਉਣ ਲਈ ਪ੍ਰਸਿੱਧ ਹੈ ਪਰ ਪਿਛਲੀ ਸਰਕਾਰ ਨੇ ਪੰਜਾਬ ਨੂੰ ਧੁੰਦਲਾ ਕੀਤਾ ਅਤੇ ਘਰ-ਘਰ ਨਸ਼ਾ ਪਹੁੰਚਾਇਆ। ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਆਪਣੇ ਕੈਬਨਿਟ ਸਾਥੀਆਂ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਅਤੇ ਮਾਂ ਦਿਵਸ 'ਤੇ ਸੂਬੇ ਦੀਆਂ ਮਾਂਵਾਂ ਦੀ ਆਵਾਜ਼ ਸੁਣਨ ਅਤੇ ਛੇਤੀ ਤੋਂ ਛੇਤੀ ਸ਼ਰਾਬ ਦੀ ਹੋਮ ਡਿਲਿਵਰੀ ਦੇ ਫੈਸਲੇ ਨੂੰ ਵਾਪਿਸ ਲੈਣ।

ਇਹ ਵੀ ਪੜ੍ਹੋ : ਕੋਰੋਨਾ ਖਿਲਾਫ ਜੰਗ 'ਚ ਮਰਨ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਲਈ ਕੈਪਟਨ ਦਾ ਵੱਡਾ ਐਲਾਨ 

ਉਧਰ, ਐਤਵਾਰ ਨੂੰ ਇਕ ਵਾਰ ਫਿਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਸ਼ਰਾਬ ਦੀ ਹੋਮ ਡਿਲੀਵਰੀ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ 'ਤੇ ਕਾਇਮ ਹਨ ਅਤੇ ਸ਼ਰਾਬ ਦੀ ਹੋਮ ਡਿਲਿਵਰੀ ਨੂੰ ਕਦੇ ਵੀ ਠੀਕ ਨਹੀਂ ਮੰਨਦੇ। ਇਸ ਸੰਬੰਧ 'ਚ ਉਨ੍ਹਾਂ ਸ਼ਰਾਬ ਦੀ ਨੀਤੀ 'ਚ ਬਦਲਾਅ 'ਤੇ ਬੁਲਾਈ ਬੈਠਕ 'ਚ ਵੀ ਆਪਣਾ ਵਿਰੋਧ ਦਰਜ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਉਹ ਹਾਲੇ ਵੀ ਆਪਣੀ ਗੱਲ 'ਤੇ ਕਾਇਮ ਹਨ ਅਤੇ ਸੋਮਵਾਰ ਨੂੰ ਪ੍ਰਸਤਾਵਿਤ ਕੈਬਨਿਟ ਬੈਠਕ 'ਚ ਵੀ ਉਹ ਮੁੱਖ ਮੰਤਰੀ ਸਾਹਮਣੇ ਆਪਣੀ ਗੱਲ ਨੂੰ ਰੱਖਣਗੇ। ਮੁੱਖ ਮੰਤਰੀ ਨੂੰ ਦੱਸਿਆ ਜਾਵੇਗਾ ਕਿ ਹੋਮ ਡਿਲਿਵਰੀ ਨਾਲ ਨਾ ਸਿਰਫ਼ ਸ਼ਰਾਬ ਦੀ ਸਮੱਗਲਿੰਗ ਦਾ ਖ਼ਤਰਾ ਵਧੇਗਾ ਸਗੋਂ ਜਨਤਾ 'ਚ ਵੀ ਠੀਕ ਸੰਦੇਸ਼ ਨਹੀਂ ਜਾਵੇਗਾ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਘਰ 'ਚ ਏਕਾਂਤਵਾਸ ਸਬੰਧੀ ਐਡਵਾਇਜ਼ਰੀ ਜਾਰੀ 

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਅਤੇ ਵਿਧਾਇਕ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਸ਼ਰਾਬ ਦੀ ਹੋਮ ਡਿਲਿਵਰੀ 'ਤੇ ਸਵਾਲ ਉਠਾ ਚੁੱਕੀਆਂ ਹਨ। ਸ਼ਰਾਬ ਦੀ ਨੀਤੀ 'ਚ ਬਦਲਾਅ ਨੂੰ ਲੈ ਕੇ ਬੁਲਾਈ ਗਈ ਪ੍ਰੀ-ਕੈਬਨਿਟ ਬੈਠਕ 'ਚ ਵੀ ਹੋਮ ਡਿਲਿਵਰੀ ਨੂੰ ਲੈ ਕੇ ਕਈ ਮੰਤਰੀਆਂ ਨੇ ਇਤਰਾਜ਼ ਕੀਤੇ ਸਨ। ਇਸ ਦੇ ਚਲਦੇ ਕੁੱਝ ਮੰਤਰੀਆਂ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ 'ਚ ਤਨਾਤਨੀ ਦੇ ਹਾਲਾਤ ਵੀ ਪੈਦਾ ਹੋ ਗਏ ਸਨ, ਜਿਸ ਦੇ ਚਲਦੇ ਇਸ ਬੈਠਕ ਨੂੰ ਅਚਾਨਕ ਮੁਲਤਵੀ ਤੱਕ ਕਰਨਾ ਪਿਆ। ਹੁਣ ਇਹ ਬੈਠਕ 11 ਮਈ ਨੂੰ ਬੁਲਾਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਵੀ ਸ਼ਰਾਬ ਦੀ ਹੋਮ ਡਿਲਿਵਰੀ 'ਤੇ ਘਮਾਸਾਨ ਹੋਣ ਦੀਆਂ ਸੰਭਾਵਨਾਵਾਂ ਹਨ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਐਤਵਾਰ ਨੂੰ ਸ਼ਰਾਬ ਦੀ ਹੋਮ ਡਿਲੀਵਰੀ ਦਾ ਖੁੱਲ੍ਹੇਆਮ ਵਿਰੋਧ ਜਤਾ ਕੇ ਇਸ ਦੇ ਸੰਕੇਤ ਵੀ ਦੇ ਦਿੱਤੇ ਹਨ। ਉਥੇ ਹੀ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਟਿੱਪਣੀ ਤੋਂ ਵੀ ਸਾਬਤ ਹੁੰਦਾ ਹੈ ਕਿ ਸ਼ਰਾਬ ਦੀ ਨੀਤੀ 'ਤੇ ਹੰਗਾਮਾ ਤੈਅ ਹੈ।

ਇਹ ਵੀ ਪੜ੍ਹੋ : ਮਾਨਸਾ 'ਚ ਕੋਰੋਨਾ ਦਾ ਧਮਾਕਾ, 12 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ 

Gurminder Singh

This news is Content Editor Gurminder Singh