ਕੈਪਟਨ ਵੱਲੋਂ ਪੰਜਾਬ ਦੀ ਪ੍ਰਗਤੀ ਤੇ ਸ਼ਾਂਤੀ ਦੇ ਸੁਨੇਹੇ ਨਾਲ ਨਵੇਂ ਸਾਲ ਦੀ ਵਧਾਈ

12/31/2019 7:41:08 PM

ਚੰਡੀਗੜ੍ਹ,(ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਪੰਜਾਬ ਨੂੰ ਪ੍ਰਗਤੀਸ਼ੀਲ, ਅਗਾਂਹਵਧੂ, ਸਾਂਤ, ਸਦਭਾਵਨਾ ਭਰਪੂਰ ਤੇ ਸੁਰੱਖਿਅਤ ਬਣਾਏ ਰੱਖਣ ਦੇ ਵਾਅਦੇ ਨਾਲ ਸੂਬਾ ਵਾਸੀਆਂ ਨੂੰ ਨਵੇਂ ਸਾਲ 2020 ਦੀ ਵਧਾਈ ਦਿੱਤੀ।

ਇਸ ਮੌਕੇ ਮੁੱਖ ਮੰਤਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਧਰਮ ਨਿਰਪੱਖਤਾ, ਪ੍ਰਭੂਸੱਤਾ, ਫਿਰਕੂ ਸਦਭਾਵਨਾ ਤੇ ਕੌਮੀ ਏਕਤਾ ਦੀ ਰੱਖਿਆ ਲਈ ਇਕੱਠੇ ਹੋ ਕੇ ਪੂਰੇ ਜੋਸ਼ ਨਾਲ ਕੰਮ ਕਰਨ ਦੀ ਵਚਨਬੱਧਤਾ ਨਾਲ ਨਵੇਂ ਸਾਲ 2020 ਦਾ ਸਵਾਗਤ ਕਰਨ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਵਪੱਖੀ ਵਿਕਾਸ ਦੇ ਨਾਲ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦਾ ਵੀ ਪ੍ਰਣ ਕਰਨ ਤਾਂ ਜੋ ਵਿਕਾਸ ਦਾ ਲਾਭ ਜ਼ਮੀਨੀ ਪੱਧਰ 'ਤੇ ਨਜ਼ਰ ਆਵੇ। ਮੁੱਖ ਮੰਤਰੀ ਨੇ ਹਰੇਕ ਨਾਗਰਿਕ ਲਈ ਖੁਸ਼ੀ ਤੇ ਖੁਸ਼ਹਾਲੀ ਵਾਲਾ ਨਵਾਂ ਸਾਲ ਹੋਣ ਦੀ ਕਾਮਨਾ ਕਰਦਿਆਂ ਇਸ ਗੱਲ ਉਤੇ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲਾ ਸਾਲ ਪੰਜਾਬ ਦੇ ਸਰਵਪੱਖੀ ਵਿਕਾਸ ਅਤੇ ਤਰੱਕੀ ਵਿੱਚ ਨਵਾਂ ਅਧਿਆਇ ਲਿਖੇਗਾ। ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਸਮੁੱਚੀ ਦੁਨੀਆਂ ਦੇ ਲੋਕ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉਤੇ ਚੱਲਣਗੇ, ਜਿਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ ਹਾਲ ਹੀ ਵਿੱਚ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ।