550ਵੇਂ ਪੁਰਬ ਮੌਕੇ ਇੰਗਲੈਂਡ ਦੀਆਂ ਸੰਗਤਾਂ ਨੂੰ ਦਿੱਤਾ ਜਾਵੇਗਾ ਪੂਰਾ ਸਹਿਯੋਗ : ਕੈਪਟਨ

06/24/2019 6:44:10 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ 'ਤੇ ਸੁਲਤਾਨ ਪੁਰ ਲੋਧੀ ਵਿਖੇ ਨਤਮਸਤਕ ਹੋਣ ਲਈ ਪੰਜਾਬ ਦਾ ਦੌਰਾ ਕਰਨ ਵਾਲੇ ਇੰਗਲੈਂਡ ਵਿਚ ਵਸੇ ਭਾਰਤੀ ਲੋਕਾਂ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਪੂਰੀ ਸਹਾਇਤਾ ਦੇਣ ਲਈ ਬ੍ਰਿਟਿਸ਼ ਹਾਈ ਕਮਿਸ਼ਨਰ ਐਂਡਰਿਉ ਆਯਰ ਨੂੰ ਭਰੋਸਾ ਦਿਵਾਇਆ ਹੈ। ਐਂਡਰਿਉ ਆਯਰ ਵਲੋਂ ਮੁੱਖ ਮੰਤਰੀ ਨਾਲ ਸੋਮਵਾਰ ਦੁਪਹਿਰੇ ਮੁਲਾਕਾਤ ਕੀਤੀ ਗਈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੂੰ ਅਪੀਲ ਕਰਨਗੇ ਕਿ ਉਹ ਇਸ ਮਹਾਨ ਸਮਾਰੋਹ ਮੌਕੇ ਭਾਰਤੀ ਮੂਲ ਖਾਸਕਰ ਪੰਜਾਬੀਆਂ ਨੂੰ ਵੀਜ਼ਾ ਦੇਣ ਵਿਚ ਉਦਾਰਵਾਦੀ ਪਹੁੰਚ ਅਪਣਾਉਣ ਲਈ ਇੰਗਲੈਂਡ ਵਿਚ ਭਾਰਤੀ ਹਾਈ ਕਮਿਸ਼ਨਰ ਨੂੰ ਨਿਰਦੇਸ਼ ਦੇਣ। 

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਬੰਧ ਵਿਚ ਪਹਿਲਾਂ ਹੀ ਵੱਡੇ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਤਿਆਰੀਆਂ ਚੱਲ ਰਹੀਆਂ ਹਨ, ਜਿਥੇ ਪਹਿਲੇ ਗੁਰੂ ਜੀ ਨੇ ਆਪਣੇ ਜੀਵਨ ਦੇ ਤਕਰੀਬਨ 17 ਸਾਲ ਗੁਜ਼ਾਰੇ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਬਟਾਲਾ ਅਤੇ ਡੇਰਾਬਾਬਾ ਨਾਨਕ ਵਰਗੀਆਂ ਹੋਰ ਥਾਵਾਂ ਦਾ ਵੀ ਨਵੀਨੀਕਰਨ ਕੀਤਾ ਜਾ ਰਿਹਾ ਹੈ। 

ਆਯਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਇਤਿਹਾਸਕ ਮੌਕੇ 'ਤੇ ਸ਼ਮੂਲੀਅਤ ਕਰਨ ਲਈ ਇੰਗਲੈਂਡ ਦੇ ਬਹੁਤ ਸਾਰੇ ਵਫ਼ਦ ਪੰਜਾਬ ਦਾ ਦੌਰਾ ਕਰਨ ਲਈ ਉਤਸੁਕ ਹਨ। ਉਨ੍ਹਾਂ ਅਜਿਹੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਵੱਲੋਂ ਕੀਤੀ ਗਈ ਪੇਸ਼ਕਸ਼ ਲਈ ਧੰਨਵਾਦ ਕੀਤਾ। ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਐਡਵੋਕੇਟ ਜਨਰਲ ਅਤੁਲ ਨੰਦਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਐਨ. ਐਸ. ਕਲਸੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਗੁਰਕਿਰਤ ਪਾਲ ਸਿੰਘ ਹਾਜ਼ਰ ਸਨ।

Gurminder Singh

This news is Content Editor Gurminder Singh