ਬਾਦਲ ਪਰਿਵਾਰ ਨੂੰ ਬਚਾਉਣਾ ਚਾਹੁੰਦੀ ਹੈ ਕੈਪਟਨ ਸਰਕਾਰ : ਹਰਪਾਲ ਚੀਮਾ

08/19/2018 7:30:32 AM

ਚੰਡੀਗੜ੍ਹ, (ਸ਼ਰਮਾ)- ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਾਣ-ਬੁੱਝ ਕੇ ਲੀਕ ਕਰਵਾ ਕੇ ਕੈਪਟਨ ਸਰਕਾਰ ਬਾਦਲ ਪਰਿਵਾਰ ਨੂੰ ਬਚਾਉਣਾ ਚਾਹੁੰਦੀ ਹੈ। ਸ਼ਨੀਵਾਰ ਨੂੰ ਇਕ ਪੱਤਰਕਾਰ ਸੰਮੇਲਨ ਦੌਰਾਨ ਚੀਮਾ ਨੇ ਦੋਸ਼ ਲਾਇਆ ਕਿ ਬਰਗਾੜੀ ਬੇਅਦਬੀ ਮਾਮਲੇ ਤੇ ਬਹਿਬਲ ਕਲਾਂ ਗੋਲੀਕਾਂਡ ਨਾਲ ਜੁੜੀ ਹੋਈ ਕਮਿਸ਼ਨ ਦੀ ਰਿਪੋਰਟ ਇਸ ਕਾਰਨ ਲੀਕ ਕਰਵਾਈ ਗਈ ਤਾਂ ਕਿ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਨੇਤਾ ਆਪਣੇ ਪੱਖ ਵਿਚ ਦਲੀਲਾਂ ਤਿਆਰ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੂੰ ਸਾਲ 2015 ਵਿਚ ਹੀ ਪਤਾ ਸੀ ਕਿ ਬੇਅਦਬੀ ਮਾਮਲੇ ਵਿਚ ਡੇਰਾ ਸਿਰਸਾ ਪ੍ਰੇਮੀਆਂ ਦਾ ਹੱਥ ਹੈ ਪਰ ਸਰਕਾਰ ਨੇ ਉਸ ਸਮੇਂ ਜਾਣਬੁੱਝ ਕੇ ਕਾਰਵਾਈ ਨਹੀਂ ਕੀਤੀ ਤੇ ਹੁਣ ਕੈਪਟਨ ਸਰਕਾਰ ਵਲੋਂ ਰਿਪੋਰਟ ਨੂੰ ਲੀਕ ਕਰਵਾ ਕੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਬਾਦਲ ਪਰਿਵਾਰ 'ਤੇ ਮੁਸੀਬਤ ਨਾ ਆਵੇ । ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਦੇ ਮੁਲਜ਼ਮਾਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਮਾਮਲੇ ਨੂੰ ਵਿਧਾਨ ਸਭ ਦੇ ਅਗਲੇ ਸੈਸ਼ਨ 'ਚ ਜ਼ੋਰ-ਸ਼ੋਰ ਨਾਲ ਉਠਾਵੇਗੀ। 
ਦੋ ਧਿਰਾਂ ਵਿਚ ਵੰਡੀ ਹੋਈ ਪਾਰਟੀ ਸਬੰਧੀ ਪੁੱਛੇ ਗਏ ਸਵਾਲ 'ਤੇ ਚੀਮਾ ਨੇ ਕਿਹਾ ਕਿ ਪਾਰਟੀ ਜਲਦੀ ਹੀ ਇਕਜੁੱਟ ਨਜ਼ਰ ਆਵੇਗੀ। ਪਾਰਟੀ ਦੀ ਪੰਜਾਬ ਇਕਾਈ ਦੇ ਸਾਬਕਾ ਸਹਿ ਪ੍ਰਧਾਨ ਅਮਨ ਅਰੋੜਾ ਨੂੰ ਦੋਵਾਂ ਧਿਰਾਂ ਵਿਚਕਾਰ ਸ਼ਿਕਾਇਤਾਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਵਿਧਾਇਕ ਦਲ ਦੀ ਬੈਠਕ ਵਿਚ ਭਾਗ ਨਹੀਂ ਲਵੇਗਾ ਖਹਿਰਾ ਧੜਾ : ਪੱਤਰਕਾਰ ਸੰਮੇਲਨ ਦੌਰਾਨ ਅਗਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਪਾਰਟੀ ਰਣਨੀਤੀ 'ਤੇ ਚਰਚਾ ਲਈ ਵਿਧਾਇਕ ਦਲ ਦੀ ਬੈਠਕ ਬੁਲਾਉਣ ਤੇ ਉਸ ਵਿਚ ਭਾਗ ਲੈਣ ਲਈ ਖਹਿਰਾ ਸਮੇਤ ਉਨ੍ਹਾਂ ਦੇ ਧੜੇ ਦੇ ਵਿਧਾਇਕਾਂ ਨੂੰ ਵੀ ਸੱਦਣ ਦੇ ਐਲਾਨ 'ਤੇ ਸੁਖਪਾਲ ਸਿੰਘ ਖਹਿਰਾ ਨੇ ਮਿੱਟੀ ਪਾ ਦਿੱਤੀ ਹੈ। ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਧੜਾ ਬਠਿੰਡਾ ਕਨਵੈਨਸ਼ਨ ਵਿਚ ਪਾਸ ਕੀਤੇ ਗਏ 6 ਪ੍ਰਸਤਾਵਾਂ 'ਤੇ ਕਾਇਮ ਹੈ।
ਮਾਨ ਨੇ ਖੋਲ੍ਹੀ ਪਾਰਟੀ ਹਾਈਕਮਾਨ ਦੇ ਬਿਆਨ ਦੀ ਪੋਲ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਹੁਦੇ ਤੋਂ ਤਿਆਗ ਪੱਤਰ ਦੇ ਚੁੱਕੇ ਪਾਰਟੀ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਅਹੁਦੇ ਤੋਂ ਹਟਾਏ ਜਾਣ ਦੇ ਕਾਰਨਾਂ 'ਤੇ ਪਾਰਟੀ ਹਾਈਕਮਾਨ ਦੇ ਬਿਆਨਾਂ ਦੀ ਹੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। 
ਖਹਿਰਾ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ ਵਿਚ ਮਚੇ ਘਮਾਸਾਨ 'ਤੇ ਪਾਰਟੀ ਦੀ ਪੰਜਾਬ ਇਕਾਈ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ ਕਿ ਪਾਰਟੀ ਵਲੋਂ ਸੂਬੇ ਵਿਚ ਦਲਿਤ ਸਮਾਜ ਨੂੰ ਸਨਮਾਨ ਦੇਣ ਲਈ ਹੀ ਖਹਿਰਾ ਦੀ ਜਗ੍ਹਾ ਦਲਿਤ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਹੈ ਲੇਕਿਨ ਹੁਣ ਮਾਨ ਨੇ ਸਿਸੋਦੀਆ ਦੇ ਬਿਆਨ ਦੀ ਪੋਲ ਖੋਲ੍ਹਦਿਆਂ 'ਜਗ ਬਾਣੀ' ਟੀ. ਵੀ. ਨੂੰ ਦਿੱਤੇ ਗਏ ਇੰਟਰਵਿਊ ਵਿਚ ਖੁਲਾਸਾ ਕੀਤਾ ਹੈ ਕਿ ਇਹ ਕਾਰਵਾਈ ਖਹਿਰਾ ਵਲੋਂ ਚਿਤਾਵਨੀ ਦੇ ਬਾਵਜੂਦ ਪਾਰਟੀ ਅਨੁਸ਼ਾਸਨ ਵਿਰੁੱਧ ਸਰਗਰਮੀਆਂ ਜਾਰੀ ਰੱਖਣ ਕਾਰਨ ਕੀਤੀ ਗਈ ਹੈ।