ਲੋਕ ਸਭਾ ਚੋਣਾਂ : ਪੰਜਾਬ ''ਚ ਕਾਂਗਰਸ ਦੀਆਂ ਟਿਕਟਾਂ ਦੀ ਵੰਡ ''ਤੇ ਰਹੇਗੀ ਕੈਪਟਨ ਦੀ ਮੋਹਰ

03/21/2019 6:19:00 PM

ਲੁਧਿਆਣਾ (ਹਿਤੇਸ਼) : ਕੈਪ. ਅਮਰਿੰਦਰ ਸਿੰਘ ਵਲੋਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕਰਨ ਬਾਰੇ ਜੋ ਦਾਅਵਾ ਕੀਤਾ ਜਾ ਰਿਹਾ ਹੈ, ਉਸ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਹਾਈਕਮਾਨ ਤੋਂ ਟਿਕਟਾਂ ਦੀ ਵੰਡ ਦੀ ਪ੍ਰਕਿਰਿਆ 'ਚ ਪੂਰੀ ਤਰ੍ਹਾਂ ਫ੍ਰੀ ਹੈਂਡ ਦੇਣ ਦੀ ਮੰਗ ਰੱਖੀ ਹੈ, ਜਿਸ ਦੇ ਅਧੀਨ ਵਿਧਾਇਕਾਂ ਜਾਂ ਮੰਤਰੀਆਂ ਨੂੰ ਚੋਣ ਨਾ ਲੜਵਾਉਣ ਬਾਰੇ ਰਾਹੁਲ ਗਾਂਧੀ ਵਲੋਂ ਦਿੱਤੇ ਗਏ ਫਾਰਮੂਲੇ 'ਚ ਵੀ ਬਦਲਾਅ ਕਰਨਾ ਪੈ ਸਕਦਾ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਕੈਪਟਨ ਜਾਂ ਦੂਜੇ ਕਾਂਗਰਸੀ ਲੀਡਰ ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਆਪਣੀ ਜਿੱਤ ਨੂੰ ਲੈ ਕੇ ਕਾਫੀ ਜ਼ਿਆਦਾ ਆਸਵੰਦ ਹਨ। ਹੁਣ ਵਾਰੀ ਹੈ ਚੋਣ ਮੈਦਾਨ 'ਚ ਪੂਰੇ ਜ਼ੋਰ ਨਾਲ ਮੁਕਾਬਲਾ ਕਰਨ ਦੀ ਪਰ ਇਸ ਬਾਰੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਵੀ ਸਾਰੀ ਤਸਵੀਰ ਸਾਫ ਹੋ ਸਕੇਗੀ। ਸੂਤਰਾਂ ਮੁਤਾਬਕ ਹੁਣ ਤੱਕ ਪਟਿਆਲਾ ਤੋਂ ਪ੍ਰਨੀਤ ਕੌਰ, ਗੁਰਦਾਸਪੁਰ ਤੋਂ ਸੁਨੀਲ ਜਾਖੜ ਅਤੇ ਲੁਧਿਆਣਾ ਸੀਟ 'ਤੇ ਰਵਨੀਤ ਬਿੱਟੂ ਦੇ ਰੂਪ 'ਚ ਹੀ ਪੁਰਾਣੇ ਉਮੀਦਵਾਰ ਉਤਾਰਨ ਦੀ ਹਰੀ ਝੰਡੀ ਦਿੱਤੀ ਗਈ ਹੈ। ਜਿੱਥੋਂ ਤੱਕ ਬਾਕੀ ਸੀਟਾਂ ਦਾ ਸਵਾਲ ਹੈ, ਉਨ੍ਹਾਂ 'ਤੇ ਟਿਕਟ ਦੇ ਲਈ ਅਪਲਾਈ ਕਰਨ ਵਾਲਿਆਂ ਤੋਂ ਇਲਾਵਾ ਹਾਈਕਮਾਨ ਵਲੋਂ ਜਿਨ੍ਹਾਂ ਨਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਕੈਪਟਨ ਨੇ ਉਸ ਤੋਂ ਹਟ ਕੇ ਸਿਫਾਰਸ਼ ਕੀਤੀ ਹੈ। ਕੈਪਟਨ ਮੁਤਾਬਕ ਉਹ ਸਾਰੀਆਂ ਸੀਟਾਂ 'ਤੇ ਮਜ਼ਬੂਤ ਉਮੀਦਵਾਰ ਉਤਾਰਨਾ ਚਾਹੁੰਦੇ ਹਨ, ਜਿਸ ਦੇ ਅਧੀਨ ਉਨ੍ਹਾਂ ਵਲੋਂ ਟਿਕਟਾਂ ਦੀ ਵੰਡ ਲਈ ਫ੍ਰੀ ਹੈਂਡ ਦੇਣ ਦੀ ਮੰਗ ਕੀਤੀ ਗਈ ਹੈ। ਜਿਸ ਕਾਰਨ ਵਿਧਾਇਕਾਂ ਜਾਂ ਮੰਤਰੀਆਂ ਨੂੰ ਚੋਣ ਨਾ ਲੜਵਾਉਣ ਬਾਰੇ ਰਾਹੁਲ ਗਾਂਧੀ ਵਲੋਂ ਦਿੱਤੇ ਗਏ ਫਾਰਮੂਲੇ 'ਚ ਵੀ ਬਦਲਾਅ ਕਰਨਾ ਪੈ ਸਕਦਾ ਹੈ।

ਇਹ ਹੈ ਪੰਜਾਬ ਦਾ ਸਿਆਸੀ ਮਾਹੌਲ
ਜੇਕਰ ਲੋਕ ਸਭਾ ਚੋਣਾਂ 'ਚ ਪੰਜਾਬ ਦੇ ਸਿਆਸੀ ਮਾਹੌਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਖਿਲਾਫ ਬੇਅਦਬੀ ਦਾ ਮੁੱਦਾ ਗਰਮਾਇਆ ਹੋਇਆ ਹੈ ਅਤੇ ਆਮ ਆਦਮੀ ਪਾਰਟੀ ਦੀ ਸਥਿਤੀ ਪਹਿਲਾਂ ਜਿੰਨੀ ਮਜ਼ਬੂਤ ਨਹੀਂ ਹੈ, ਜਿੱਥੋਂ ਤੱਕ ਵੱਖ-ਵੱਖ ਪਾਰਟੀਆਂ ਵਲੋਂ ਅਸੰਤੁਸ਼ਟ ਹੋ ਕੇ ਬਣਾਏ ਜਾ ਰਹੇ ਨਵੇਂ ਗਠਜੋੜ ਦਾ ਸਵਾਲ ਹੈ, ਉਸ 'ਚੋਂ ਅਕਾਲੀ ਦਲ ਟਕਸਾਲੀ ਦਾ ਸਿੱਧੇ ਤੌਰ 'ਤੇ ਬਾਦਲ ਐਂਡ ਕੰਪਨੀ ਨੂੰ ਨੁਕਸਾਨ ਹੋਵੇਗਾ, ਜਦੋਂਕਿ ਸੁਖਪਾਲ ਖਹਿਰਾ, ਸਿਮਰਜੀਤ ਬੈਂਸ ਵਲੋਂ ਬਸਪਾ ਅਤੇ ਸੀ. ਪੀ. ਆਈ. ਦੇ ਨਾਲ ਮਿਲ ਕੇ ਬਣਾਏ ਗਏ ਡੈਮੋਕ੍ਰੇਟਿਕ ਫਰੰਟ ਵਲੋਂ ਕਾਂਗਰਸ ਅਤੇ ਅਕਾਲੀ ਦਲ ਦੇ ਵੋਟ ਬੈਂਕ ਨੂੰ ਲਗਭਗ ਬਰਾਬਰ ਦੀ ਸੰਨ੍ਹ ਲਾਈ ਜਾਵੇਗੀ।

ਪੰਜਾਬ 'ਚ ਵਿਰੋਧੀ ਪਾਰਟੀਆਂ ਕੋਲ ਕਾਂਗਰਸ ਖਿਲਾਫ ਇਹ ਹੈ ਮੁੱਦਾ
ਸਾਰੀਆਂ ਵਿਰੋਧੀ ਪਾਰਟੀਆਂ ਕੋਲ ਪੰਜਾਬ 'ਚ ਕਾਂਗਰਸ ਖਿਲਾਫ ਕੈਪਟਨ ਸਰਕਾਰ ਦੀ ਵਾਅਦਾ-ਖਿਲਾਫੀ ਦਾ ਮੁੱਦਾ ਹੈ। ਨਸ਼ਿਆਂ ਅਤੇ ਕਾਨੂੰਨ ਵਿਵਸਥਾ 'ਚ ਸੁਧਾਰ ਨਾ ਹੋਣ ਦਾ ਦੋਸ਼ ਲਾਇਆ ਜਾ ਰਿਹਾ ਹੈ, ਜਿਸ ਦਾ ਜਵਾਬ ਦੇਣ ਲਈ ਕੈਪਟਨ ਵਲੋਂ ਹਾਲ ਹੀ 'ਚ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਆਪਣੀਆਂ ਪ੍ਰਾਪਤੀਆਂ ਗਿਣਾਈਆਂ ਹਨ।

ਮੋਦੀ ਦੇ ਨਾਂ ਦੇ ਸਾਹਮਣੇ ਖੁਦ ਨੂੰ ਅੱਗੇ ਕਰਨਗੇ ਚੀਫ ਮਨਿਸਟਰ
ਕੈਪਟਨ ਨੇ ਮੋਦੀ ਦੇ ਨਾਂ ਦੇ ਸਾਹਮਣੇ ਰਾਹੁਲ ਗਾਂਧੀ ਦੀ ਬਜਾਏ ਖੁਦ ਨੂੰ ਅੱਗੇ ਕਰਨ ਦੀ ਰਣਨੀਤੀ ਬਣਾਈ ਹੈ, ਜਿਸ ਨੂੰ ਲੈ ਕੇ ਕੈਪਟਨ ਨੇ ਹਾਈਕਮਾਨ ਨੂੰ ਸਾਫ ਕਰ ਦਿੱਤਾ ਹੈ ਕਿ ਪੰਜਾਬ 'ਚ ਜਿੱਤ ਜਾਂ ਹਾਰ ਲਈ ਰਾਹੁਲ ਕਾਰਨ ਉਨ੍ਹਾਂ ਦਾ ਮਾਣ ਵੀ ਦਾਅ 'ਤੇ ਲੱਗਾ ਹੋਇਆ ਹੈ।

Anuradha

This news is Content Editor Anuradha