ਇਹ ਹਾਲਾਤ ਰਹੇ ਤਾਂ ਕਿਵੇਂ ਸ਼ੁੱਧ ਹੋਵੇਗਾ ਵਾਤਾਵਰਣ?

06/09/2018 5:01:45 AM

ਲੁਧਿਆਣਾ(ਮੁਕੇਸ਼)-ਸ਼ਹਿਰ ਵਿਖੇ ਥਾਂ-ਥਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਤੋਂ ਇਲਾਵਾ ਕੂੜੇ ਦੇ ਢੇਰਾਂ ਨੂੰ ਅੱਗ ਲਾਏ ਜਾਣਾ ਆਦਿ ਨੇ ਵਿਸ਼ਵ ਵਾਤਾਵਰਣ ਦਿਵਸ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਹੋ ਹਾਲਾਤ ਰਹੇ ਤਾਂ ਕਿਵੇਂ ਸੁਧਰੇਗਾ ਵਾਤਾਵਰਣ, ਜੋ ਕਿ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ, ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਮੌਕੇ 'ਤੰਦਰੁਸਤ ਪੰਜਾਬ' ਮਿਸ਼ਨ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਸ਼ਹਿਰ ਵਿਚ ਥਾਂ-ਥਾਂ ਸ਼ਰੇਆਮ ਖੁੱਲ੍ਹੇ 'ਚ ਸੜਕਾਂ ਉੱਪਰ ਜਾਂ ਗ੍ਰੀਨ ਫੀਲਡ ਵਿਖੇ ਲੱਗੇ ਕੂੜੇ, ਗੰਦਗੀ, ਮਲਬੇ ਦੇ ਢੇਰ ਬੀਮਾਰੀਆਂ ਫੈਲਾਅ ਰਹੇ ਹਨ। ਇਸੇ ਤਰ੍ਹਾਂ ਹੀ ਖਾਲੀ ਪਲਾਟ, ਪਾਰਕਾਂ ਵਿਚ ਲੱਗੇ ਕੂੜੇ ਦੇ ਢੇਰ, ਮਾਫੀਆ ਲੋਕਾਂ ਪਾਸੋਂ ਫੈਕਟਰੀਆਂ 'ਚੋਂ ਨਿਕਲਣ ਵਾਲੀ ਤੇਜ਼ਾਬੀ ਗਾਰ, ਵੇਸਟ, ਜ਼ਹਿਰੀਲੀ ਸੁਆਹ ਨੂੰ ਬੁੱਢੇ ਨਾਲੇ, ਪਾਰਕਾਂ ਜਾਂ ਗ੍ਰੀਨ ਫੀਲਡ ਵਿਖੇ ਸੁੱਟਣ ਨਾਲ ਵਾਤਾਵਰਣ 'ਚ ਜ਼ਹਿਰ ਘੁਲ ਰਿਹਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਸਰਕਾਰੀ ਅਫ਼ਸਰਾਂ, ਮੁਲਾਜ਼ਮਾਂ ਨੂੰ ਸਰਕਾਰੀ ਦਫਤਰਾਂ ਦੇ ਬਾਹਰ ਸਾਫ-ਸਫਾਈ ਕਰਦੇ ਦੇਖਿਆ ਗਿਆ ਪਰ ਦਫਤਰਾਂ ਤੋਂ ਕੁੱਝ ਦੂਰੀ 'ਤੇ ਲੱਗੇ ਕੂੜੇ-ਗੰਦਗੀ ਦੇ ਢੇਰ ਤੇ ਕੂੜੇ ਦੇ ਢੇਰਾਂ ਨੂੰ ਅੱਗ ਲਾਈ ਹੋਈ ਸੀ।