17 ਮਿੰਟਾਂ ''ਚ ਨਿੱਬੜਿਆ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ

11/28/2017 6:51:36 AM

ਚੰਡੀਗੜ੍ਹ(ਭੁੱਲਰ)-15ਵੀਂ ਪੰਜਾਬ ਵਿਧਾਨ ਸਭਾ ਦਾ ਤੀਜਾ ਸੈਸ਼ਨ ਅੱਜ ਬਾਅਦ ਦੁਪਹਿਰ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਹੋਇਆ। ਸ਼ੋਕ ਪ੍ਰਸਤਾਵ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਪੇਸ਼ ਕੀਤਾ ਗਿਆ, ਜਿਸ 'ਤੇ ਸੰਖੇਪ 'ਚ ਵਿਚਾਰ ਰੱਖਣ ਮਗਰੋਂ 17 ਮਿੰਟਾਂ 'ਚ ਸਦਨ ਦੀ ਕਾਰਵਾਈ ਖਤਮ ਹੋ ਗਈ। ਵਿਛੜੀਆਂ ਸ਼ਖਸੀਅਤਾਂ ਨੂੰ 2 ਮਿੰਟ ਖੜ੍ਹੇ ਹੋ ਕੇ ਮੌਨ ਰੱਖਣ ਮਗਰੋਂ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਕੱਲ ਸਵੇਰ ਤਕ ਲਈ ਉਠਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਅੱਜ ਪਹਿਲੇ ਦਿਨ ਸੈਸ਼ਨ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਾਜ਼ਰ ਰਹੇ, ਜਦਕਿ ਸੁਖਬੀਰ ਬਾਦਲ ਗ਼ੈਰ-ਹਾਜ਼ਰ ਸਨ। ਹਾਲਾਂਕਿ ਬਜਟ ਸੈਸ਼ਨ 'ਚ ਸਾਬਕਾ ਮੁੱਖ ਮੰਤਰੀ ਬਾਦਲ ਨੇ ਹਿੱਸਾ ਨਹੀਂ ਲਿਆ ਸੀ, ਜਿਸ ਕਾਰਨ ਵਿਰੋਧੀ ਧਿਰ ਵਲੋਂ ਇਸ 'ਤੇ ਕਈ ਸਵਾਲ ਖੜ੍ਹੇ ਕੀਤੇ ਗਏ ਸਨ। ਅੱਜ ਜਿਨ੍ਹਾਂ ਮਰਹੂਮ ਸ਼ਖਸੀਅਤਾਂ ਨੂੰ ਸਦਨ 'ਚ ਸ਼ਰਧਾਂਜਲੀ ਦਿੱਤੀ ਗਈ, ਉਨ੍ਹਾਂ 'ਚ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕਲਿਆਣ ਦੇ ਨਾਂ ਜ਼ਿਕਰਯੋਗ ਹਨ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਉਪ-ਨੇਤਾ ਸਰਬਜੀਤ ਕੌਰ ਮਾਣੂੰਕੇ, ਅਕਾਲੀ ਦਲ ਦੇ ਲਖਬੀਰ ਸਿੰਘ ਲੋਧੀਨੰਗਲ ਤੇ ਕੁਝ ਹੋਰ ਮੈਂਬਰਾਂ ਦੇ ਸੁਝਾਅ 'ਤੇ ਸ਼ੋਕ ਮਤੇ 'ਚ ਕੁਝ ਹੋਰ ਨਾਂ ਸ਼ਾਮਲ ਕੀਤੇ ਗਏ। ਕਰਜ਼ੇ ਕਾਰਨ ਆਤਮ-ਹੱਤਿਆਵਾਂ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ, ਲੁਧਿਆਣਾ ਅਗਨੀਕਾਂਡ 'ਚ ਮਾਰੇ ਗਏ ਲੋਕਾਂ ਤੋਂ ਇਲਾਵਾ ਸੜਕ ਦੁਰਘਟਨਾਵਾਂ 'ਚ ਮਾਰੇ ਗਏ ਸਕੂਲੀ ਬੱਚਿਆਂ ਤੇ ਅਧਿਆਪਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਪੰਜਾਬ ਦੇ ਬਹਾਦਰ ਸੈਨਿਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਸਦਨ 'ਚ ਸਾਬਕਾ ਸੰਸਦ ਮੈਂਬਰ ਕੰਵਰ ਵਿਸ਼ਵਜੀਤ, ਸਾਬਕਾ ਵਿਧਾਇਕ ਬਲਵੰਤ ਸਿੰਘ, ਰਾਜਾ ਸਿੰਘ, ਬਲਬੀਰ ਸਿੰਘ, ਸੁਰਜਨ ਸਿੰਘ ਜੋਗਾ, ਰਾਜਕੁਮਾਰ, ਆਜ਼ਾਦੀ ਘੁਲਾਟੀਏ ਅਰਜੁਨ ਸਿੰਘ, ਬਸਨ ਸਿੰਘ, ਜਗਤ ਸਿੰਘ, ਬਚਨ ਸਿੰਘ, ਰਾਮ ਸਵਰੂਪ, ਬਚਨ ਕੌਰ ਤੇ ਚੰਨਣ ਸਿੰਘ ਤੋਂ ਇਲਾਵਾ ਸ਼ਹੀਦ ਬਖਤਾਵਰ ਸਿੰਘ, ਮਨਜਿੰਦਰ ਸਿੰਘ, ਮਨਦੀਪ ਸਿੰਘ ਤੇ ਇੰਸਪੈਕਟਰ ਕੰਵਲਜੀਤ ਸਿੰਘ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਕੈਪਟਨ ਪਹੁੰਚੇ 5 ਮਿੰਟ ਪਹਿਲਾਂ, ਬਾਦਲ ਪੂਰੇ ਸਮੇਂ 'ਤੇ : ਅੱਜ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ 5 ਮਿੰਟ ਪਹਿਲਾਂ ਪਹੁੰਚ ਗਏ ਸਨ, ਜਦਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੂਰੇ 2 ਵਜੇ ਹਾਜ਼ਰੀ ਲਾ ਕੇ ਸਦਨ 'ਚ ਦਾਖਲ ਹੋਏ। ਇਸ ਤੋਂ ਬਾਅਦ ਹੋਰ ਵਿਧਾਇਕ ਸਦਨ 'ਚ ਪਹੁੰਚੇ। ਸੱਤਾ ਧਿਰ ਦੇ ਜ਼ਿਆਦਾਤਰ ਕਾਂਗਰਸੀ ਵਿਧਾਇਕਾਂ ਨੇ ਸਦਨ 'ਚ ਪਹੁੰਚ ਕੇ ਕੈ. ਅਮਰਿੰਦਰ ਸਿੰਘ ਦੇ ਪੈਰਾਂ ਨੂੰ ਹੱਥ ਲਾਇਆ, ਜਦਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਿੱਧਾ ਆਪਣੀ ਸੀਟ 'ਤੇ ਜਾ ਕੇ ਬੈਠ ਗਏ। ਪਿਛਲੇ ਸੈਸ਼ਨ ਦੇ ਮੁਕਾਬਲੇ ਇਸ ਵਾਰ ਸ਼ੋਕ ਪ੍ਰਸਤਾਵ ਸਮੇਂ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਰਿਹਾ ਅਤੇ ਸਪੀਕਰ ਨੇ ਬਿਨਾਂ ਕਿਸੇ ਇਤਰਾਜ਼ ਦੇ ਮੈਂਬਰਾਂ ਦੇ ਸੁਝਾਵਾਂ 'ਤੇ ਸ਼ੋਕ ਮਤੇ 'ਚ ਹੋਰ ਨਾਂ ਸ਼ਾਮਲ ਕਰ ਲਏ।