ਕੈਪਟਨ ਅਮਰਿੰਦਰ ਵੱਲੋਂ ਅਗਲੀ ਸਿਆਸੀ ਪਾਰੀ ਦਾ ਫੈਸਲਾ ਸ਼ਲਾਘਾਯੋਗ: ਰਾਜਿੰਦਰ ਬੇਰੀ

11/20/2017 11:32:37 AM

ਜਲੰਧਰ (ਚੋਪੜਾ)— ਸੈਂਟਰਲ ਵਿਧਾਨਸਭਾ ਹਲਕੇ ਦੇ ਵਿਧਾਇਕ ਰਾਜਿੰਦਰ ਸਿੰਘ ਬੇਰੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਵੀ ਪੰਜਾਬ ਦੇ ਹਿੱਤਾਂ ਨੂੰ ਦੇਖਦਿਆਂ ਮੁੱਖ ਮੰਤਰੀ ਬਣਨ ਦਾ ਫੈਸਲਾ ਲੈਣਾ ਇਕ ਪ੍ਰਸ਼ੰਸਾਯੋਗ ਕਦਮ ਹੈ। ਵਿਧਾਇਕ ਬੇਰੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਨੇ 2002 ਅਤੇ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਨੂੰ ਵਿਕਾਸ ਦੀ ਰਾਹ ਵੱਲ ਤੋਰਦਿਆਂ ਪੰਜਾਬ ਦਾ ਸਰਬਪੱਖੀ ਵਿਕਾਸ ਕਰਵਾਇਆ ਸੀ। ਜਦੋਂ ਕਿ 2007 ਤੋਂ 2017 ਤੱਕ ਪੰਜਾਬ ਵਿਚ ਅਕਾਲੀ-ਭਾਜਪਾ ਦੀ ਸਰਕਾਰ ਨੇ ਸ਼ਰੇਆਮ ਪੰਜਾਬ ਵਾਸੀਆਂ ਨੂੰ ਰੱਜ ਕੇ ਲੁੱਟਿਆ ਤੇ ਸੂਬੇ ਵਿਚ ਅਰਾਜਕਤਾ ਦਾ ਮਾਹੌਲ ਬਣਾ ਦਿੱਤਾ। 
ਬੇਰੀ ਨੇ ਦੱਸਿਆ ਕਿ 2017 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਵਿਕਾਸ ਦੀ ਗੱਡੀ ਨੂੰ ਦੁਬਾਰਾ ਪੱਟੜੀ 'ਤੇ ਲੈ ਕੇ ਆਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਪਕੋਕਾ ਲਗਾਉਣ ਜਾ ਰਹੀ ਹੈ ਉਸ ਨਾਲ ਕ੍ਰਾਈਮ ਦਾ ਗ੍ਰਾਫ ਡਿੱਗੇਗਾ। ਪੰਜਾਬ ਵਿਚ ਨਸ਼ਿਆਂ ਦਾ ਜੋ ਛੇਵਾਂ ਦਰਿਆ ਵਹਿ ਰਿਹਾ ਸੀ ਉਸ ਨੂੰ ਰੋਕਣ ਵਿਚ ਕਾਫੀ ਹੱਦ ਤੱਕ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 8 ਮਹੀਨੇ ਦੇ ਘੱਟ ਸਮੇਂ ਵਿਚ ਹੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅਤੇ ਪੰਜਾਬੀਅਤ ਦੇ ਹਿੱਤ ਵਿਚ ਇਤਿਹਾਸਕ ਫੈਸਲੇ ਲਏ ਹਨ। ਵਿਧਾਇਕ ਬੇਰੀ ਨੇ ਕਿਹਾ ਕਿ ਸੂਬੇ ਦੇ ਸੁਨਹਿਰੇ ਭਵਿੱਖ ਲਈ ਅਗਲੀ ਸਿਆਸੀ ਪਾਰੀ ਖੇਡਣ ਦਾ ਕੈਪਟਨ ਅਮਰਿੰਦਰ ਦਾ ਫੈਸਲਾ ਬੇਹੱਦ ਸ਼ਲਾਘਾਯੋਗ ਹੈ ਅਤੇ ਸੂਬੇ ਨੂੰ ਕੈਪਟਨ ਅਮਰਿੰਦਰ ਵਰਗੇ ਆਗੂ ਦੀ ਅਗਵਾਈ ਦੀ ਬੇਹੱਦ ਲੋੜ ਹੈ।