ਘੁਬਾਇਆ ਨਾਲ ਨਾਮਜ਼ਦਗੀ ਪੱਤਰ ਭਰਨ ਨਹੀਂ ਜਾਣਗੇ ਕੈਪਟਨ!

04/23/2019 3:30:46 PM

ਚੰਡੀਗੜ੍ਹ : ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਪ੍ਰੋਗਰਾਮ ਤੈਅ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ 2 ਉਮੀਦਵਾਰਾਂ ਦੇ ਨਾਮਜ਼ਦਗੀ 'ਚ ਹਿੱਸਾ ਲੈਣਗੇ ਪਰ ਇਸ 'ਚ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਦਾ ਕੋਈ ਜ਼ਿਕਰ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਕਾਂਗਰਸ 'ਚ ਸ਼ਾਮਲ ਹੋਏ ਘੁਬਾਇਆ ਨੂੰ ਫਿਰੋਜ਼ਪੁਰ ਤੋਂ ਟਿਕਟ ਮਿਲਣ ਤੋਂ ਕੈਪਟਨ ਖੁਸ਼ ਨਹੀਂ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਕੈਬਿਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਇੱਥੋਂ ਟਿਕਟ ਮਿਲੇ। ਸੂਤਰਾਂ ਅਨੁਸਾਰ ਸੀ. ਐੱਮ. 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਪਾਰਟੀ ਹਾਈਕਮਾਨ 'ਤੇ ਘੁਬਾਇਆ ਦੀ ਟਿਕਟ 'ਤੇ ਫਿਰ ਤੋਂ ਵਿਚਾਰ ਕਰਨ ਲਈ ਦਬਾਅ ਬਣਾਉਣ। ਪਿਛਲੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਫਿਰੋਜ਼ਪੁਰ ਤੋਂ ਜੈਤੂ ਘੁਬਾਇਆ ਪਿਛਲੇ ਮਹੀਨੇ ਕਾਂਗਰਸ 'ਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਟਿਕਟ ਮਿਲਣ ਤੋਂ ਹਲਕੇ ਦੇ ਕਈ ਨੇਤਾ ਨਾਰਾਜ਼ ਦੱਸੇ ਜਾ ਰਹੇ ਹਨ। ਪਹਿਲੇ ਖਬਰ ਸੀ ਕਿ ਸੀ. ਐੱਮ. ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਮੌਕੇ ਮੌਜੂਦ ਰਹਿਣਗੇ ਪਰ ਹੁਣ ਅਜਿਹਾ ਨਹੀਂ ਹੈ। 

ਇਨ੍ਹਾਂ ਦੇ ਨਾਮਜ਼ਦਗੀ ਮੌਕੇ ਜਾਣਗੇ ਕੈਪਟਨ :
23 ਅਪ੍ਰੈਲ : ਅੰਮ੍ਰਿਤਸਰ 'ਚ ਗੁਰਜੀਤ ਸਿੰਘ ਔਜਲਾ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ।
24 ਅਪ੍ਰੈਲ : ਸੰਗਰੂਰ ਤੋਂ ਕੇਵਲ ਢਿੱਲੋ ਅਤੇ ਫਰੀਦਕੋਟ 'ਚ ਮੁਹੰਮਦ ਸਦੀਕ।
25 ਅਪ੍ਰੈਲ : ਫਤਿਹਗੜ੍ਹ ਸਾਹਿਬ 'ਚ ਅਮਰ ਸਿੰਘ ਅਤੇ ਲੁਧਿਆਣਾ 'ਚ ਰਵਨੀਤ ਬਿੱਟੂ।
26 ਅਪ੍ਰੈਲ : ਪਟਿਆਲਾ 'ਚ ਪਰਨੀਤ ਕੌਰ ਅਤੇ ਗੁਰਦਾਸਪੁਰ 'ਚ ਸੁਨੀਲ ਜਾਖੜ।
29 ਅਪ੍ਰੈਲ :  ਸ੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾਰੀ 

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਪਹਿਲੇ ਦਿਨ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਸਮੇਤ ਪ੍ਰਦੇਸ਼ ਭਰ 'ਚ ਨੌ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰਿਆ ਸੀ।

Anuradha

This news is Content Editor Anuradha