ਮੁੱਖ ਮੰਤਰੀ ਵਲੋਂ 23 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਰੋਹਾਂ ਦੀ ਸ਼ੁਰੂਆਤ

11/10/2018 8:28:47 PM

ਚੰਡੀਗੜ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਸਮਾਰੋਹਾਂ ਦੀ 23 ਨਵੰਬਰ ਨੂੰ ਸ਼ੁਰੂਆਤ ਕਰਨਗੇ। ਪਹਿਲੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਅਨੇਕਾਂ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸਿਲਸਲੇਵਾਰ ਸਮਾਰੋਹਾਂ ਦਾ ਉਦਘਾਟਨ ਕਰਨਗੇ। ਇਕ ਸਰਕਾਰੀ ਬੁਲਾਰੇ ਮੁਤਾਬਕ ਸੁਲਤਾਨਪੁਰ ਲੋਧੀ ਤੋਂ ਇਨ੍ਹਾਂ ਸਮਾਰੋਹਾਂ ਨੂੰ ਮਨਾਉਣ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੁੱਖ ਮੰਤਰੀ 19 ਨਵੰਬਰ ਨੂੰ ਸੂਬਾਈ ਤਾਲਮੇਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਅਤੇ ਇਹ ਸਮਾਰੋਹ ਮਨਾਉਣ ਲਈ ਰੂਪ ਰੇਖਾ ਨੂੰ ਅੰਤਿਮ ਰੂਪ ਦੇਣ ਵਾਸਤੇ ਸੰਤ ਸਮਾਜ ਦੇ ਨੁਮਾਇੰਦਿਆਂ ਨੂੰ ਮਿਲਣਗੇ।

ਬੁਲਾਰੇ ਅਨੁਸਾਰ ਮੁੱਖ ਮੰਤਰੀ ਇਨ੍ਹਾਂ ਸਮਾਰੋਹਾਂ ਨੂੰ ਮਨਾਉਣ ਸਬੰਧੀ ਪ੍ਰਗਤੀ 'ਤੇ ਖੁਦ ਨਿਗਰਾਨੀ ਰੱਖ ਰਹੇ ਹਨ। ਉਨ੍ਹਾਂ ਨੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਇਸ ਪ੍ਰਗਤੀ 'ਤੇ ਨਜ਼ਰ ਰੱਖਣ ਲਈ ਆਖਿਆ ਹੈ। ਸੁਲਤਾਨਪੁਰ ਲੋਧੀ ਤੋਂ ਸਾਲ ਭਰ ਚੱਲਣ ਵਾਲੇ ਸਮਾਰੋਹਾਂ ਦੀ ਰਸਮੀ ਸ਼ੁਰੂਆਤ ਦੇ ਪ੍ਰਬੰਧਾਂ ਦਾ ਸੁਰੇਸ਼ ਕੁਮਾਰ ਨੇ 23 ਅਕਤੂਬਰ ਨੂੰ ਸਥਾਨਕ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਹੋਰ ਆਗੂਆਂ ਦੇ ਨਾਲ ਜ਼ਾਇਜਾ ਲਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਵੱਖ-ਵੱਖ ਸਰਗਰਮੀਆਂ ਵਾਸਤੇ ਤਾਲਮੇਲ ਕਰਨ ਲਈ ਜਿਲ੍ਹਾ ਅਤੇ ਸੂਬਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ।