ਬਿਜਲੀ ਦਰਾਂ ''ਚ ਕੀਤਾ ਵਾਧਾ ਕੈਪਟਨ ਸਰਕਾਰ ਤੁਰੰਤ ਵਾਪਸ ਲਵੇ : ਜਥੇ. ਖੋਜੇਵਾਲ

10/25/2017 3:52:26 AM

ਕਪੂਰਥਲਾ, (ਮੱਲ੍ਹੀ)- ਪੰਜਾਬ ਸਰਕਾਰ ਦੀ ਸਹਿਮਤੀ ਨਾਲ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵਲੋਂ ਬਿਜਲੀ ਦਰਾਂ 'ਚ ਕੀਤੇ ਗਏ 9.33 ਫੀਸਦੀ ਵਾਧੇ ਨੂੰ ਜਨਤਾ ਨਾਲ ਕੀਤਾ ਗਿਆ ਕੋਝਾ ਮਜ਼ਾਕ ਦੱਸਦਿਆਂ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਕਿਹਾ ਕਿ ਕੈਪਟਨ ਸਰਕਾਰ ਚੋਣਾਂ ਮੌਕੇ ਜਨਤਾ ਨਾਲ ਕੀਤੇ ਵਾਅਦਿਆਂ ਦੇ ਉਲਟ ਐਕਸ਼ਨ ਲੈ ਰਹੀ ਹੈ ਤੇ ਬਿਜਲੀ ਦਰਾਂ 'ਚ ਕੀਤਾ ਵਾਧਾ ਕੈਪਟਨ ਸਰਕਾਰ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ, ਕਿਉਂਕਿ ਆਰਥਿਕ 
ਮੰਦਹਾਲੀ 'ਚੋਂ ਗੁਜਰ ਰਹੇ ਹਰ ਆਮ ਤੇ ਖਾਸ ਵਰਗ ਦੇ ਲੋਕ ਪਹਿਲਾਂ ਹੀ ਲੱਕ ਤੋੜਵੀਂ ਮਹਿੰਗਾਈ 'ਚ ਮਰ-ਮਰ ਕੇ ਜੀਅ ਰਹੇ ਹਨ, ਜਿਨ੍ਹਾਂ ਨੂੰ ਰਾਹਤ ਦੇਣ ਦੀ ਥਾਂ ਕੈਪਟਨ ਸਰਕਾਰ ਨੇ ਬਿਜਲੀ ਦਰਾਂ 'ਚ ਵਾਧਾ ਕਰਕੇ ਹਰੇਕ ਵਰਗ ਨੂੰ ਮਹਿੰਗਾਈ ਦੀ ਬਲਦੀ ਅੱਗ 'ਚ ਧੱਕਿਆ ਹੈ। 
ਬਲਾਕ ਸੰਮਤੀ ਕਪੂਰਥਲਾ ਦੇ ਚੇਅਰਮੈਨ ਦਲਜੀਤ ਸਿੰਘ ਬਸਰਾ ਤੇ ਸੰਮਤੀ ਮੈਂਬਰ ਦਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਉਦਯੋਗਿਕ ਸੈਕਟਰ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਨਾਲ-ਨਾਲ ਸਾਰੇ ਵਰਗਾਂ ਦੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਦੇ ਵਾਅਦੇ ਕਰ ਰਹੀ ਸੀ ਪਰ ਇਸ ਦੇ ਉਲਟ ਘਰੇਲੂ ਤੇ ਉਦਯੋਗਿਕ ਦੋਵੇਂ ਹੀ ਖੇਤਰ ਦੇ ਖਪਤਕਾਰਾਂ ਲਈ ਬਿਜਲੀ ਦਰਾਂ 'ਚ ਵਾਧਾ ਕਰਕੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਤੇ ਕੈਪਟਨ ਸਰਕਾਰ ਦੀ ਇਸ ਤਾਨਾਸ਼ਾਹੀ ਨੀਤੀ ਨੂੰ ਸ਼੍ਰੋਮਣੀ ਅਕਾਲੀ ਦਲ ਹਰਗਿਜ਼ ਸਹਿਣ ਨਹੀਂ ਕਰੇਗਾ। 
ਕੈਪਟਨ ਸਰਕਾਰ ਵਲੋਂ ਬਿਜਲੀ ਦਰਾਂ 'ਚ ਕੀਤੇ ਵਾਧੇ ਦੀ ਜ਼ੋਰਦਾਰ ਨਿੰਦਾ ਕਰਦਿਆਂ ਸੰਮਤੀ ਮੈਂਬਰ ਇੰਦਰਜੀਤ ਸਿੰਘ ਮੰਨਣ, ਸਾਬਕਾ ਸਰਪੰਚ ਰਵਿੰਦਰ ਸਿੰਘ ਸਿੱਧੂ, ਸ਼ੀਤਲ ਸਿੰਘ ਮੋਨੀ, ਨੰਬਰਦਾਰ ਬੁੱਧ ਸਿੰਘ, ਸੁਖਵਿੰਦਰ ਸਿੰਘ ਸੋਖਾ, ਗੁਰਨਾਮ ਸਿੰਘ ਗਿੱਲ, ਜਥੇ. ਰਣਜੀਤ ਸਿੰਘ ਚਾਹਲ, ਸਾਬਕਾ ਸਰਪੰਚ ਇੰਦਰ ਸਿੰਘ ਤੋਗਾਂਵਾਲ, ਸਰਪੰਚ ਹਰਦੀਪ ਸਿੰਘ ਕਾਹਲੋਂ ਆਦਿ ਨੇ ਕਿਹਾ ਕਿ ਬਿਜਲੀ ਦਰਾਂ 'ਚ ਕੀਤਾ ਵਾਧਾ ਆਮ ਜਨਤਾ ਦੇ ਸਹਿਣ ਯੋਗ ਨਹੀਂ ਹੈ, ਨੂੰ ਸਰਕਾਰ ਤੁਰੰਤ ਵਾਪਸ ਲਵੇ।