ਕੈਪਟਨ ਨੇ 12 ਲੱਖ ਨੌਕਰੀਆਂ ਪੈਦਾ ਕਰਨ ਦਾ ਜਾਰੀ ਕੀਤਾ ਡਾਟਾ

02/07/2020 11:03:46 PM

ਚੰਡੀਗੜ੍ਹ, (ਅਸ਼ਵਨੀ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੀ ਸਰਕਾਰ ਵਲੋਂ ਸੂਬੇ 'ਚ ਰੋਜ਼ਗਾਰ ਪੈਦਾ ਕਰਨ ਦੇ ਕੀਤੇ ਦਾਅਵਿਆਂ ਨੂੰ ਸਬੂਤਾਂ ਸਮੇਤ ਜਾਰੀ ਕਰਦਿਆਂ ਅਕਾਲੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਹੁਣ ਅਕਾਲੀ ਆਗੂ ਸੂਬੇ ਦੇ ਲੋਕਾਂ ਨੂੰ ਬੇਸ਼ਰਮੀ ਨਾਲ ਝੂਠ ਬੋਲ ਕੇ ਗੁੰਮਰਾਹ ਕਰਨ ਬਦਲੇ ਮੁਆਫੀ ਮੰਗਣ।

ਕੈਪਟਨ ਨੇ ਕਿਹਾ ਕਿ ਸੁਖਬੀਰ ਅਤੇ ਲੋਕਾਂ ਵਲੋਂ ਪੂਰੀ ਤਰ੍ਹਾਂ ਨਕਾਰੇ ਅਤੇ ਨਜ਼ਰਅੰਦਾਜ਼ ਕੀਤੇ ਉਸ ਦੀ ਪਾਰਟੀ ਦੇ ਸਾਥੀਆਂ ਨੂੰ ਭੋਰਾ ਪਤਾ ਨਹੀਂ ਲੱਗ ਰਿਹਾ ਕਿ ਪੰਜਾਬ 'ਚ ਕੀ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ (ਮੁੱਖ ਮੰਤਰੀ) ਵਲੋਂ ਕਹੇ ਹਰ ਸ਼ਬਦ 'ਤੇ ਪ੍ਰਤੀਕਿਰਿਆ ਦੇਣ ਲਈ ਅਕਾਲੀ ਆਗੂ ਇੰਨੇ ਉਤਾਰੂ ਤੇ ਬੜਬੋਲੇ ਰਹਿੰਦੇ ਹਨ ਕਿ ਉਹ ਅਸਲ ਤੱਥਾਂ ਨੂੰ ਦੇਖੇ ਬਿਨਾਂ ਹੀ ਆਪਣੀ ਬੇਲੋੜੀ ਤੇ ਬੇਬੁਨਿਆਦ ਬਿਆਨਬਾਜ਼ੀ ਸ਼ੁਰੂ ਕਰ ਦਿੰਦੇ ਹਨ।

ਮੁੱਖ ਮੰਤਰੀ ਨੇ ਅੰਕੜਿਆਂ ਨਾਲ ਅਸਲ ਵੇਰਵੇ ਜਾਰੀ ਕਰਦਿਆਂ ਕਿਹਾ ਕਿ ਅਸਲ 'ਚ 1 ਅਪ੍ਰੈਲ 2017 ਤੋਂ ਹੁਣ ਤੱਕ ਰੋਜ਼ਗਾਰ ਦੇ ਪੈਦਾ ਕੀਤੇ ਮੌਕਿਆਂ ਦਾ ਡਾਟਾ 11 ਲੱਖ ਤੋਂ ਵੀ ਵੱਧ ਹੈ, ਜਿਸ ਬਾਰੇ ਉਨ੍ਹਾਂ ਦਿੱਲੀ 'ਚ ਕਾਂਗਰਸੀ ਉਮੀਦਵਾਰ ਲਈ ਪ੍ਰਚਾਰ ਕਰਦਿਆਂ ਖੁਲਾਸਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਤੌਰ 'ਤੇ ਉਨ੍ਹਾਂ ਕੋਲ ਉਪਲਬਧ ਜਾਣਕਾਰੀ ਅਨੁਸਾਰ 1 ਅਪ੍ਰੈਲ 2017 ਤੋਂ 31 ਦਸੰਬਰ 2019 ਤੱਕ 57,905 ਸਰਕਾਰੀ ਨੌਕਰੀਆਂ ਪੈਦਾ ਕੀਤੀਆਂ ਗਈਆਂ, ਜਦੋਂਕਿ 3,96,775 ਪ੍ਰਾਈਵੇਟ ਤੌਰ 'ਤੇ ਪਲੇਸਮੈਂਟ ਕਰਵਾਈ ਗਈ ਅਤੇ 7,61,289 ਨੂੰ ਉਨ੍ਹਾਂ ਦੀ ਸਰਕਾਰ ਵਲੋਂ ਸਵੈ-ਰੋਜ਼ਗਾਰ ਤਹਿਤ ਮਦਦ ਮੁਹੱਈਆ ਕਰਵਾਈ ਗਈ। ਮੁੱਖ ਮੰਤਰੀ ਨੇ ਕਿਹਾ, ''ਸੁਖਬੀਰ ਅਤੇ ਉਸ ਦੇ ਸਾਥੀਆਂ ਨੂੰ ਮੈਂ ਦੱਸ ਦੇਵਾਂ ਕਿ ਉਕਤ ਕੁਲ ਵੇਰਵਿਆਂ ਦਾ ਜੋੜ 12,15,969 ਬਣਦਾ ਹੈ, ਜੋ ਕਿ ਦਿੱਲੀ ਪ੍ਰਚਾਰ ਦੌਰਾਨ ਮੇਰੇ ਵਲੋਂ ਕਹੇ 11 ਲੱਖ ਦੇ ਅੰਕੜੇ ਤੋਂ ਵੀ ਵੱਧ ਹੈ।'' ਕੈਪਟਨ ਨੇ ਕਿਹਾ ਕਿ ਇਸ ਤੋਂ ਇਲਾਵਾ 20,21,568 ਘਰਾਂ ਨੂੰ ਮਗਨਰੇਗਾ ਸਕੀਮ ਤਹਿਤ ਰੋਜ਼ਗਾਰ ਦਿੱਤਾ ਗਿਆ, ਜਿਸ ਤਹਿਤ 648.26 ਲੱਖ ਰੁਪਏ ਅਦਾ ਹੋਏ।

ਮੁੱਖ ਮੰਤਰੀ ਨੇ ਅਕਾਲੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ 10 ਸਾਲ ਦੇ ਕੁਸ਼ਾਸਨ ਦੌਰਾਨ ਨੌਜਵਾਨਾਂ ਲਈ ਪੈਦਾ ਕੀਤੇ ਰੋਜ਼ਗਾਰ ਦੇ ਅੰਕੜੇ ਵੀ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ 3 ਸਾਲ ਦੇ ਕਾਰਜਕਾਲ ਵਿਚ ਹੀ ਅਕਾਲੀਆਂ ਦੇ 10 ਸਾਲ ਵਿਚ ਕੀਤੇ ਕੰਮਾਂ ਤੋਂ ਵੱਧ ਕੰਮ ਕਰ ਦਿੱਤੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਆਪਣੇ ਕਾਰਜਕਾਲ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤੇ ਖਿਲਵਾੜ ਅਤੇ ਜ਼ਿਆਦਤੀਆਂ ਬਦਲੇ ਕੋਈ ਪਛਤਾਵਾ ਕਰਨ ਜਾਂ ਮੁਆਫੀ ਮੰਗਣ ਅਤੇ ਪਿਛਲੇ 6 ਸਾਲਾਂ ਦੌਰਾਨ ਕੇਂਦਰ ਸਰਕਾਰ 'ਚ ਸੱਤਾ ਵਿਚ ਭਾਈਵਾਲ ਹੁੰਦਿਆਂ ਪੰਜਾਬ ਦੇ ਲੋਕਾਂ ਲਈ ਕੋਈ ਫਾਇਦਾ ਕਰਵਾ ਕੇ ਆਪਣੀ ਹਾਜ਼ਰੀ ਦਰਜ ਕਰਵਾਉਣ ਦੀ ਬਜਾਏ ਅਕਾਲੀ ਆਗੂ ਤਰਸਯੋਗ ਢੰਗ ਨਾਲ ਸਿਆਸੀ ਡਰਾਮੇ ਕਰਦੇ ਆ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਕ ਵਾਰ ਫਿਰ ਸੁਖਬੀਰ ਅਤੇ ਉਸ ਦੇ ਸਾਥੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਅਸਲ ਹਾਲਾਤ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਅਤੇ ਲੋਕਾਂ ਦੀਆਂ ਇੱਛਾਵਾਂ ਅਤੇ ਲੋੜਾਂ ਤੋਂ ਪੂਰੀ ਤਰ੍ਹਾਂ ਅਣਭਿੱਜ ਹਨ। ਇਨ੍ਹਾਂ ਗਲਤੀਆਂ ਦਾ ਖਮਿਆਜ਼ਾ ਅਕਾਲੀ ਦਲ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਭੁਗਤਣਾ ਪਿਆ ਸੀ ਅਤੇ ਆਉਂਦੇ ਸਾਲਾਂ ਵਿਚ ਹੋਰ ਵੀ ਭੁਗਤਣਾ ਪਵੇਗਾ।

ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਕਾਲੀ ਅਜਿਹੇ ਬੇਬੁਨਿਆਦ ਅਤੇ ਤੱਥ ਰਹਿਤ ਝੂਠ ਵਾਲੇ ਬਿਆਨ ਦੇਣ ਦੀ ਬਜਾਏ ਉਸਾਰੂ ਆਲੋਚਨਾ ਕਰਨ ਕਿਉਂਕਿ ਕਾਂਗਰਸ ਦੀ ਸਰਕਾਰ ਸੂਬੇ ਦੀ ਗੁਆਚੀ ਹੋਈ ਸ਼ਾਨ ਬਹਾਲ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ।

KamalJeet Singh

This news is Content Editor KamalJeet Singh