ਤਬਾਦਲਿਆਂ ''ਚ ਸਾਰਿਆਂ ਨੂੰ ਮਿਲਣਗੇ ਬਰਾਬਰ ਮੌਕੇ : ਸੋਨੀ

01/03/2019 1:16:22 PM

ਜਲੰਧਰ/ਚੰਡੀਗੜ੍ਹ, (ਧਵਨ, ਅਸ਼ਵਨੀ)— ਕੁਝ ਅਧਿਆਪਕਾਂ ਦੇ ਤਬਾਦਲਿਆਂ ਵਿਚ ਹੋਰ ਜ਼ਿਆਦਾ ਪਾਰਦਰਸ਼ਿਤਾ ਲਿਆਉਣ ਦੇ ਉਦੇਸ਼ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਤਬਾਦਲਾ ਨੀਤੀ 'ਤੇ ਅੱਜ ਆਪਣੀ ਮੋਹਰ ਲਾ ਦਿੱਤੀ। ਪੰਜਾਬ ਦੇ  ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਇਸ ਨੂੰ ਲੈ ਕੇ ਕ੍ਰਾਂਤੀਕਾਰੀ ਕਦਮ ਦੱਸਦਿਆਂ ਕਿਹਾ ਕਿ ਇਸ ਨਾਲ ਸਾਰੇ ਅਧਿਆਪਕਾਂ ਨੂੰ ਤਬਾਦਲਿਆਂ ਵਿਚ ਬਰਾਬਰ ਮੌਕੇ ਮਿਲ ਸਕਣਗੇ। ਸੋਨੀ ਨੇ ਕਿਹਾ ਕਿ ਨਵੀਂ ਤਬਾਦਲਾ ਨੀਤੀ ਕਾਰਨ ਸਰਕਾਰ 'ਤੇ ਦਬਾਅ ਘਟੇਗਾ ਅਤੇ ਅਧਿਆਪਕ ਹੁਣ ਆਨਲਾਈਨ ਅਪਲਾਈ ਕਰ ਕੇ ਅਗਲੇ ਸਿੱਖਿਆ ਸੈਸ਼ਨ ਤੋਂ ਆਪਣੇ ਤਬਾਦਲਿਆਂ ਦੀ ਮੰਗ ਸਰਕਾਰ ਸਾਹਮਣੇ ਰੱਖ ਸਕਣਗੇ।

ਸਰਕਾਰ ਨੇ 1 ਅਪ੍ਰੈਲ 2019 ਤੋਂ ਨਵੀਂ ਤਬਾਦਲਾ ਨੀਤੀ ਨੂੰ ਸਿੱਖਿਅਕ ਪੱਧਰ 2019-20 ਤੋਂ ਲਾਗੂ ਕਰਨ ਦਾ ਫੈਸਲਾ ਲਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵਿਭਾਗਾਂ ਨੂੰ ਕਾਰਗੁਜ਼ਾਰੀ ਦੇ ਆਧਾਰ 'ਤੇ ਕਰਮਚਾਰੀਆਂ ਦੇ ਤਬਾਦਲਿਆਂ ਦੀ ਸਮੀਖਿਆ ਕਰਨ ਦੀ ਨੀਤੀ ਲਿਆਉਣ ਲਈ ਕਿਹਾ ਹੈ।

ਨਵੀਂ ਤਬਾਦਲਾ ਨੀਤੀ ਸਾਰੀਆਂ ਟੀਚਿੰਗ ਕੇਡਰ ਪੋਸਟਾਂ ਜਿਵੇਂ ਈ. ਟੀ. ਪੀ., ਐੱਚ. ਟੀ., ਸੀ. ਐੱਚ. ਟੀ., ਮਾਸਟਰ, ਸੀ. ਐਂਡ ਬੀ. ਲੈਕਚਰਾਰ, ਵੋਕੇਸ਼ਨਲ ਮਾਸਟਰਜ਼, ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ 'ਤੇ ਲਾਗੂ ਹੋਵੇਗੀ। ਇਹ ਨੀਤੀ ਉਨ੍ਹਾਂ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਵੇਗੀ, ਜੋ ਰਿਟਾਇਰਮੈਂਟ ਤੋਂ ਬਾਅਦ ਐਕਸਟੈਂਸ਼ਨ 'ਤੇ ਚੱਲ ਰਹੇ ਹਨ। ਇਸ ਨੀਤੀ ਦੇ ਤਹਿਤ ਮਨਿਸਟਰੀਅਲ ਕੇਡਰ, ਬਲਾਕ ਅਧਿਕਾਰੀਆਂ, ਜ਼ਿਲਾ ਅਧਿਕਾਰੀਆਂ, ਪ੍ਰਿੰਸੀਪਲ ਡਾਈਟਸ 'ਤੇ ਲਾਗੂ ਨਹੀਂ ਹੋਵੇਗੀ।

ਹੁਣ ਇਹ ਸ਼ਰਤ ਘਟਾ ਦਿੱਤੀ ਗਈ ਕਿ ਅਧਿਆਪਕਾਂ ਦੀ 7 ਸਾਲ ਦੀ ਸੇਵਾ ਪੂਰੀ ਕਰਨ 'ਤੇ ਹੀ ਤਬਾਦਲਾ ਕੀਤਾ ਜਾਵੇਗਾ। ਇਸੇ ਤਰ੍ਹਾਂ ਇਕ ਖਾਸ ਸਟੇਸ਼ਨ 'ਤੇ ਅਧਿਆਪਕਾਂ ਦੀ ਘੱਟੋ-ਘੱਟ 3 ਸਾਲ ਦੀ ਤਾਇਨਾਤੀ ਦੀ ਸ਼ਰਤ ਨੂੰ ਨਰਮ ਕਰਦਿਆਂ ਹੁਣ ਇਕ ਸਾਲ ਕਰ ਦਿੱਤਾ ਗਿਆ ਹੈ ਪਰ ਨਵੇਂ ਨਿਯੁਕਤ ਅਧਿਆਪਕਾਂ ਲਈ ਇਕ ਹੀ ਸਟੇਸ਼ਨ 'ਤੇ 3 ਸਾਲ ਦੀ ਤਾਇਨਾਤੀ ਦੀ ਸ਼ਰਤ ਕਾਇਮ ਰਹੇਗੀ। ਇਸੇ ਤਰ੍ਹਾਂ ਨਵੀਆਂ ਵਿਆਹੀਆਂ ਮਹਿਲਾ ਅਧਿਆਪਕਾਵਾਂ ਨੂੰ 3 ਸਾਲਾਂ ਵਿਚ ਇਕ ਵਾਰ ਤਬਾਦਲੇ ਦੀ ਛੋਟ ਦਿੱਤੀ ਗਈ ਹੈ।

ਕੈਂਸਰ ਰੋਗੀਆਂ, ਡਾਇਲਸਿਜ਼ ਵਾਲੇ ਰੋਗੀਆਂ ਅਤੇ 60 ਫੀਸਦੀ ਤੋਂ ਜ਼ਿਆਦਾ ਹੈਂਡੀਕੈਪਡ, ਹੈਪੇਟਾਈਟਸ ਬੀ ਅਤੇ ਸੀ, ਖੂਨ ਦੀ ਕਮੀ ਵਾਲੇ, ਥੈਲੇਸੀਮੀਆ ਰੋਗ ਤੋਂ ਪੀੜਤ, ਤਲਾਕਸ਼ੁਦਾ ਜਾਂ ਜਿਨ੍ਹਾਂ ਦੇ ਬੱਚੇ ਮਾਨਸਿਕ ਤੌਰ 'ਤੇ ਕਮਜ਼ੋਰ ਹੋਣ, ਜੰਗੀ ਵਿਧਵਾਵਾਂ, ਸ਼ਹੀਦਾਂ ਦੀਆਂ ਵਿਧਵਾਵਾਂ ਅਤੇ ਪਤੀ ਦੀ ਮੌਤ ਤੋਂ ਬਾਅਦ ਸੰਬੰਧਤ ਅਧਿਆਪਕਾਂ ਨੂੰ ਤੁਰੰਤ ਨਵੇਂ ਸਥਾਨ 'ਤੇ ਬਦਲਣ ਦਾ ਫੈਸਲਾ ਲਿਆ ਗਿਆ ਹੈ।
ਇਸੇ ਤਰ੍ਹਾਂ ਜਿਨ੍ਹਾਂ ਫੌਜੀਆਂ ਦੀ ਤਾਇਨਾਤੀ ਦੁਰਗਮ ਖੇਤਰਾਂ ਵਿਚ ਹੈ, ਦੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਵੀ ਸਮੇਂ ਸਾਲ ਵਿਚ ਤਬਾਦਲਾ ਕਰਵਾਉਣ ਦਾ ਅਧਿਕਾਰ ਰਹੇਗਾ। ਵਿਭਾਗ ਅਜਿਹੇ ਕੇਸਾਂ ਵਿਚ ਮੈਰਿਟ 'ਤੇ ਫੈਸਲਾ ਲਵੇਗਾ। ਇਸੇ ਤਰ੍ਹਾਂ ਸਕੂਲਾਂ ਵਿਚ ਚੰਗੇ ਨਤੀਜੇ ਨਾ ਦੇਣ ਵਾਲੇ ਅਧਿਆਪਕਾਂ ਦੇ ਤਬਾਦਲੇ ਸਰਕਾਰ ਪ੍ਰਸ਼ਾਸਨਿਕ ਆਧਾਰ 'ਤੇ ਕਿਸੇ ਵੀ ਸਮੇਂ ਕਰ ਸਕੇਗੀ। ਤਬਾਦਲਿਆਂ ਦੇ ਦੋ ਰਾਊਂਡ ਹੋਣਗੇ।

ਪਹਿਲੇ ਰਾਊਂਡ ਤੋਂ ਬਾਅਦ ਯੋਗ ਅਧਿਆਪਕਾਂ ਨੂੰ ਖਾਲੀ ਹੋਣ ਵਾਲੀਆਂ ਥਾਵਾਂ 'ਤੇ ਤਬਾਦਲੇ ਲਈ ਬੇਨਤੀ ਕਰਨ ਦਾ ਅਧਿਕਾਰ ਹੋਵੇਗਾ। ਅਧਿਆਪਕ ਨੂੰ ਕੋਈ ਵੀ ਬਾਹਰੀ ਦਬਾਅ ਪੁਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਅਜਿਹੇ ਅਧਿਆਪਕਾਂ ਦੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਸੇਵਾ ਨਿਯਮਾਂ, ਕਰਮਚਾਰੀ ਆਚਰਨ ਨਿਯਮਾਂ ਅਨੁਸਾਰ ਸੰਬੰਧਤ ਅਧਿਆਪਕ ਖਿਲਾਫ ਕਾਰਵਾਈ ਸ਼ੁਰੂ ਕੀਤੀ ਜਾ ਸਕੇਗੀ ਤੇ ਨਾਲ ਹੀ ਉਸ ਦੇ ਸਰਵਿਸ ਰਿਕਾਰਡ ਵਿਚ ਵੀ ਇਸ ਗੱਲ ਨੂੰ ਦਰਜ ਕੀਤਾ ਜਾਵੇਗਾ। ਸਰਕਾਰ ਨੇ ਤਬਾਦਲਿਆਂ ਨੂੰ ਲੈ ਕੇ ਅੰਕ ਪ੍ਰਣਾਲੀ ਵੀ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਨਵੀਂ ਨੀਤੀ ਅਨੁਸਾਰ ਜ਼ਿਲਾ ਮੁੱਖ ਦਫਤਰ ਦੇ ਤਹਿਤ ਆਉਂਦੇ ਮਿਊਂਸੀਪਲ ਏਰੀਏ ਵਿਚ ਤਬਾਦਲੇ ਦੀ ਮੰਗ ਕਰਨ ਵਾਲਿਆਂ ਨੂੰ 20 ਅੰਕ ਦਿੱਤੇ ਜਾਣਗੇ। ਇਸ ਵਿਚ ਕਈ ਪੈਰਾਮੀਟਰ ਸਰਕਾਰ ਨੇ ਤੈਅ ਕੀਤੇ ਹਨ।

Shyna

This news is Content Editor Shyna