ਕੂਟਨੀਤਕ ਹੱਲ ਨਹੀਂ ਨਿਕਲਿਆ ਤਾਂ ਚੀਨ ਨੂੰ ਕਰਾਰਾ ਜਵਾਬ ਦੇਣਾ ਵੀ ਜਾਣਦੇ ਹਾਂ : ਕੈਪਟਨ

05/30/2020 9:57:31 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦ 'ਤੇ ਵਧਦੇ ਤਣਾਅ ਦਾ ਕੂਟਨੀਤਕ ਤੌਰ ਉਤੇ ਹੱਲ  ਕੱਢਣ ਦੀ ਵਕਾਲਤ ਕਰਨ ਦੇ ਨਾਲ ਹੀ ਸ਼ਨਿਚਰਵਾਰ ਨੂੰ ਚੀਨ ਨੂੰ ਚਿਤਾਵਨੀ ਦਿੱਤੀ ਕਿ ਉਹ ਭਾਰਤੀ ਸਰਹੱਦ ਅੰਦਰ ਘੁਸਪੈਠ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਦੀ ਇਸ ਧਮਕੀ ਦੇ ਬਾਵਜੂਦ ਭਾਰਤ ਪਿੱਛੇ ਨਹੀਂ ਹਟੇਗਾ। ਮੁੱਖ ਮੰਤਰੀ ਨੇ ਚੀਨ ਨੂੰ ਭਾਰਤ ਨੂੰ ਹਲਕੇ ਵਿੱਚ ਨਾ ਲੈਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਹਾਲਾਂਕਿ ਅਸੀਂ ਯੁੱਧ ਨਹੀਂ ਚਾਹੁੰਦੇ ਪਰ ਅਸੀਂ ਚੀਨ ਦੀ ਧੱਕੇਸ਼ਾਹੀ ਨੂੰ ਵੀ ਬਰਦਾਸ਼ਤ ਨਹੀਂ ਕਰਾਂਗੇ। ਇਹ 1962 ਨਹੀਂ ਹੈ। ''ਉਨ੍ਹਾਂ ਇਕ ਗੱਲ ਸਪੱਸ਼ਟ ਕਰਦਿਆਂ ਕਿਹਾ ਕਿ ਜੇ ਚੀਨ ਨੇ ਅਜਿਹਾ ਵਤੀਰਾ ਬੰਦ ਨਾ ਕੀਤਾ ਤਾਂ ਉਸ ਨੂੰ ਇਸ ਦੀ ਭਾਰੀ ਕੀਮਤ ਭੁਗਤਣੀ ਪਵੇਗੀ।

ਆਪਣੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕੋਲਕਾਤਾ ਦੇ ਇਕ ਵਸਨੀਕ ਦੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਭਾਰਤੀ ਸੈਨਾ ਕਰਾਰਾ ਜਵਾਬ ਦੇਣ ਲਈ ਪੂਰੀ ਤਰਾਂ ਤਿਆਰ ਹੈ ਅਤੇ ਚੀਨ ਨੂੰ ਕੋਈ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ।'' ਉਨ੍ਹਾਂ ਚੀਨ ਨੂੰ ਆਪਣੇ ਤਰੀਕੇ ਬਦਲਣ ਅਤੇ ਭਾਰਤ ਨਾਲ ਗੱਲਬਾਤ ਕਰ ਕੇ ਸਾਰਾ ਮਾਮਲਾ ਨਿਪਟਾਉਣ ਦੀ ਅਪੀਲ ਕਰਦਿਆਂ ਕਿਹਾ, ''ਅਸੀਂ ਕਿਸੇ ਮੁਲਕ ਖਿਲਾਫ ਲੜਾਈ ਨਹੀਂ ਚਾਹੁੰਦੇ ਅਤੇ ਸਥਿਤੀ ਵਿੱਚ ਸੁਧਾਰ ਚਾਹੁੰਦੇ ਹਨ ਪਰ ਜੇ ਉਹ ਇਸੇ ਤਰਾਂ ਵਿਵਹਾਰ ਕਰਦੇ ਰਹੇ ਤਾਂ ਸਾਡੇ ਕੋਲ ਕੋਈ ਹੋਰ ਤਰੀਕਾ ਨਹੀਂ ਬਚੇਗਾ।'' ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੀਨ ਭਾਰਤ ਨੂੰ ਸਰਹੱਦ ਦੇ ਨਾਲ ਆਪਣੀ ਸਾਈਡ ਕੋਈ ਵੀ ਇਮਾਰਤੀ ਢਾਂਚਾ ਉਸਾਰਨ ਤੋਂ ਨਹੀਂ ਰੋਕ ਸਕਦਾ। ਉਨਾਂ ਕਿਹਾ, ''ਚੀਨੀ ਲੋਕ ਸਾਡੀ ਕੋਈ ਗੱਲ ਨਹੀਂ ਸੁਣਦੇ ਜਦੋਂ ਅਸੀਂ ਅਕਸਾਈ ਚੀਨ ਵਿੱਚ ਉਨਾਂ ਵੱਲੋਂ ਸਾਡੇ ਇਲਾਕੇ ਅੰਦਰ ਸੜਕਾਂ ਬਣਾਉਣ ਉਤੇ ਇਤਰਾਜ਼ ਕਰਦੇ ਹਾਂ ਪਰ ਹੁਣ ਜਦੋਂ ਅਸੀਂ ਆਪਣੇ ਇਲਾਕੇ ਵਿੱਚ ਇਕ ਸੜਕ ਬਣਾ ਰਹੇ ਹਾਂ ਤਾਂ ਉਹ ਉਤੇਜਕ ਹੋ ਗਏ। ਮੁੱਖ ਮੰਤਰੀ ਨੇ ਪਾਕਿਸਤਾਨ ਨੂੰ ਵੀ ਸਖ਼ਤ ਚਿਤਾਵਨੀ ਦਿੱਤੀ ਜੋ ਡਰੋਨਾਂ ਦੀ ਵਰਤੋਂ ਅਤੇ ਹੋਰ ਢੰਗ-ਤਰੀਕੇ ਅਪਣਾ ਕੇ ਸਰਹੱਦ ਪਾਰੋਂ ਅਤਿਵਾਦੀਆਂ, ਹਥਿਆਰਾਂ ਅਤੇ ਨਸ਼ਿਆਂ ਨੂੰ ਧੱਕ ਕੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਗੜਬੜੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

Deepak Kumar

This news is Content Editor Deepak Kumar