ਫਗਵਾੜਾ ਹਿੰਸਾ ਮਾਮਲੇ 'ਚ ਗ੍ਰਿਫਤਾਰ ਹਿੰਦੂ ਲੀਡਰਾਂ ਦੇ ਹਥਿਆਰਾਂ ਦੇ ਲਾਇਸੈਂਸ ਰੱਦ

04/23/2018 7:45:20 PM

ਫਗਵਾੜਾ (ਹਰਜੋਤ)— ਬੀਤੀ ਸ਼ੁੱਕਰਵਾਰ ਰਾਤ ਨੂੰ ਫਗਵਾੜਾ ਵਿੱਖੇ ਦੋ ਫ਼ਿਰਕਿਆਂ 'ਚ ਹੋਈ ਹਿੰਸਕ ਝੜਪ ਨੂੰ ਭਾਵੇਂ ਅੱਜ ਇੱਕ ਹਫ਼ਤਾ ਹੋ ਚੱਲਿਆ ਹੈ ਅਤੇ ਪ੍ਰਸਾਸ਼ਨ ਸ਼ਹਿਰ 'ਚ ਆਮ ਹਾਲਾਤ ਦੇ ਦਾਅਵੇ ਵੀ ਕਰ ਰਿਹਾ ਹੈ ਪਰ ਸ਼ਹਿਰ 'ਚ ਅਜੇ ਵੀ ਦੋ ਹਜ਼ਾਰ ਤੋਂ ਵਧ ਸੁਰੱਖਿਆ ਬਲ ਮੌਜੂਦ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਹਾਲਾਂਕਿ ਲੋਕਾਂ ਨੇ ਆਪਣੀਆਂ ਦੁਕਾਨਾ ਆਮ ਵਾਂਗ ਖੋਲ੍ਹਣੀਆ ਸ਼ੁਰੂ ਕਰ ਦਿੱਤੀਆਂ ਹਨ।

ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ, ਐਸ.ਐਸ.ਪੀ. ਸੰਦੀਪ ਸ਼ਰਮਾ ਜਿੱਥੇ ਇੱਕ ਹਫ਼ਤੇ ਤੋਂ ਇੱਥੇ ਬੈਠੇ ਹਨ ਉੱਥੇ ਆਈ.ਜੀ. ਜੌਨਲ ਨੌਨਿਹਾਲ ਸਿੰਘ ਦੀ ਫਗਵਾੜਾ 'ਚ ਪੰਜਵੀਂ ਵਾਰ ਆਮਦ 'ਤੇ ਸੁਰੱਖਿਆ ਬਲਾਂ ਦਾ ਨਿਰੀਖਣ ਕਰਨ ਦੇ ਕੰਮ ਪ੍ਰਣਾਲੀ ਨਾਲ ਲੋਕ ਅਜੇ ਵੀ ਸ਼ਹਿਰ ਨੂੰ ਸ਼ਾਂਤ ਨਹੀਂ ਸਮਝ ਪਾ ਰਹੇ। ਆਈ.ਜੀ. ਨੌਨਿਹਾਲ ਸਿੰਘ ਅਤੇ ਏ.ਆਈ.ਜੀ. ਹਰਕਮਲਪ੍ਰੀਤ ਸਿੰਘ ਖੱਖ ਨੇ ਅੱਜ ਮੁੜ ਫਗਵਾੜਾ ਵਿੱਖੇ ਸ਼ਹਿਰ ਦੇ ਗੰਭੀਰ ਇਲਾਕਿਆਂ ਤੋਂ ਇਲਾਵਾ ਪੁਲਸ ਸਾਂਝ ਕੇਂਦਰ ਦਾ ਵੀ ਦੌਰਾ ਕੀਤਾ ਅਤੇ ਸਥਾਨਕ ਪੁਲਸ ਅਧਿਕਾਰੀਆਂ ਤੋਂ ਤਾਜਾ ਜਾਣਕਾਰੀ ਲਈ ਤੇ ਢੁੱਕਵੇਂ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 4 ਹਿੰਦੂ ਲੀਡਰਾਂ ਦੇ ਜਬਤ ਕੀਤੇ ਸਾਰੇ ਹਥਿਆਰਾਂ ਦੇ ਲਾਇਸੈਂਸ ਅੱਜ ਸ਼ਾਮੀ ਰੱਦ ਕਰ ਦਿੱਤੇ ਗਏ ਹਨ ਅਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਨ੍ਹਾਂ ਗ੍ਰਿਫਤਾਰ ਲੀਡਰਾਂ ਦੇ ਘਰਾਂ ਦੇ ਬਾਹਰ ਪੁਲਸ ਚੌਕਸੀ ਵੱਧਾ ਦਿੱਤੀ ਗਈ ਹੈ। ਇਸੇ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ 23 ਅਪ੍ਰੈਲ ਨੂੰ ਰਾਜ ਦੇ ਸਾਰੇ ਜ਼ਿਲਿਆਂ, ਹੈੱਡਕੁਆਟਰਾਂ 'ਤੇ ਰੋਸ ਪ੍ਰਦਰਸ਼ਨ ਕਰਨ ਲਈ ਵਰਕਰ ਨੂੰ ਪ੍ਰੇਰਿਤ ਕੀਤਾ ਹੈ ਤਾਂ ਜੋ ਦਲਿਤ ਵਿਰੋਧੀ ਸਰਕਾਰ ਨੂੰ ਦਲਿਤਾ ਦੀ ਆਵਾਜ਼ ਸੁਣਾਈ ਜਾ ਸਕੇ।