ਕਰੋੜਾਂ ਰੁਪਏ ਦੀ ਨਹਿਰੀ ਜ਼ਮੀਨ ''ਤੇ ਬਣ ਚੁੱਕੀਆਂ ਹਨ ਝੁੱਗੀਆਂ-ਝੌਂਪੜੀਆਂ

04/04/2018 1:43:23 PM

ਕਪੂਰਥਲਾ (ਭੂਸ਼ਣ)— ਡੀ. ਸੀ. ਕਪੂਰਥਲਾ ਦੇ ਹੁਕਮਾਂ 'ਤੇ ਬੀਤੇ ਦਿਨੀਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਜ਼ਿਲਾ ਪ੍ਰਸ਼ਾਸਨ ਵੱਲੋਂ ਨਾਜਾਇਜ਼ ਤੌਰ 'ਤੇ ਬਣੀਆਂ ਝੁੱਗੀਆਂ-ਝੌਂਪੜੀਆਂ ਨੂੰ ਹਟਾਉਣ ਦੀ ਕਾਰਵਾਈ ਨੇ ਜਿੱਥੇ ਸ਼ਹਿਰ ਨਿਵਾਸੀਆਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ, ਉਥੇ ਹੀ ਸ਼ਹਿਰ 'ਚ ਹੁਣ ਵੀ ਕਈ ਸਰਕਾਰੀ ਜ਼ਮੀਨਾਂ 'ਤੇ ਝੁੱਗੀਆਂ-ਝੌਂਪੜੀਆਂ ਬਣੀਆਂ ਹੋਈਆਂ ਹਨ। ਇਸੇ ਤਰ੍ਹਾਂ ਅਜੀਤ ਨਗਰ ਖੇਤਰ ਤੋਂ ਨਿਕਲਣ ਵਾਲੀ ਨਹਿਰ ਦੇ ਕੰਢੇ ਸਰਕਾਰੀ ਜ਼ਮੀਨ 'ਤੇ ਵੱਡੀ ਗਿਣਤੀ 'ਚ ਝੁੱਗੀਆਂ-ਝੌਂਪੜੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ 'ਤੇ ਲੰਬੇ ਸਮੇਂ ਤੋਂ ਸਰਕਾਰੀ ਕਾਰਵਾਈ ਨਾ ਹੋਣ ਕਾਰਨ ਇਨ੍ਹਾਂ ਝੁੱਗੀਆਂ-ਝੌਂਪੜੀਆਂ ਦਾ ਦਾਇਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਸ ਦੇ ਸਿੱਟੇ ਵਜੋਂ ਨਜ਼ਦੀਕ ਤੋਂ ਨਿਕਲਣ ਵਾਲੀ ਨਹਿਰ ਵੀ ਪੂਰੀ ਤਰ੍ਹਾਂ ਨਾਲ ਪ੍ਰਦੂਸ਼ਿਤ ਹੋ ਚੁਕੀ ਹੈ।   
ਬਾਹਰੀ ਸੂਬਿਆਂ ਤੋਂ ਆਏ ਲੋਕਾਂ ਨੇ ਨਾਜਾਇਜ਼ ਤੌਰ 'ਤੇ ਕੀਤਾ ਕਬਜ਼ਾ
ਸ਼ਹਿਰ ਦੇ ਅਜੀਤ ਨਗਰ ਖੇਤਰ ਤੋਂ ਕਾਦੂਪੁਰ ਦੇ ਵੱਲ ਜਾਣ ਵਾਲੀ ਨਹਿਰ ਦੇ ਕੰਢੇ ਬੀਤੇ ਕਈ ਸਾਲਾਂ ਤੋਂ ਸਰਕਾਰੀ ਜ਼ਮੀਨ 'ਤੇ ਇਕ ਵਿਸ਼ਾਲ ਝੌਂਪੜੀ ਬਸਤੀ ਬਣ ਚੁੱਕੀ ਹੈ, ਜਿੱਥੇ ਦੂਜੇ ਸੂਬਿਆਂ ਤੋਂ ਆਏ ਵੱਡੀ ਗਿਣਤੀ 'ਚ ਲੋਕਾਂ ਨੇ ਨਹਿਰ ਦੀ ਜ਼ਮੀਨ 'ਤੇ ਕਬਜ਼ਾ ਕਰਦੇ ਹੋਏ ਆਪਣੀਆਂ ਝੌਂਪੜੀਆਂ ਬਣਾ ਲਈਆਂ ਹਨ। ਕਦੇ ਸਾਫ-ਸੁਥਰੀ ਨਜ਼ਰ ਆਉਣ ਵਾਲੀ ਇਹ ਨਹਿਰ ਇਨ੍ਹਾਂ ਨਾਜਾਇਜ਼ ਝੁੱਗੀਆਂ-ਝੌਂਪੜੀਆਂ 'ਤੋਂ ਨਿਕਲਣ ਵਾਲੀ ਗੰਦਗੀ ਦੇ ਕਾਰਨ ਜਿੱਥੇ ਪੂਰੀ ਤਰ੍ਹਾਂ ਨਾਲ ਪ੍ਰਦੂਸ਼ਿਤ ਹੋ ਚੁੱਕੀ ਹੈ। ਉਥੇ ਹੀ ਇਨ੍ਹਾਂ ਝੁੱਗੀਆਂ-ਝੌਂਪੜੀਆਂ ਨੇ ਆਸ-ਪਾਸ ਦੇ ਖੇਤਰ ਦੀ ਸ਼ਕਲ ਸੂਰਤ ਖਰਾਬ ਕਰ ਦਿੱੱਤੀ ਹੈ। ਨਾਜਾਇਜ਼ ਝੁੱਗੀਆਂ ਬਣਾ ਕੇ ਨਹਿਰੀ ਜ਼ਮੀਨ 'ਤੇ ਕਬਜ਼ਾ ਕਰਨ ਵਾਲੇ ਲੋਕ ਜਿੱਥੇ ਬਾਹਰੀ ਸੂਬਿਆਂ ਤੋਂ ਸਬੰਧਤ ਹਨ। ਉਥੇ ਹੀ ਇਸ ਦਾ ਆਪਣੇ ਮੂਲ ਸੂਬਿਆਂ ਨਾਲ ਸਬੰਧਤ ਕੋਈ ਰਿਕਾਰਡ ਵੀ ਪ੍ਰਸ਼ਾਸਨ ਦੇ ਕੋਲ ਜਮ੍ਹਾ ਨਹੀਂ ਹੈ ।
ਪੁਲਸ ਕਰ ਚੁੱਕੀ ਹੈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ
ਦੱਸ ਦੇਈਏ ਕਿ ਸੂਬੇ 'ਚ ਝੁੱਗੀਆਂ-ਝੌਂਪੜੀਆਂ 'ਚੋਂ ਪੁਲਸ ਵੱਲੋਂ ਕੀਤੀ ਗਈ ਛਾਪਾਮਾਰੀ ਦੇ ਦੌਰਾਨ ਵੱਡੀ ਗਿਣਤੀ ਵਿਚ ਸ਼ੱਕੀ ਲੋਕਾਂ ਦੀ ਗ੍ਰਿਫਤਾਰੀ ਹੋਣ ਦੇ ਬਾਅਦ ਸੂਬੇ ਭਰ 'ਚ ਸਾਰੀਆਂ ਝੁੱਗੀਆਂ-ਝੌਂਪੜੀਆਂ ਦੀ ਸਰਚ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਉਥੇ ਹੀ ਹੁਣ ਨਹਿਰੀ ਖੇਤਰ ਵਿਚ ਬਣੀਆਂ ਇਨ੍ਹਾਂ ਝੁੱਗੀਆਂ ਦੇ ਖਿਲਾਫ ਅਜੇ ਤਕ ਕੋਈ ਪ੍ਰਸ਼ਾਸਨਕ ਕਾਰਵਾਈ ਨਾ ਹੋਣ ਨਾਲ ਕਰੋੜਾਂ ਰੁਪਏ ਦੀ ਸਰਕਾਰੀ ਨਹਿਰੀ ਜ਼ਮੀਨ ਫਿਲਹਾਲ ਨਾਜਾਇਜ਼ ਕਬਜ਼ਿਆਂ ਹੇਠ ਚੱਲ ਰਹੀ ਹੈ। 'ਜਗ ਬਾਣੀ' ਨੇ ਆਪਣੇ ਵੱਲੋਂ ਕੁਝ ਮਹੀਨੇ ਪਹਿਲਾਂ ਪ੍ਰਕਾਸ਼ਿਤ ਅੰਕ 'ਚ ਇਸ ਖੇਤਰ 'ਚ ਕੁਝ ਝੁੱਗੀਆਂ-ਝੌਂਪੜੀਆਂ ਵਿਚ ਰਹਿਣ ਵਾਲੇ ਲੋਕਾਂ ਵੱਲੋਂ ਬਿਜਲੀ ਦੀ ਕੁੰਡੀ ਪਾ ਕੇ ਚੋਰੀ ਕਰਨ ਦੀ ਵੀ ਖਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਨੂੰ ਲੈ ਕੇ ਹਰਕਤ ਵਿਚ ਆਏ ਪਾਵਰਕਾਮ ਨੇ ਇਸ ਖੇਤਰ ਵਿਚ ਕਾਰਵਾਈ ਕਰਦੇ ਹੋਏ ਨਾਜਾਇਜ਼ ਬਿਜਲੀ ਦੀਆਂ ਕੁੰਡੀਆਂ ਨੂੰ ਹਟਾ ਦਿੱਤਾ ਸੀ।  


ਨਹਿਰੀ ਵਿਭਾਗ ਨੇ ਨਹੀਂ ਕੀਤੀ ਕੋਈ ਕਾਰਵਾਈ 
ਨਹਿਰੀ ਵਿਭਾਗ ਨੇ ਆਪਣੀ ਬੇਸ਼ਕੀਮਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਆਜ਼ਾਦ ਕਰਵਾਉਣ ਲਈ ਅਜੇ ਤਕ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਹੈ, ਜਿਸ ਨਾਲ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾਇਆ ਜਾ ਸਕੇ। ਗੌਰ ਹੋਵੇ ਕਿ ਬੀਤੇ ਕਈ ਸਾਲਾਂ ਤੋਂ ਇਨ੍ਹਾਂ ਸਰਕਾਰੀ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ਿਆਂ ਦੇ ਬਾਵਜੂਦ ਵੀ ਨਹਿਰੀ ਵਿਭਾਗ ਨੇ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਹੈ, ਜਿਸ ਕਾਰਨ ਨਹਿਰੀ ਵਿਭਾਗ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲੱਗੇ ਹਨ।   
ਸਰਕਾਰੀ ਜ਼ਮੀਨਾਂ 'ਤੇ ਕੀਤੇ ਕਬਜ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਡੀ. ਸੀ.
ਇਸ ਸਬੰਧ 'ਚ ਜਦੋਂ ਡੀ. ਸੀ. ਮੁਹੰਮਦ ਤਇਅਬ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ 'ਚ ਸਰਕਾਰੀ ਜ਼ਮੀਨਾਂ 'ਤੇ ਕੀਤੇ ਕਬਜ਼ਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਸਾਰੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇਗਾ।