ਨਹਿਰ ''ਚ ਡੁੱਬੀ 17 ਸਾਲਾ ਲੜਕੀ, ਸਮਾਜ ਸੇਵੀਆਂ ਨੇ ਪਾਣੀ ਨਾ ਮਿਲਣ ਦਾ ਕਾਰਨ ਦੱਸ ਕੇ ਚੁੱਕਿਆ ਮੁੱਦਾ

08/17/2017 5:59:18 PM

ਰੂਪਨਗਰ (ਕੈਲਾਸ਼) - ਨਹਿਰ 'ਚ ਅੱਜ ਸਵੇਰੇ 8.30 ਵਜੇ ਕੱਪੜੇ ਧੋਣ ਗਈ ਇੱਕ 17 ਸਾਲਾ ਲੜਕੀ ਦਾ ਪੈਰ ਫਿਸਲਣ ਕਾਰਨ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਮ ਸਿੰਘ ਲੜਕੀ ਦੇ ਨਾਨਾ ਅਤੇ ਦਲਿਤ ਬਸਤੀ ਦੇ ਮੁਖੀ ਨੇ ਦੱਸਿਆ ਕਿ ਉਸਦੀ ਦੋਹਤੀ ਜੋਤੀ (17) ਅਤੇ ਨੈਨਾਂ (12) ਦੋਵੇਂ ਭੈਣਾਂ ਸਰਹੰਦ ਨਹਿਰ ਤੇ ਕੱਪੜੇ ਧੋਣ ਲਈ ਗਈਆਂ ਸੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਅਚਾਨਕ ਜੋਤੀ ਦਾ ਪੈਰ ਫਿਸਲ ਗਿਆ ਅਤੇ ਡੁੱਬ ਗਈ। ਲੜਕੀ ਨੂੰ ਡੁੱਬਦੇ ਦੇਖ ਨੈਨਾਂ ਨੇ ਰੌਲਾ ਪਾ ਦਿੱਤਾ ਅਤੇ ਉਕਤ ਜਾਣਕਾਰੀ ਦੇਣ ਲਈ ਉਹ ਘਰ ਦੌੜ ਆਈ, ਪਰ ਉਦੋਂ ਤੱਕ ਜੋਤੀ ਦਾ ਕੁਝ ਪਤਾ ਨਹੀਂ ਲੱਗਾ। 
ਪ੍ਰਾਪਤ ਜਾਣਕਾਰੀ ਅਨੁਸਾਰ ਪਸ਼ੂ ਹਸਪਤਾਲ ਦੇ ਨੇੜੇ ਉਕਤ ਦਲਿਤ ਬਸਤੀ ਦੇ ਨਿਵਾਸੀ ਪਿਛਲੇ 45 ਸਾਲਾਂ ਤੋਂ ਰਹਿ ਰਹੇ ਹਨ ਜਿਨਾਂ ਨੂੰ ਬੀਤੇ ਦਿਨੀ ਬਿਜਲੀ ਦੀ ਸੁਵਿਧਾ ਮਿਲੀ ਹੈ ਪਰੰਤੂ ਉਨ੍ਹਾਂ ਨੂੰ ਅੱਜ ਤੱਕ ਪਾਣੀ ਦੀ ਇੱਕ ਬੂੰਦ ਵੀ ਨਸੀਬ ਨਹੀਂ ਹੋਈ। ਜਿਸ ਕਾਰਨ ਉਨ੍ਹਾਂ ਨੇ ਪਾਣੀ ਅਤੇ ਕੱਪੜੇ ਧੋਣ ਅਤੇ ਨਹਾਉਣ ਲਈ ਨਾਲ ਲੱਗਦੀ ਸਰਹੰਦ ਨਹਿਰ ਦਾ ਹੀ ਸਹਾਰਾ ਹੈ।
ਸਮਾਜ ਸੇਵੀਆਂ ਨੇ ਚੁੱਕਿਆ ਮੁੱਦਾ
ਉਕਤ ਦਲਿਤ ਬਸਤੀ ਦੇ ਮੁਖੀ ਰਾਮ ਸਿੰਘ ਅਤੇ ਹੋਰ ਨਿਵਾਸੀਆਂ ਨੇ ਘਟਨਾ ਨੂੰ ਲੈ ਕੇ ਜਿਥੇ ਦੁੱਖ ਪ੍ਰਗਟ ਕੀਤਾ ਉਥੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਦੀਦਾਰ ਸਿੰਘ ਨੇ ਉਕਤ ਬਸਤੀ 'ਚ ਪਾਣੀ ਦੀ ਸੁਵਿਧਾ ਨਾ ਹੋਣ ਕਾਰਨ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਕੋਲ ਮੁੱਦਾ ਚੁੱਕਿਆ। ਦੀਦਾਰ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਕਤ ਲੋਕ 45 ਸਾਲਾਂ ਤੋਂ ਰਹਿ ਰਹੇ ਹਨ ਜਿਨ੍ਹਾਂ ਦੇ ਵੋਟਰ ਕਾਰਡ, ਆਧਾਰ ਕਾਰਡ ਵੀ ਬਣ ਚੁੱਕੇ ਹਨ ਪਰ ਉਨ੍ਹਾਂ ਨੂੰ ਅੱਜ ਤੱਕ ਪਾਣੀ ਦੀ ਸੁਵਿਧਾ ਨਹੀਂ ਮਿਲੀ ਅਤੇ ਉਨ੍ਹਾਂ ਨੂੰ ਮਜਬੂਰੀ 'ਚ ਨਹਾਉਣ, ਕੱਪੜੇ ਧੋਣ ਅਤੇ ਪਾਣੀ ਲਈ ਨਾਲ ਲੱਗਦੀ ਸਰਹੰਦ ਨਹਿਰ ਤੇ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਾਣੀ ਦੀ ਸੁਵਿਧਾ ਮਿਲੀ ਹੁੰਦੀ ਤਾਂ ਅੱਜ ਉਕਤ ਘਟਨਾ ਨਾ ਵਾਪਰਦੀ। ਉਨ੍ਹਾਂ ਕੌਂਸਲ ਪ੍ਰਧਾਨ ਮਾਕੜ ਨੂੰ ਅਪੀਲ ਕੀਤੀ ਕਿ ਗਰੀਬ ਲੋਕਾਂ ਦੀ ਬਸਤੀ 'ਚ ਪਾਣੀ ਦੀ ਸੁਵਿਧਾ ਮੁਫਤ ਪ੍ਰਦਾਨ ਕਰਵਾਈ ਜਾਵੇ।