ਕੈਨੇਡਾ ਜਾਣ ਵਾਲੇ ਚਾਹਵਾਨਾਂ ਲਈ ਅੰਬੈਸੀ ਦੀ ਵੱਡੀ ਚਿਤਾਵਨੀ

06/10/2019 6:15:22 PM

ਜਲੰਧਰ (ਵੈੱਬ ਡੈਸਕ) : ਕੈਨੇਡਾ ਦੇ ਕਾਲਜਾਂ ਵਿਚ ਸਿੱਖਿਆ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਠੱਗ ਟ੍ਰੈਵਲ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਕੈਨੇਡਾ ਅੰਬੈਸੀ ਨੇ ਇਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬ ਦੇ ਸਾਰੇ ਅਖਬਾਰਾਂ ਵਿਚ ਇਕ ਇਸ਼ਤਿਹਾਰ ਜਾਰੀ ਕਰਕੇ ਕੀਤੀ ਗਈ ਹੈ। ਇਹ ਇਸ਼ਤਿਹਾਰ ਤਿੰਨ ਭਾਸ਼ਾਵਾਂ ਵਿਚ ਜਾਰੀ ਕੀਤਾ ਗਿਆ ਹੈ। ਪੰਜਾਬ ਦੀਆਂ ਅਖਬਾਰਾਂ ਵਿਚ ਇਹ ਇਸ਼ਤਿਹਾਰ ਪੰਜਾਬ ਅਤੇ ਅੰਗਰੇਜ਼ੀ ਵਿਚ ਜਾਰੀ ਕੀਤਾ ਗਿਆ ਹੈ ਜਦਕਿ ਹਿੰਦੀ ਦੀਆਂ ਅਖਬਾਰਾਂ ਵਿਚ ਇਹ ਇਸ਼ਤਿਹਾਰ ਹਿੰਦੀ ਅਤੇ ਅੰਗਰੇਜ਼ੀ ਵਿਚ ਜਾਰੀ ਕੀਤਾ ਗਿਆ ਹੈ। 

ਇਸ਼ਤਿਹਾਰ ਵਿਚ ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਕੈਨੇਡਾ ਜਾਣ ਲਈ ਵੀਜ਼ਾ ਫੀਸ ਭਾਰਤੀ ਮੁਦਰਾ ਮੁਤਾਬਕ 5200 ਰੁਪਏ ਹੈ ਅਤੇ ਕਈ ਇਮੀਗ੍ਰੇਸ਼ਨ ਏਜੰਟ ਇਸ ਫੀਸ ਨਾਲੋਂ ਕਿਤੇ ਵੱਧ ਪੈਸੇ ਵਸੂਲ ਰਹੇ ਹਨ। ਲੋਕ ਆਪਣਾ ਪੈਸਾ ਬਰਬਾਦ ਨਾ ਕਰਨ ਅਤੇ ਕੈਨੇਡਾ ਸਰਕਾਰ ਦੀ ਅਧਿਕਾਰਤ ਵੈਬ ਸਾਈਟ 'ਤੇ ਜਾ ਕੇ ਇਮੀਗ੍ਰੇਸ਼ਨ ਫਾਰਮ ਡਾਊਨਲੋਡ ਕਰਕੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਸਾਰੀ ਜਾਣਕਾਰੀ ਲੈਣ। ਜਦੋਂ ਅਸੀਂ ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬ ਸਾਈਟ 'ਤੇ ਜਾਂਦੇ ਹਾਂ ਤਾਂ ਉਸ ਵੈੱਬ ਸਾਈਟ ਜ਼ਰੀਏ ਕੈਨੇਡਾ ਵਿਚ ਵੀਜ਼ੇ ਦੀ ਅਰਜ਼ੀ ਲਗਾਉਣ ਲਈ ਚਾਹਵਾਨਾਂ ਨੂੰ ਨਿਯਮ ਅਤੇ ਕਾਇਦੇ ਦੱਸੇ ਗਏ ਹਨ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਵੀਜ਼ਾ ਅਰਜ਼ੀ ਦੇ ਨਾਲ-ਨਾਲ ਕਿਹੜੇ-ਕਿਹੜੇ ਦਸਤਾਵੇਜ਼ ਅਤੇ ਕਿੰਨੇ ਫੰਡ ਹੋਣੇ ਜ਼ਰੂਰੀ ਹਨ। ਵੈੱਬ ਸਾਈਟ 'ਤੇ ਆਨਲਾਈਨ ਅਰਜ਼ੀ ਲਗਾਉਣ ਦੀ ਵਿਵਸਥਾ ਵੀ ਹੈ। ਫਿਰ ਵੀ ਵਿਦਿਆਰਥੀ ਜਾਂ ਕੈਨੇਡਾ ਜਾਣ ਦਾ ਕੋਈ ਚਾਹਵਾਨ ਇਸ ਵੈੱਬਸਾਈਟ ਰਾਹੀਂ ਵੀ ਆਪਣੀ ਅਰਜ਼ੀ ਲਗਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਆਉਣ ਵਾਲੇ ਦਿਨਾਂ ਵਿਚ ਕਾਲਜਾਂ 'ਚ ਦਾਖਲਿਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਪੰਜਾਬ ਦੇ ਹਜ਼ਾਰਾਂ ਵਿਦਿਆਰਥੀ ਕੈਨੇਡਾ ਜਾ ਕੇ ਆਪਣਾ ਸੁਨਹਿਰੀ ਭਵਿੱਖ ਦੀ ਆਸ ਵਿਚ ਟ੍ਰੈੱਵਲ ਏਜੰਟਾਂ ਦੇ ਹੱਥੀਂ ਚੜ੍ਹ ਜਾਂਦੇ ਹਨ। ਹਾਲਾਂਕਿ ਸਾਰੇ ਟ੍ਰੈਵਲ ਏਜੰਟ ਧੋਖਾਧੜੀ ਨਹੀਂ ਕਰਦੇ ਪਰ ਵੱਡੀ ਗਿਣਤੀ ਵਿਚ ਟ੍ਰੈਵਲ ਏਜੰਟ ਵਿਦਿਆਰਥੀਆਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ। ਵਿਦਿਆਰਥੀਆਂ ਨੂੰ ਇਸ ਲੁੱਟ ਤੋਂ ਬਚਾਉਣ ਲਈ ਹੀ ਕੈਨੇਡਾ ਦੀ ਅੰਬੈਸੀ ਵਲੋਂ ਇਹ ਉਰਪਾਲਾ ਕੀਤਾ ਗਿਆ ਹੈ।

Gurminder Singh

This news is Content Editor Gurminder Singh