ਕੈਬਨਿਟ ਮੰਤਰੀ ਸਿੱਧੂ ਤੇ ਵਿਧਾਇਕ ਚੀਮਾ ਦੀ ਨਾਰਾਜ਼ਗੀ ਆਈ ਸਾਹਮਣੇ

08/06/2017 12:12:46 AM

ਸੁਲਤਾਨਪੁਰ ਲੋਧੀ  (ਸੋਢੀ) – ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਅੱਜ ਪਿੰਡ ਸੀਚੇਵਾਲ ਤੋਂ ਇਲਾਵਾ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਵਿਖੇ ਪੁੱਜ ਕੇ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ, ਜਿਸ ਸਬੰਧੀ ਇਕ ਦਿਨ ਪਹਿਲਾਂ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਪੱਤਰਕਾਰਾਂ ਨੂੰ ਵੀ ਲੋਕ ਸੰਪਰਕ ਵਿਭਾਗ ਵਲੋਂ ਕਵਰੇਜ ਕਰਨ ਲਈ ਸੱਦਾ ਦਿੱਤਾ ਗਿਆ ਸੀ ਪਰ ਨਵਜੋਤ ਸਿੱਧੂ ਵਲੋਂ ਪਿੰਡ ਸੀਚੇਵਾਲ ਵਿਖੇ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਨਿਰਮਲ ਕੁਟੀਆ ਸੀਚੇਵਾਲ 'ਚ ਮੀਟਿੰਗ ਕਰਨ ਉਪਰੰਤ ਉਥੋਂ ਹੀ ਸੁਲਤਾਨਪੁਰ ਲੋਧੀ ਆਉਣ ਦਾ ਪ੍ਰੋਗਰਾਮ ਰੱਦ ਕਰਕੇ ਵਾਪਸ ਪਰਤਣ ਤੋਂ ਬਾਅਦ ਉਥੇ ਕਈ ਪ੍ਰਕਾਰ ਦੀ ਚਰਚਾ ਸ਼ੁਰੂ ਹੋ ਗਈ ਹੈ।
ਮਿੱਥੇ ਗਏ ਪ੍ਰੋਗਰਾਮ ਅਨੁਸਾਰ ਨਵਜੋਤ ਸਿੱਧੂ ਨੇ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ ਕਿਨਾਰੇ ਬਣੇ ਆਸ਼ਰਮ 'ਚ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪਵਿੱਤਰ ਨਗਰੀ ਦੇ ਵਿਕਾਸ ਕਾਰਜਾਂ ਸਬੰਧੀ ਚਰਚਾ ਕਰਨੀ ਸੀ। ਅੱਜ ਦੁਪਹਿਰ 1 ਵਜੇ ਤੋਂ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਤੇ ਕਾਂਗਰਸੀ ਵਰਕਰਾਂ ਨਾਲ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਰੈਸਟ ਹਾਊਸ 'ਚ ਸ਼ਾਮ ਸਾਢੇ 4 ਵਜੇ ਤਕ ਕੈਬਨਿਟ ਮੰਤਰੀ ਨੂੰ ਉਡੀਕਦੇ ਰਹੇ ਪਰ ਐਨ ਸਮੇਂ 'ਤੇ ਪਤਾ ਲੱਗਾ ਕਿ ਸਿੱਧੂ ਸੁਲਤਾਨਪੁਰ ਲੋਧੀ ਜਾਣ ਦਾ ਪ੍ਰੋਗਰਾਮ ਰੱਦ ਕਰਕੇ ਸੀਚੇਵਾਲ ਤੋਂ ਹੀ ਵਾਪਸ ਪਰਤ ਗਏ ਹਨ।
ਨਾਰਾਜਗੀ ਵਾਲੀ ਕੋਈ ਗੱਲ ਨਹੀਂ : ਸਿੱਧੂ
ਪਿੰਡ ਸੀਚੇਵਾਲ 'ਚ ਕੁਝ ਪੱਤਰਕਾਰਾਂ ਵਲੋਂ ਸ਼੍ਰੀ ਸਿੱਧੂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਹਾਡੇ ਨਾਲ ਕੀ ਵਿਧਾਇਕ ਨਵਤੇਜ ਸਿੰਘ ਚੀਮਾ ਨਾਰਾਜ਼ ਹਨ ਤਾਂ ਉਨ੍ਹਾਂ ਆਪਣੇ ਵਿਅੰਗਮਈ ਅੰਦਾਜ਼ 'ਚ ਉੱਤਰ ਦਿੱਤਾ ਕਿ ਛੋਟੇ ਭਰਾ ਦਾ ਹੱਕ ਹੈ, ਨਾਰਾਜ਼ ਹੋ ਸਕਦਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਹੁਣ ਛੋਟੇ ਭਰਾ ਨੂੰ ਮਨਾਉਣ ਜਾਓਗੇ ਤਾਂ ਸਿੱਧੂ ਨੇ ਕਿਹਾ ਕਿ ਨਹੀਂ, ਨਹੀਂ ਐਸੀ ਕੋਈ ਨਾਰਾਜ਼ਗੀ ਵਾਲੀ ਗੱਲ ਹੀ ਨਹੀਂ ਹੈ। ਮੈਂ ਤਾਂ ਆਇਆ ਹੀ ਉਨ੍ਹਾਂ ਕਰਕੇ ਹਾਂ ਪਰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਸਿੱਧੂ ਸੁਲਤਾਨਪੁਰ ਲੋਧੀ ਦੀ ਮੀਟਿੰਗ ਤੇ ਦੌਰਾ ਰੱਦ ਕਰਕੇ ਉਥੋਂ ਹੀ ਵਾਪਸ ਪਰਤ ਗਏ, ਜਿਸ ਕਾਰਨ ਉਨ੍ਹਾਂ ਦੇ ਸਵਾਗਤ ਲਈ ਕਈ ਘੰਟਿਆਂਬੱਧੀ ਇੰਤਜ਼ਾਰ ਕਰਦੇ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਰਕਰਾਂ ਨੂੰ ਭਾਰੀ ਨਿਰਾਸ਼ਾ ਪੱਲੇ ਪਈ।
ਮੈਨੂੰ ਪਹਿਲਾ ਕੋਈ ਸੂਚਨਾ ਨਹੀਂ ਦਿੱਤੀ ਗਈ : ਚੀਮਾ
ਇਸ ਸਬੰਧੀ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਮੈਨੂੰ ਪਹਿਲਾਂ ਕੋਈ ਇਨਫਰਮੇਸ਼ਨ ਨਹੀਂ ਸੀ ਦਿੱਤੀ ਗਈ ਤੇ ਅੱਜ ਸਵੇਰੇ ਹੀ ਮੈਨੂੰ ਸਿੱਧੂ ਸਾਹਿਬ ਦਾ ਫੋਨ ਆਇਆ ਸੀ ਕਿ ਅੱਜ ਦਾ ਸੁਲਤਾਨਪੁਰ ਲੋਧੀ ਦਾ ਪ੍ਰੋਗਰਾਮ ਹੈ। ਚੀਮਾ ਨੇ ਕਿਹਾ ਕਿ ਭਾਵੇਂ ਮੇਰੇ ਆਪਣੇ ਕਈ ਪ੍ਰੋਗਰਾਮ ਰੱਖੇ ਹੋਏ ਸਨ ਪਰ ਫਿਰ ਵੀ ਅਸੀਂ ਰੈਸਟ ਹਾਊਸ 'ਚ ਬੈਠ ਕੇ ਉਡੀਕ ਕਰਦੇ ਰਹੇ ਤੇ ਤਕਰੀਬਨ 4 : 15 ਵਜੇ ਪਤਾ ਲੱਗਾ ਕਿ ਸਿੱਧੂ ਸਾਹਿਬ ਨੇ ਸੁਲਤਾਨਪੁਰ ਲੋਧੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ।