ਰਾਣਾ ਗੁਰਜੀਤ ਦੇ ਮਗਰੋਂ ਕੈਪ. ਅਮਰਿੰਦਰ ਮੰਤਰੀ ਮੰਡਲ ''ਚੋਂ ਬਾਹਰ ਹੋਇਆ ਦੋਆਬਾ

01/19/2018 10:10:57 AM

ਜਲੰਧਰ (ਚੋਪੜਾ)-ਰੇਤ ਖੋਦਾਈ  ਮਾਮਲੇ 'ਚ ਦੋਸ਼ਾਂ ਨਾਲ ਘਿਰੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਪ੍ਰਵਾਨ ਹੋਣ ਮਗਰੋਂ ਕੈਪ. ਅਮਰਿੰਦਰ ਸਿੰਘ ਮੰਤਰੀ ਮੰਡਲ 'ਚੋਂ ਦੋਆਬਾ ਬਾਹਰ ਹੋ ਗਿਆ ਹੈ। ਰਾਣਾ ਗੁਰਜੀਤ ਦੇ ਅਸਤੀਫੇ ਮਗਰੋਂ ਹੁਣ ਦੋਆਬੇ  ਦੇ ਵਿਧਾਇਕਾਂ 'ਚ ਮੰਤਰੀ ਦਾ ਅਹੁਦਾ  ਹਾਸਲ ਕਰਨ ਦੀ ਦੌੜ ਵੀ ਸ਼ੁਰੂ ਹੋ ਗਈ ਹੈ।  ਜ਼ਿਕਰਯੋਗ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਜਦੋਂ-ਜਦੋਂ ਵੀ ਕਾਂਗਰਸ ਦੀ ਸਰਕਾਰ ਸੱਤਾ 'ਤੇ ਕਾਬਜ਼ ਹੋਈ ਹੈ, ਦੋਆਬਾ ਜ਼ੋਨ ਦੇ ਵਿਧਾਇਕਾਂ ਦੀ ਤੂਤੀ ਬੋਲਦੀ ਰਹੀ ਹੈ ਅਤੇ ਹਰੇਕ ਮੰਤਰੀ ਮੰਡਲ ਵਿਚ ਜ਼ਿਆਦਾ ਚਿਹਰੇ ਜਲੰਧਰ ਨਾਲ ਹੀ ਸਬੰਧਿਤ  ਸ਼ਾਮਲ ਕੀਤੇ ਜਾਂਦੇ ਰਹੇ ਹਨ। ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦੌਰਾਨ ਆਪਣੇ ਨਾਲ 9 ਕੈਬਨਿਟ ਮੰਤਰੀਆਂ ਨੂੰ ਸ਼ਾਮਲ ਕੀਤਾ ਸੀ। ਕਿਉਂਕਿ ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਅਤੇ ਹੁਸ਼ਿਆਰਪੁਰ ਤੋਂ ਸੁੰਦਰ ਸ਼ਾਮ ਅਰੋੜਾ ਤੇ ਸੰਗਤ ਸਿੰਘ ਗਿਲਜੀਆਂ ਹੀ ਦੂਜੀ ਵਾਰ ਵਿਧਾਇਕ ਬਣੇ ਸੀ। ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ 'ਚੋਂ ਕਾਂਗਰਸ ਨੇ 5 ਸੀਟਾਂ ਜਿੱਤੀਆਂ ਪਰ ਜਿੱਤਣ ਵਾਲੇ ਸਾਰੇ ਵਿਧਾਇਕ ਨਵੇਂ ਚਿਹਰੇ ਸਨ। ਸਿਰਫ ਕੈਂਟ ਹਲਕੇ ਤੋਂ ਪਰਗਟ ਸਿੰਘ ਦੂਜੀ ਵਾਰ ਵਿਧਾਇਕ ਬਣੇ ਪਰ ਪਹਿਲੀ ਵਾਰ ਉਹ ਅਕਾਲੀ ਦਲ  ਵਿਚ ਹੁੰਦਿਆਂ ਜਿੱਤੇ ਸਨ।
ਕੈਪ. ਅਮਰਿੰਦਰ ਨਾਲ ਚੰਗੀ ਪੈਠ ਹੋਣ ਕਾਰਨ ਸਿਰਫ ਰਾਣਾ ਗੁਰਜੀਤ ਸਿੰਘ ਹੀ ਕੈਪਟਨ ਦੀ ਕਿਚਨ ਕੈਬਨਿਟ 'ਚ ਥਾਂ ਹਾਸਲ ਕਰ ਸਕੇ ਜਦਕਿ  ਕੈਪਟਨ ਮੰਤਰੀ ਮੰਡਲ  ਵਿਚ ਥਾਂ ਹਾਸਲ ਕਰਨ ਵਾਲੇ ਵਧੇਰੇ ਵਿਧਾਇਕ ਮਾਲਵਾ ਇਲਾਕੇ ਨਾਲ ਸਬੰਧਿਤ ਹਨ। ਕੈਪ. ਅਮਰਿੰਦਰ ਨੇ 9 ਮੰਤਰੀਆਂ ਮਗਰੋਂ ਹੁਣ 8 ਮੰਤਰੀ  ਬਣਾਉਣੇ ਸੀ ਪਰ ਰਾਣਾ ਗੁਰਜੀਤ ਦੇ ਵਿਕੇਟ ਡਿੱਗਣ ਮਗਰੋਂ ਹੁਣ 9 ਨਵੇਂ ਮੰਤਰੀ ਬਣਾਏ ਜਾਣਗੇ। ਦੋਆਬਾ 'ਚ ਪੈਦਾ ਹੋਏ  ਸੁੰਨੇਪਣ ਕਾਰਨ ਇਕ ਵਾਰ ਫਿਰ ਤੋਂ ਵਿਧਾਇਕਾਂ 'ਚ ਮੰਤਰੀ ਦਾ ਅਹੁਦਾ ਹਾਸਲ ਕਰਨ ਦੀ ਦੌੜ ਸ਼ੁਰੂ ਹੋਵੇਗੀ। ਜਿਥੇ ਜਲੰਧਰ ਤੋਂ ਪਰਗਟ ਸਿੰਘ , ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ, ਜੂਨੀਅਰ ਅਵਤਾਰ ਹੈਨਰੀ, ਸੁਰਿੰਦਰ ਚੌਧਰੀ ਆਪਣੀ ਕਿਸਮਤ ਅਜਮਾਉਣ ਲਈ ਤਿਆਰ ਦਿਖਾਈ ਦੇ ਰਹੇ ਹਨ ਉਥੇ ਹੀ ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ, ਸੰਗਤ ਸਿੰਘ ਗਿਲਜੀਆਂ ਤੇ ਸ਼ਾਮ ਸੁੰਦਰ ਅਰੋੜਾ ਵੀ ਮੰਤਰੀ ਦਾ ਅਹੁਦਾ ਹਾਸਲ ਕਰਨ ਦੀ ਦੌੜ 'ਚ ਲੱਗ ਗਏ ਹਨ। ਹੁਣ ਮੰਤਰੀ ਮੰਡਲ 'ਚ ਵਾਧੇ ਦੌਰਾਨ ਦੋਆਬਾ ਜ਼ੋਨ ਦੇ ਕਿੰਨੇ ਤੇ ਕਿਹੜੇ ਵਿਧਾਇਕਾਂ ਦੀ ਲਾਟਰੀ ਨਿਕਲਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਕਾਂਗਰਸ ਸਰਕਾਰ 'ਚ ਕਦੇ ਜਲੰਧਰ ਦੀ ਬੋਲਦੀ ਰਹੀ ਹੈ ਤੂਤੀ
ਪਿਛਲੇ ਦਹਾਕਿਆਂ ਦੌਰਾਨ ਜਦੋਂ-ਜਦੋਂ ਕਾਂਗਰਸ ਦੀ ਸਰਕਾਰ ਸੱਤਾ ਵਿਚ ਆਈ ਹੈ ਜਲੰਧਰ ਜ਼ਿਲੇ ਦੇ ਵਿਧਾਇਕਾਂ ਦੀ ਹਰੇਕ ਮੰਤਰੀਮੰਡਲ ਵਿਚ ਤੂਤੀ ਬੋਲਦੀ ਰਹੀ ਹੈ। ਜਲੰਧਰ ਤੋਂ ਚੌਧਰੀ ਜਗਜੀਤ ਸਿੰਘ, ਮਹਿੰਦਰ ਸਿੰਘ ਕੇ. ਪੀ., ਅਵਤਾਰ ਹੈਨਰੀ, ਸੰਤੋਖ ਚੌਧਰੀ ਵਰਗੇ ਮਹਾਰਥੀ ਆਗੂ ਸਾਹਮਣੇ ਆਏ ਹਨ ਜਿਨ੍ਹਾਂ ਨੇ ਨਾ ਸਿਰਫ ਮੰਤਰੀ ਦਾ ਅਹੁਦਾ ਹਾਸਲ ਕੀਤਾ ਸਗੋਂ ਸੂਬੇ ਦੀ ਸਿਆਸਤ ਉੱਤੇ ਵੀ ਆਪਣੀ ਵਧੀਆ ਛਾਪ ਛੱਡੀ ਸੀ । ਚੌਧਰੀ ਜਗਜੀਤ ਸਿੰਘ ਜਿਨਾਂ ਦਾ  ਸਵਰਗਵਾਸ  ਹੋ ਚੁੱਕਾ ਹੈ, ਅਵਤਾਰ ਹੈਨਰੀ ਨੂੰ ਪਿਛਲੀਆਂ ਚੋਣਾਂ ਵਿਚ ਟਿਕਟ ਨਹੀਂ ਮਿਲੀ ਸੀ। ਮਹਿੰਦਰ ਸਿੰਘ ਕੇ.ਪੀ. ਦੇ ਲੋਕ ਸਭਾ ਚੋਣ ਹਾਰ ਜਾਣ ਮਗਰੋਂ ਉਨ੍ਹਾਂ ਨੂੰ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿਚ ਮੌਕਾ ਨਹੀਂ ਦਿੱਤਾ, ਸੰਤੋਖ ਚੌਧਰੀ ਜੋ ਕਿ ਲੋਕ ਸਭਾ ਚੋਣ ਜਿੱਤ ਕੇ ਸੰਸਦ ਮੈਂਬਰ ਬਣ ਚੁੱਕੇ ਹਨ। ਹੁਣ ਜ਼ਿਲੇ ਵਿਚ ਕੋਈ ਅਜਿਹਾ ਮਹਾਰਥੀ ਤੇ ਤਜਰਬੇਕਾਰ ਆਗੂ ਦਿਖਾਈ ਨਹੀਂ ਦੇ ਰਿਹਾ ਜੋ ਕਿ ਆਪਣੇ ਅਸਰ ਕਾਰਨ ਕੈਪ. ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿਚ ਥਾਂ ਹਾਸਲ ਕਰਨ ਦੀ ਸਮੱਰਥਾ ਰੱਖਦਾ ਹੋਵੇ ਕਿਉਂਕਿ ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਬਣਨ ਮਗਰੋਂ ਯੂਥ ਵਰਗ ਦੇ ਅੱਗੇ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਜਿਸ ਤੋਂ ਲੱਗਦਾ ਹੈ ਕਿ ਜਲੰਧਰ ਦੇ ਪਹਿਲੀ ਵਾਰ ਵਿਧਾਇਕ ਬਣੇ ਕਿਸੇ ਯੂਥ ਚਿਹਰੇ ਨੂੰ ਕੈਪਟਨ ਮੰਤਰੀ ਮੰਡਲ ਵਿਚ ਸ਼ਾਮਲ ਕਰ ਲਿਆ ਜਾਵੇ।