ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ''ਚ ਹੋਈ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ, ਲਏ ਗਏ ਵੱਡੇ ਫੈਸਲੇ

03/18/2017 7:25:10 PM

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਵਿਚ ਹੂੰਝਾ ਫੇਰ ਜਿੱਤ ਤੋਂ ਬਾਅਦ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਕੈਬਨਿਟ ਦੀ ਇਸ ਮੀਟਿੰਗ ਵਿਚ ਕੁੱਲ 318 ਮੁੱਦਿਆਂ ''ਤੇ ਚਰਚਾ ਕੀਤੀ ਗਈ। ਇਸ ਕੈਬਨਿਟ ਵਿਚ ਕਈ ਵੱਡੇ ਫੈਸਲਿਆਂ ''ਤੇ ਮੋਹਰ ਲਗਾਉਂਦੇ ਹੋਏ ਸੂਬਾ ਸਰਕਾਰ ਨੇ ਲਾਲ ਬੱਤੀ ਕਲਚਰ ਨੂੰ ਖਤਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇੰਨਾ ਹੀ ਨਹੀਂ ਮੁੱਖ ਮੰਤਰੀ ਵੀ ਲਾਲ ਬੱਤੀ ਵਾਲੀ ਗੱਡੀ ਦੀ ਵਰਤੋਂ ਨਹੀਂ ਕਰ ਸਕਣਗੇ। ਪੰਜਾਬ ਕੈਬਨਿਟ ਨੇ ਸੂਬੇ ਵਿਚ ਨਸ਼ੇ ਦੇ ਖਾਤਮੇ ਲਈ ਐੱਸ. ਟੀ. ਐਫ. ਦਾ ਗਠਨ ਕਰਦੇ ਹੋਏ 500 ਮੀਟਰ ਤੱਕ ਨੈਸ਼ਨਲ ਅਤੇ ਸਟੇਟ ਹਾਈਵੇ ''ਤੇ ਸ਼ਰਾਬ ਦੇ ਠੇਕੇ ਬੈਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਸਰਕਾਰੀ ਨੌਕਰੀਆਂ ''ਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਰੱਖਿਆ ਗਿਆ ਹੈ। ਕੈਬਨਿਟ ਵਲੋਂ ਕਿਸਾਨਾਂ ਦੇ ਕਰਜ਼ਾ ਮੁਆਫੀ ਲਈ ਸਪੈਸ਼ਲ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ। 24 ਮਾਰਚ ਤੋਂ ਪੰਜਾਬ ਵਿਧਾਨ ਸਭਾ ਦੇ ਪਹਿਲੇ ਇਜਲਾਸ ਦਾ ਐਲਾਨ ਕੀਤਾ ਗਿਆ ਹੈ। 27 ਮਾਰਚ ਨੂੰ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕੀਤੀ ਜਾਵੇਗੀ।
ਕੈਬਨਿਟ ਮੀਟਿੰਗ ਦਾ ਬਿਓਰਾ ਦਿੰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਨੇ ਕਈ ਵੱਡੇ ਫੈਸਲੇ ਲਏ ਹਨ। ਕਿਸੇ ਵੀ ਮੰਤਰੀ ਜਾਂ ਮੁੱਖ ਮੰਤਰੀ ਦਾ ਨਾਮ ਨੀਂਹ ਪੱਥਰ ''ਤੇ ਨਹੀਂ ਹੋਵੇਗਾ ਅਤੇ ਸਿਰਫ ਇਕ ਲਾਈਨ ਲਿਖੀ ਹੋਵੇਗੀ ਕਿ ਤੁਹਾਡੇ ਟੈਕਸ ਦੇ ਪੈਸਿਆਂ ਨਾਲ ਇਹ ਜਗ੍ਹਾ ਬਣਾਈ ਜਾ ਰਹੀ ਹੈ। ਪੰਜਾਬ ''ਚ ਇਕ ਨਵਾਂ ਲੋਕਪਾਲ ਬਿੱਲ ਲਿਆਂਦਾ ਜਾਵੇਗਾ। ਮੁੱਖ ਮੰਤਰੀ ਸਮੇਤ ਸਰਕਾਰ ਦਾ ਹਰ ਮੰਤਰੀ ਹਰ ਸਾਲ ਆਪਣੀ ਜਾਇਦਾਦ ਦਾ ਬਿਓਰਾ ਦੇਵੇਗਾ। ਇਸ ਤੋਂ ਪਹਿਲਾਂ ਪੰਜਾਬ ਪੁਲਸ ਦੇ ਕੰਮ ਕਰਨ ਦਾ ਸਮਾਂ ਤੈਅ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਵਿਚ ਦੋ ਨਵੇਂ ਸੈਨਿਕ ਸਕੂਲ ਖੋਲ੍ਹੇ ਜਾਣਗੇ ਸਬ ਡਿਵੀਜ਼ਨ ''ਚ 1 ਡਿਗਰੀ ਕਾਲਜ ਹੋਵੇਗਾ। ਕੈਬਨਿਟ ਮੁਤਾਬਕ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਨਹੀਂ ਕੀਤੀ ਜਾ ਸਕੇਗੀ।

 

Gurminder Singh

This news is Content Editor Gurminder Singh